ਨਿਊ ਯਾਰਕ (ਸਮਾਜ ਵੀਕਲੀ) : ਅਮਰੀਕਾ ਵਿਚ ਕਰੀਬ 5.8 ਕਰੋੜ ਲੋਕ ਹੁਣ ਤੱਕ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾ ਚੁੱਕੇ ਹਨ। ਅਗਾਊਂ ਵੋਟ ਪਾਉਣ ਦੇ ਮਾਮਲੇ ਵਿਚ ਇਹ ਅੰਕੜਾ 2016 ਨਾਲੋਂ ਵੱਧ ਚੁੱਕਾ ਹੈ। ਵੱਡੀ ਗਿਣਤੀ ਵੋਟਾਂ ਡਾਕ ਰਾਹੀਂ ਪਾਈਆਂ ਗਈਆਂ ਹਨ। ਇਸ ਕਾਰਨ ਸੰਭਾਵਨਾ ਬਣਦੀ ਜਾ ਰਹੀ ਹੈ ਕਿ ਗਿਣਤੀ ਤਿੰਨ ਨਵੰਬਰ ਤੋਂ ਅੱਗੇ ਵੱਧ ਸਕਦੀ ਹੈ। ‘ਸੀਐਨਐਨ’ ਦੀ ਇਕ ਰਿਪੋਰਟ ਮੁਤਾਬਕ 50 ਰਾਜਾਂ ਤੇ ਵਾਸ਼ਿੰਗਟਨ ਡੀਸੀ ਵਿਚਲੇ ਚੋਣ ਅਧਿਕਾਰੀਆਂ ਦੇ ਸਰਵੇਖਣ ਮੁਤਾਬਕ 5.8 ਕਰੋੜ ਤੋਂ ਵੱਧ ਲੋਕ ਵੋਟ ਪਾ ਚੁੱਕੇ ਹਨ। ਇਹ ਸਰਵੇਖਣ ਅਮਰੀਕਾ ਅਧਾਰਿਤ ਨੈੱਟਵਰਕ ‘ਐਡੀਸਨ ਰਿਸਰਚ ਐਂਡ ਕੈਟਾਲਿਸਟ’ ਨੇ ਕਰਵਾਇਆ ਹੈ। ਕਰੋਨਾਵਾਇਰਸ ਕਾਰਨ ਇਸ ਵਾਰ ਬਹੁਤੀਆਂ ਵੋਟਾਂ ਮਿੱਥੇ ਦਿਨ ਤੋਂ ਪਹਿਲਾਂ ਹੀ ਪੈ ਗਈਆਂ ਹਨ।
ਸੂਬਿਆਂ ’ਚ ਰਿਕਾਰਡ ਵੋਟ ਪੈ ਰਹੀ ਹੈ। ਅਮਰੀਕਾ ’ਚ ਕਰੀਬ 24 ਕਰੋੜ ਲੋਕ ਵੋਟਾਂ ਪਾਉਣ ਲਈ ਯੋਗ ਹਨ। ਇਕ ਹੋਰ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡਾਕ ਰਾਹੀਂ ਵੱਡੀ ਗਿਣਤੀ ਵੋਟ ਪੈਣ ਦੇ ਬਾਵਜੂਦ ਡੋਨਲਡ ਟਰੰਪ ਤੇ ਜੋਅ ਬਾਇਡਨ ਵਿਚੋਂ ਕੌਣ ਜਿੱਤੇਗਾ, ਬਾਰੇ ਚੋਣ ਵਾਲੀ ਰਾਤ ਤੱਕ ਕੁਝ ਨਹੀਂ ਕਿਹਾ ਜਾ ਸਕਦਾ। ਹੁਣ ਤੱਕ ਪਈਆਂ ਵੋਟਾਂ ਵਿਚੋਂ 54 ਫ਼ੀਸਦ 16 ਸਭ ਤੋਂ ਵੱਧ ਮੁਕਾਬਲੇ ਵਾਲੇ ਰਾਜਾਂ ਦੀਆਂ ਹਨ। ਬੋਸਟਨ ਵਿਚ ਐਤਵਾਰ ਇਕ ਬੈੱਲਟ ਬਾਕਸ ਨੂੰ ਅੱਗ ਲੱਗ ਗਈ। ਇਸ ਵਿਚ 120 ਵੋਟਾਂ ਸਨ। ਮੈਸੇਚੁਐਸਟਸ ਸੂਬੇ ਦੇ ਚੋਣ ਅਧਿਕਾਰੀਆਂ ਨੇ ਕਿਹਾ ਕਿ ਇਹ ‘ਜਾਣਬੁੱਝ ਕੇ ਕੀਤਾ ਗਿਆ ਹਮਲਾ’ ਲੱਗਦਾ ਹੈ। ਐਫਬੀਆਈ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।