ਅਮਰੀਕਾ ‘ਤੇ 11 ਸਤੰਬਰ ਦੇ ਹਮਲੇ ਦੇ ਯਾਦਗਾਰੀ ਸਮਾਰੋਹ ਵਿੱਚ ਡੇਟਨ ਦੇ ਸਿੱਖਾਂ ਨੇ ਵੀ ਸ਼ਮੂਲੀਅਤ ਕੀਤੀ

ਸਤੰਬਰ  (ਸਮਾਜ ਵੀਕਲੀ): ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਡੇਟਨ ਦੇ ਸਿੱਖ ਭਾਈਚਾਰੇ ਨੇ ਸੈਂਕੜੇ ਹੋਰ ਸਥਾਨਕ ਅਮਰੀਕਨਾਂ ਨਾਲ 11 ਸਤੰਬਰ, 2001 ਨੂੰ ਨਿਉਯਾਰਕ ਵਿਖੇ ਵਰਲਡ ਟਰੇਡ ਸੈਂਟਰ ਟਾਵਰਾਂ ਅਤੇ ਪੈਂਟਾਗਨ ‘ਤੇ ਹੋਏ ਅੱਤਵਾਦੀ ਹਮਲਿਆਂ ਦੀ 21ਵੀਂ ਵਰ੍ਹੇਗੰਢ ਮਨਾਓਂਦੇ ਹੋਏ ਬੀਵਰਕ੍ਰੀਕ ਦੇ 9/11 ਮੈਮੋਰੀਅਲ ਵਿਖੇ ਸ਼ਰਧਾਂਜਲੀ ਦਿੱਤੀ।

ਇਸ ਸਲਾਨਾ ਯਾਦਗਾਰੀ ਸਮਾਰੋਹ ਦਾ ਆਯੋਜਨ ਬੀਵਰਕ੍ਰੀਕ ਦੇ 9/11 ਮੈਮੋਰੀਅਲ ਵਿਖੇ ਕੀਤਾ ਗਿਆ ਸੀ ਤਾਂ ਜੋ ਉਸ ਦਿਨ ਗੁਆਚੀਆਂ ਜਾਨਾਂ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਜਾ ਸਕੇ। ਇਹਨਾਂ ਟਾਵਰ ਦੀਆਂ ਇਮਾਰਤਾਂ ਵਿੱਚ ਅਤੇ ਆਲੇ ਦੁਆਲੇ 2600 ਤੋਂ ਵੱਧ ਲੋਕ ਮਾਰੇ ਗਏ ਸਨ ਜਦੋਂ ਅੱਤਵਾਦੀਆਂ ਨੇ ਹਵਾਈ ਜਹਾਜ਼ਾਂ ਨੂੰ ਅਗਵਾ ਕੀਤਾ ਅਤੇ ਟਾਵਰਾਂ ਨਾਲ ਟਕਰਾਅ ਦਿੱਤਾ, 186 ਲੋਕ ਪੈਂਟਾਗਨ ਵਿਖੇ ਜਹਾਜ਼ ਨਾਲ ਕੀਤੇ ਗਏ ਹਮਲੇ ਅਤੇ 40 ਪੈਨਸਿਲਵੇਨੀਆ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮਾਰੇ ਗਏ।

ਬੀਵਰਕ੍ਰੀਕ ਦੇ ਇਸ 9/11 ਮੈਮੋਰੀਅਲ ਵਿੱਚ ਸਟੀਲ ਦਾ ਇੱਕ 25-ਫੁੱਟ ਉੱਚਾ ਮੁੜਿਆ ਹੋਇਆ ਪਿਲਰ ਸਥਾਪਿਤ ਕੀਤਾ ਗਿਆ ਹੈ, ਜੋ ਹਮਲੇ ਤੋਂ ਪਹਿਲਾਂ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਦੀਆਂ 101ਵੀਂ ਅਤੇ 105ਵੀਂ ਮੰਜ਼ਿਲਾਂ ਦੇ ਵਿਚਕਾਰ ਲੱਗਾ ਹੋਇਆ ਸੀ। ਇਸ ਟੁਕੜੇ ਨੂੰ ਦੋ ਅੱਗ ਬੁਝਾਉ ਦਸਤਿਆਂ ਦੁਆਰਾ ਬੀਵਰਕ੍ਰੀਕ ਵਿੱਚ ਲਿਆਂਦਾ ਗਿਆ ਸੀ ਜੋ ਓਹੀਓ ਟਾਸਕ ਫੋਰਸ ਵਨ ਦਾ ਹਿੱਸਾ ਸਨ ਅਤੇ ਇਹਨਾਂ ਨੇ ਨਿਊਯਾਰਕ ਵਿੱਚ ਗਰਾਊਂਡ ਜ਼ੀਰੋ ਵਿਖੇ ਬਚਾਅ ਕਾਰਜਾਂ ਵਿੱਚ ਸਹਾਇਤਾ ਕੀਤੀ ਸੀ।

ਸਮਾਰੋਹ ਵਿੱਚ ਯਾਦਗਾਰ ਉੱਤੇ ਝੰਡਾ ਨੀਵਾਂ ਕੀਤਾ ਗਿਆ, ਫੋਜ ਦੇ ਜਵਾਨਾਂ ਵਲੌਨ ਰਾਸ਼ਟਰੀ ਗੀਤ ਦਾ ਗਾਇਆ ਹੋਇਆ ਅਤੇ ਇੱਕ ਰਸਮੀ ਘੰਟੀ ਵਜਾਈ ਗਈ। ਬੀਵਰਕ੍ਰੀਕ ਦੇ ਮੇਅਰ ਬੌਬ ਸਟੋਨ ਨੇ ਸ਼ਰਧਾਂਜਲੀ ਸੰਦੇਸ਼ ਦਿੱਤਾ। ਗ੍ਰੀਨ ਕਾਉਂਟੀ ਦੇ ਕਮਿਸ਼ਨਰ ਰਿੱਕ ਪਿਰੈਲਸ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।

ਸਮਾਰੋਹ ਵਿੱਚ ਸ਼ਾਮਲ ਹੋਏ ਸਿੱਖ ਭਾਈਚਾਰੇ ਦੇ ਕਾਰਕੁਨ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ, “ਅਸੀਂ ਇਸ ਸਮਾਰੋਹ ਵਿੱਚ ਉਨ੍ਹਾਂ ਪੁਰਸ਼ਾਂ ਅਤੇ ਔਰਤਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ, ਜਿਨ੍ਹਾਂ ਨੇ ਇਹਨਾਂ ਹਮਲਿਆਂ ਵਿੱਚ ਆਪਣੀ ਜਾਣ ਗੁਆ ਦਿੱਤੀ ਅਤੇ ਜਿਸ ਵਿੱਚ ਅੱਗ ਬੁਝਾਊ ਅਮਲੇ ਦੇ ਮੈਂਬਰ, ਪੁਲਿਸ ਅਧਿਕਾਰੀ ਤੇ ਮੈਡੀਕਲ ਸੇਵਾਵਾਂ ਦੇ ਅਮਲੇ ਵੀ ਸ਼ਾਮਲ ਸਨ। ਅਸੀਂ ਫੌਜੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਸਨਮਾਨ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।”

ਗੁਮਟਾਲਾ ਨੇ ਜਾਣਕਾਰੀ ਦਿੱਤੀ ਕਿ ਹਰ ਸਾਲ ਭਾਈਚਾਰੇ ਵਲੋਂ ਬਲਬੀਰ ਸਿੰਘ ਸੋਢੀ ਨੂੰ ਵੀ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਇਸ ਹਮਲੇ ਤੋਂ ਚਾਰ ਦਿਨ ਬਾਅਦ ਉਹਨਾਂ ਦੇ ਮੀਸਾ, ਐਰੀਜ਼ੋਨਾ ਗੈਸ ਸਟੇਸ਼ਨ ਦੇ ਬਾਹਰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਹਮਲਾਵਰ 11 ਸਤੰਬਰ ਦੇ ਹਮਲਿਆਂ ਦਾ ਬਦਲਾ ਲੈਣ ਲਈ “ਮੁਸਲਮਾਨਾਂ ਨੂੰ ਮਾਰਨਾ” ਚਾਹੁੰਦਾ ਸੀ। ਇਹ 9/11 ਦੇ ਹਮਲੇ ਤੋਂ ਬਾਦ ਦਾ ਪਹਿਲਾ ਘਾਤਕ ਨਫ਼ਰਤੀ ਅਪਰਾਧ ਸੀ। ਇਸ ਤੋਂ ਬਾਦ ਸਿੱਖਾਂ, ਮੁਸਲਮਾਨਾਂ, ਦੱਖਣੀ ਏਸ਼ੀਆਈ ਅਤੇ ਹੋਰਨਾਂ ਵਿਰੁੱਧ ਨਫ਼ਰਤ ਅਤੇ ਵਿਤਕਰੇ ਦੀਆਂ ਘਟਨਾਵਾਂ ਦੀ ਇੱਕ ਲਹਿਰ ਦੀ ਸ਼ੁਰੂਆਤ ਹੋਈ।

ਡੇਟਨ ਅਤੇ ਨਾਲ ਲੱਗਦੇ ਸ਼ਹਿਰ ਸਿਨਸਿਨਾਟੀ ਦੇ ਗੁਰਦੁਆਰਾ ਸਾਹਿਬ ਤੋਂ ਇਲਾਵਾ ਬਾਕੀ ਦੇਸ਼ ਦੇ ਗੁਰਦੁਆਰਿਆਂ ਵਿਖੇ ਵੀ ਮਾਰੇ ਗਏ ਲੋਕਾਂ ਦੀ ਆਤਮਕ ਸ਼ਾਤੀ ਲਈ ਅਰਦਾਸ ਕੀਤੀ ਗਈ। ਇਸ ਸਮਾਰੋਹ ਵਿੱਚ ਸਿੱਖ ਭਾਈਚਾਰੇ ਤੋਂ ਡਾ. ਚਰਨਜੀਤ ਸਿੰਘ ਗੁਮਟਾਲਾ, ਅਵਤਾਰ ਸਿੰਘ ਸਪਰਿੰਗਫੀਲਡ, ਰਾਜਪਾਲ ਸਿੰਘ, ਰਾਈਟ ਸਟੇਟ ਯੁਨੀਵਰਸਿਟੀ ਦੇ ਵਿਦਿਆਰਥੀ ਹਰਰੂਪ ਸਿੰਘ, ਹਰਸ਼ਦੀਪ ਸਿੰਘ, ਨਵਰਤਨ ਸਿੰਘ ਆਦਿ ਸ਼ਾਮਲ ਹੋਏ।

ਇੱਥੇ ਇਹ ਦੱਸਣਾ ਵਰਨਣਯੋਗ ਹੈ ਕਿ ਵਰਲਡ ਟਰੇਡ ਸੈਂਟਰ ਦੇ ਬਹੁਰ ਸਾਰੇ ਇਹਨਾਂ ਪਿਲਰਾਂ ਨੂੰ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣਾਈਆਂ ਯਾਦਗਾਰਾਂ ‘ਤੇ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋਕ ਕਿਸੇ ਵੀ ਸਮੇਂ ਸ਼ਰਧਾਂਜਲੀ ਭੇਂਟ ਕਰ ਸਕਦੇ ਹਨ।

ਵਲੋਂ: ਸਮੀਪ ਸਿੰਘ ਗੁਮਟਾਲਾ

Previous articleਗਰੀਬਾਂ ਨੂੰ ਕੌਣ ਪੁੱਛਦਾ…..
Next articleਏਹੁ ਹਮਾਰਾ ਜੀਵਣਾ ਹੈ -74