ਅਮਰੀਕਾ ਦੇ ਟੈਨੇਸੀ ਰਾਜ ਦੇ ਸਾਊਥ ਨੈਸ਼ਵਿਲੇ ਵਿਚ ਸੜਕ ਦੁਰਘਟਨਾ ਵਿਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। 23 ਸਾਲ ਦੀ ਜੂਡੀ ਸਟੇਨਲੀ ਤੇ 26 ਸਾਲਾ ਵੈਭਵ ਗੋਪੀਸ਼ੈਟੀ ਟੈਨੇਸੀ ਸਟੇਟ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰ ਤੋਂ ਬੀਏ ਕਰ ਰਹੇ ਸਨ। ਦੋਵਾਂ ਦੇ ਜਮਾਤੀਆਂ ਨੇ ਭਾਰਤ ਵਿਚ ਉਨ੍ਹਾਂ ਦੇ ਸਸਕਾਰ ਲਈ 42 ਹਜ਼ਾਰ ਡਾਲਰ (ਕਰੀਬ 30 ਲੱਖ ਰੁਪਏ) ਤੋਂ ਜ਼ਿਆਦਾ ਦਾ ਫੰਡ ਇਕੱਠਾ ਕੀਤਾ ਹੈ।
ਸਥਾਨਕ ਪੁਲਿਸ ਦਾ ਮੰਨਣਾ ਹੈ ਕਿ 28 ਨਵੰਬਰ ਦੀ ਰਾਤ ਕਿਸੇ ਨੇ ਸਟੇਨਲੀ ਅਤੇ ਗੋਪੀਸ਼ੈਟੀ ਨੂੰ ਟੱਕਰ ਮਾਰੀ ਅਤੇ ਫਿਰ ਭੱਜ ਨਿਕਲਿਆ। ਮੈਟਰੋ ਨੈਸ਼ਵਿਲੇ ਪੁਲਿਸ ਵਿਭਾਗ ਨੇ ਐਤਵਾਰ ਨੂੰ ਦੱਸਿਆ ਕਿ ਇਸ ਹਾਦਸੇ ਵਿਚ ਸ਼ਾਮਲ ਪਿਕਅਪ ਟਰੱਕ ਦੇ ਮਾਲਕ ਡੇਵਿਡ ਟੋਰੇਸ (26) ਨੇ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਟੋਰੇਸ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ। ਉਸ ਦਾ ਡੀਐੱਨਏ ਨਮੂਨਾ ਲੈ ਲਿਆ ਗਿਆ ਹੈ। ਪੁਲਿਸ ਅਨੁਸਾਰ ਟੋਰੇਸ ਦੇ ਟਰੱਕ ਨੇ ਉਸ ਕਾਰ (ਨਿਸ਼ਾਨ ਸੈਂਟਰਾ) ਨੂੰ ਟੱਕਰ ਮਾਰੀ ਸੀ ਜਿਸ ਵਿਚ ਦੋਵੇਂ ਭਾਰਤੀ ਵਿਦਿਆਰਥੀ ਸਵਾਰ ਸਨ। ਟੀਵੀ ਚੈਨਲ ਨਿਊਜ਼ 9 ਮੁਤਾਬਿਕ ਪਿਕਅਪ ਟਰੱਕ ਤੇਜ਼ ਰਫ਼ਤਾਰ ਵਿਚ ਸੀ ਅਤੇ ਉਸ ਨੇ ਰੈੱਡ ਲਾਈਟ ਦਾ ਉਲੰਘਣ ਕਰਦੇ ਹੋਏ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਨਾਲ ਕਾਰ ਸੜਕ ਤੋਂ ਉਤਰ ਗਈ ਅਤੇ ਦਰੱਖਤ ਨਾਲ ਜਾ ਟਕਰਾਈ। ਮੌਕੇ ‘ਤੇ ਪੁੱਜੀ ਪੁਲਿਸ ਮੁਤਾਬਿਕ ਇਸ ਹਾਦਸੇ ਵਿਚ ਸਟੇਨਲੀ ਅਤੇ ਗੋਪੀਸ਼ੈਟੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਦੋਵਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ। ਹਾਦਸੇ ਨੂੰ ਅੰਜਾਮ ਦੇਣ ਪਿੱਛੋਂ ਟੋਰੇਸ ਮੌਕੇ ‘ਤੇ ਫ਼ਰਾਰ ਹੋ ਗਿਆ ਸੀ। ਕਾਲਜ ਆਫ ਐਗਰੀਕਲਟਰ ਦੇ ਖੇਤੀ ਅਤੇ ਵਾਤਾਵਰਨ ਵਿਗਿਆਨ ਵਿਭਾਗ ਵਿਚ ਐਸੋਸੀਏਟ ਪ੍ਰਰੋਫੈਸਰ ਭਰਤ ਪੋਖਰੇਲ ਨੇ ਕਿਹਾ ਕਿ ਦੋਵੇਂ ਹੀ ਵਿਦਿਆਰਥੀ ਨਿਮਰ ਸੁਭਾਅ ਵਾਲੇ ਅਤੇ ਮਿਹਨਤੀ ਸਨ ਅਤੇ ਚੰਗੇ ਭਵਿੱਖ ਲਈ ਸਖ਼ਤ ਮਿਹਨਤ ਕਰ ਰਹੇ ਸਨ। ਸਟੇਟ ਯੂਨੀਵਰਸਿਟੀ ਦੇ ਫੂਡ ਸਾਇੰਸ ਕਲੱਬ ਦੇ ਸ਼ਰਤ ਜੁਲਾਕਾਂਤੀ ਨੇ ਭਾਰਤ ਵਿਚ ਉਨ੍ਹਾਂ ਦੇ ਅੰਤਿਮ ਸਸਕਾਰ ਲਈ ‘ਗੋਫੰਡਮੀਪੇਜ’ ਬਣਾਇਆ ਹੈ।