ਅਭੁੱਲ ਯਾਦ

(ਸਮਾਜ ਵੀਕਲੀ)

ਇਹ ਗੱਲ ਉਦੋਂ ਦੀ ਹੈ ਜਦੋਂ ਮੈਂ ਅਜੇ ਸੱਤ -ਅੱਠ ਵਰ੍ਹਿਆਂ ਦੀ ਸੀ । ਭਰ ਸਰਦੀਆਂ ਦਾ ਮੌਸਮ ਸੀ । ਐਤਵਾਰ ਵਾਲੇ ਦਿਨ ਸਵੇਰੇ ਗਿਆਰਾਂ ਕੁ ਵਜੇ ਦੇ ਕਰੀਬ ਸਾਡੇ ਗੁਆਂਢ ਰਹਿੰਦੀ ਮੇਰੀ ਸਹੇਲੀ ਸਿੰਮੀ ਮੇਰੇ ਨਾਲ ਖੇਡਣ ਲਈ ਆ ਗਈ। ਅਸੀਂ ਖੇਡਦੀਆਂ- ਖੇਡਦੀਆਂ ਸਾਡੇ ਸਭ ਤੋਂ ਉੱਪਰਲੇ ਚੁਬਾਰੇ ਵਾਲੇ ਸਟੋਰ ਜਿੱਥੇ ਕਦੇ ਕੋਈ ਵੀ ਨਹੀਂ ਸੀ ਜਾਂਦਾ ‘ਚ ਜਾ ਵੜੀਆਂ ਤੇ ਖੇਡਦੀਆਂ- ਖੇਡਦੀਆਂ ਉੱਥੇ ਹੀ ਕੰਬਲ ਲੈ ਕੇ ਸੌਂ ਗਈਆਂ।

ਜਦ ਪੰਜ ਕੁ ਵਜੇ ਮੇਰੀ ਅੱਖ ਖੁੱਲ੍ਹੀ ਤੇ ਮੈਂ ਸਿੰਮੀ ਨੂੰ ਲੈ ਕੇ ਅੱਖਾਂ ਮਲਦੀ ਨੀਚੇ ਉੱਤਰੀ ਤਾਂ ਮੈਂ ਦੇਖਿਆ ਸਾਡੇ ਘਰ ਸਾਰਾ ਆਂਢ- ਗੁਆਂਢ ਆਇਆ ਬੈਠਾ ਸੀ । ਸਾਨੂੰ ਦੇਖਦੇ ਹੀ ਉਹ ਸਾਰੇ ਹੈਰਾਨੀ ‘ਚ ਚੀਕਣ ਲੱਗੇ ,”ਨੀਂ ਕਿੱਥੇ ਸੀ ਤੁਸੀਂ ?” ਸਾਰੇ ਉੱਚੀ- ਉੱਚੀ ਬੋਲਣ ਲੱਗੇ।
ਅਸੀਂ ਹੈਰਾਨ ! ਫਿਰ ਸਾਨੂੰ ਪਤਾ ਲੱਗਾ ਕਿ ਜਦ ਅਸੀਂ ਉੱਪਰ ਜਾ ਕੇ ਸੌਂ ਗਈਆਂ ਤੇ ਕਿਸੇ ਨੂੰ ਵੀ ਨਾ ਦਿੱਖੀਆਂ ਤਾਂ ਉਹ ਸਾਨੂੰ ਲੱਭ -ਲੱਭ ਕਮਲੇ ਹੋ ਗਏ। ਸਵੇਰ ਦੇ ਲੱਭਦਿਆਂ ਨੇ ਸਾਰਾ ਘਰ ਤੇ ਆਲਾ ਦੁਆਲਾ ਛਾਣ ਮਾਰਿਆ ।

ਸਾਰੇ ਆਂਢ ਗੁਆਂਢ ਵੀ ਪਤਾ ਕੀਤਾ ਪਰ ਕਿਤੋਂ ਕੁਝ ਨਾ ਪਤਾ ਲੱਗਾ । ਇੱਥੋਂ ਤੱਕ ਕਿ ਪ੍ਰੇਸ਼ਾਨ ਹੋ ਕੇ ਉਹ ਪੁਲੀਸ ਸਟੇਸ਼ਨ ਵੀ ਰਪਟ ਲਿਖਾ ਆਏ। ਸਾਡੀਆਂ ਦੋਵਾਂ ਦੀਆਂ ਮਾਵਾਂ ਦਾ ਰੋ- ਰੋ ਬੁਰਾ ਹਾਲ ਹੋ ਗਿਆ ਸੀ। ਸਾਨੂੰ ਵੇਖਦਿਆਂ ਉਨ੍ਹਾਂ ਸਾਨੂੰ ਘੁੱਟ ਕੇ ਜੱਫੀ ਪਾ ਲਈ । ਤੇ ਬਾਕੀਆਂ ਨੇ ਸਾਨੂੰ ਖ਼ੂਬ ਝਿੜਕਾਂ ਦਿੱਤੀਆਂ। ਭਾਵੇਂ ਅੱਜ ਇਸ ਗੱਲ ਨੂੰ ਛੱਬੀ – ਸਤਾਈ ਵਰ੍ਹੇ ਹੋ ਗਏ ਹਨ। ਅਸੀਂ ਦੋਵੇਂ ਵਿਆਹੀਆਂ ਵੀ ਗਈਆਂ ਅਤੇ ਸਾਡੇ ਬੱਚੇ ਵੀ ਹੋ ਗਏ। ਪਰ ਇਹ ਅਭੁੱਲ ਯਾਦ ਸਾਡੇ ਦਿਲਾਂ ਚੋਂ ਅੱਜ ਤੱਕ ਮਿਟ ਨਾ ਸਕੀ।

ਮਨਪ੍ਰੀਤ ਕੌਰ ਭਾਟੀਆ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਫ਼ਰਕ”
Next articleਸੁਰਜੀਤ ਫਿਲਿੰਗ ਸਟੇਸ਼ਨ ਤੇ ਆਜ਼ਾਦੀ ਦੇ 75 ਵੇਂ ਮਹਾਂਉਤਸਵ ਨੂੰ ਸਮਰਪਿਤ ਇੰਡੀਅਨ ਆਇਲ ਦੁਆਰਾ ਸਮਾਰੋਹ ਆਯੋਜਿਤ