ਮਯੰਕ ਅਗਰਵਾਲ ਨੇ ਅੱਜ ਇੱਥੇ ਭਾਰਤ ਦੇ ਨਿਊਜ਼ੀਲੈਂਡ ਇਲੈਵਨ ਖ਼ਿਲਾਫ਼ ਡਰਾਅ ਰਹੇ ਅਭਿਆਸ ਮੈਚ ਵਿੱਚ ਆਪਣੇ ਜਨਮ ਦਿਨ ਮੌਕੇ ਦੌੜਾਂ ਬਣਾਈਆਂ, ਜਦਕਿ ਰਿਸ਼ਭ ਪੰਤ ਨੇ ਚੌਕਸ ਹੋ ਕੇ ਹਮਲਾਵਰ ਬੱਲੇਬਾਜ਼ੀ ਕੀਤੀ। ਮੈਚ ਲੰਚ ਤੋਂ ਇੱਕ ਘੰਟੇ ਮਗਰੋਂ ਖ਼ਤਮ ਕਰ ਦਿੱਤਾ ਗਿਆ, ਉਦੋਂ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ ਸਿਰਫ਼ 48 ਓਵਰ ਖੇਡ ਕੇ ਚਾਰ ਵਿਕਟਾਂ ’ਤੇ 252 ਦੌੜਾਂ ਬਣਾ ਲਈਆਂ ਸਨ। ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਮੈਚ ਮਗਰੋਂ ਤੋਂ ਹੀ ਅਗਰਵਾਲ ਦਾ ਖ਼ਰਾਬ ਦੌਰ ਚੱਲ ਰਿਹਾ ਸੀ, ਪਰ ਇੱਥੇ ਉਹ 99 ਗੇਂਦਾਂ ਵਿੱਚ 10 ਚੌਕਿਆਂ ਅਤੇ ਤਿੰਨ ਛੱਕਿਆਂ ਨਾਲ 81 ਦੌੜਾਂ ਬਣਾ ਕੇ ਰਿਟਾਇਰ ਹੋਇਆ। ਭਾਰਤੀ ਟੀਮ ਪ੍ਰਬੰਧਨ ਲਈ ਪੰਤ ਦਾ ਕ੍ਰੀਜ਼ ’ਤੇ ਡਟਣਾ ਰਾਹਤ ਵਾਲੀ ਗੱਲ ਰਹੀ, ਜਿਸ ਨੇ ਆਪਣੇ ਬੇਪਰਵਾਹ ਅੰਦਾਜ਼ ਵਿੱਚ ਬੱਲੇਬਾਜ਼ੀ ਕਰਦਿਆਂ 65 ਗੇਂਦਾਂ ਵਿੱਚ 70 ਦੌੜਾਂ ਬਣਾਈਆਂ।
ਇਸ ਦੌਰਾਨ ਉਸ ਨੇ ਵਿਰੋਧੀ ਗੇਂਦਬਾਜ਼ਾਂ ਦੇ ਚੰਗੇ ਸਪੈਲ ਨੂੰ ਸਨਮਾਨ ਵਿਖਾਇਆ ਅਤੇ ਚੌਕਸੀ ਨਾਲ ਖੇਡਿਆ। ਪਾਰੀ ਦੌਰਾਨ ਉਸ ਨੇ ਲੈੱਗ ਸਪਿੰਨਰ ਈਸ਼ ਸੋਢੀ ਅਤੇ ਆਫ਼ ਸਪਿੰਨਰ ਹੈਨਰੀ ਕੂਪਰ ਖ਼ਿਲਾਫ਼ ਦੋ-ਦੋ ਚੌਕੇ ਜੜੇ। ਪੰਤ ਨੇ ਆਪਣੀ ਹਮਲਾਵਰ ਖੇਡ ਨੂੰ ਦਬਾਇਆ ਨਹੀਂ, ਪਰ ਸਪਿੰਨਰਾਂ ਖ਼ਿਲਾਫ਼ ਉਹ ਰੱਖਿਆਤਮਕ ਹੋ ਕੇ ਖੇਡਿਆ ਅਤੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਦੀਆਂ ਕੁੱਝ ਗੇਂਦਾਂ ਵੀ ਛੱਡੀਆਂ। ਭਾਰਤ ਦੀ ਦੂਜੀ ਪਾਰੀ ਵਿੱਚ ਸਭ ਤੋਂ ਵੱਡੀ ਹਾਂ-ਪੱਖੀ ਗੱਲ ਅਗਰਵਾਲ ਦਾ ਲੈਅ ’ਚ ਆਉਣਾ ਰਹੀ।
ਇਸ ਮੈਚ ਤੋਂ ਪਹਿਲਾਂ ਅਗਰਵਾਲ ਨੇ ਦਸ ਮੈਚ ਖੇਡੇ ਸਨ, ਜਿਸ ਵਿੱਚ ਪਹਿਲੀ ਸ਼੍ਰੇਣੀ, ਇੱਕ ਰੋਜ਼ਾ ਅਤੇ ਲਿਸਟ ‘ਏ’ ਮੈਚ ਸ਼ਾਮਲ ਸਨ। ਉਹ 11 ਪਾਰੀਆਂ ਵਿੱਚ 40 ਦੌੜਾਂ ਤੋਂ ਅੱਗੇ ਨਹੀਂ ਵਧ ਸਕਿਆ। ਉਹ ਲੰਚ ਮਗਰੋਂ ਕ੍ਰੀਜ਼ ’ਤੇ ਬੱਲੇਬਾਜ਼ੀ ਕਰਨ ਨਹੀਂ ਉਤਰਿਆ, ਜਿਸ ਕਾਰਨ ਰਿਧੀਮਾਨ ਸਾਹਾ ਨੂੰ ਬੱਲੇਬਾਜ਼ੀ ਦਾ ਮੌਕਾ ਮਿਲਿਆ। ਉਸ ਨੇ ਨਾਬਾਦ 30 ਦੌੜਾਂ ਬਣਾਈਆਂ। ਅਗਰਵਾਲ-ਪੰਤ ਦੀ ਜੋੜੀ ਨੇ 14.3 ਓਵਰਾਂ ਵਿੱਚ 100 ਦੌੜਾਂ ਦੀ ਭਾਈਵਾਲੀ ਕੀਤੀ।
ਸਵੇਰ ਦੇ ਸੈਸ਼ਨ ਵਿੱਚ ਪ੍ਰਿਥਵੀ ਸ਼ਾਅ (31 ਗੇਂਦਾਂ ਵਿੱਚ 39 ਦੌੜਾਂ) ਨੂੰ ਡੈਰਿਲ ਮਿਸ਼ੇਲ ਨੇ ਆਊਟ ਕੀਤਾ। ਸ਼ਾਅ ਨੇ ਅਗਰਵਾਲ ਨਾਲ 72 ਦੌੜਾਂ ਦੀ ਭਾਈਵਾਲੀ ਕੀਤੀ। ਹਾਲਾਂਕਿ ਮੁੰਬਈ ਦੇ ਇਸ ਖਿਡਾਰੀ ਦੀ ਵੈਲਿੰਗਟਨ ਅਤੇ ਕ੍ਰਾਈਸਟਚਰਚ ਦੀਆਂ ਪਿੱਚਾਂ ’ਤੇ ਪਰਖ ਹੋਵੇਗੀ। ਸ਼ੁਭਮਨ ਗਿੱਲ ਲਈ ਇਹ ਅਭਿਆਸ ਮੈਚ ਜ਼ਿਆਦਾ ਚੰਗਾ ਨਹੀਂ ਰਿਹਾ, ਉਹ ਲਗਾਤਾਰ ਦੂਜੀ ਵਾਰ ਛੇਤੀ ਆਊਟ ਹੋਇਆ। ਅੱਠ ਦੌੜਾਂ ਬਣਾਉਣ ਮਗਰੋਂ ਉਸ ਨੂੰ ਮਿਸ਼ੇਲ ਨੇ ਐੱਲਬੀਡਬਲਯੂ ਆਊਟ ਕਰਕੇ ਬਾਹਰ ਦਾ ਰਾਹ ਵਿਖਾਇਆ।
Sports ਅਭਿਆਸ ਮੈਚ: ਅਗਰਵਾਲ ਅਤੇ ਪੰਤ ਲੈਅ ਵਿੱਚ ਆਏ