ਕਾਬੁਲ (ਸਮਾਜ ਵੀਕਲੀ) :ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਅੱਜ ਬੰਬ ਅਤੇ ਬੰਦੂਕ ਨਾਲ ਕੀਤੇ ਦੋ ਵੱਖ-ਵੱਖ ਹਮਲਿਆਂ ’ਚ ਤਿੰਨ ਜਣਿਆਂ ਦੀ ਮੌਤ ਹੋ ਗਈ। ਪਹਿਲੀ ਘਟਨਾ ’ਚ ਅੱਜ ਕਾਬੁਲ ’ਚ ਅਫ਼ਗਾਨਿਸਤਾਨ ਦੇ ਸੰਸਦ ਮੈਂਬਰ ਮੁਹੰਮਦ ਤੌਫ਼ੀਕ ਨਾਲ ਸਬੰਧਤ ਵਾਹਨ ਨਾਲ ਜੋੜੇ ਗਏ ਬੰਬ ਕਾਰਨ ਹੋਏ ਧਮਾਕੇ ’ਚ ਦੋ ਜਣਿਆਂ ਦੀ ਮੌਤ ਅਤੇ ਦੋ ਜਣੇ ਜ਼ਖ਼ਮੀ ਹੋ ਗਏ।
ਪੁਲੀਸ ਨੇ ਦੱਸਿਆ ਕਿ 15 ਪੁਲੀਸ ਜ਼ਿਲ੍ਹੇ ’ਚ ਹੋਟਲ-ਏ-ਪਰਵਾਨ ਨੇੜੇ ਲੈਂਡ ਕਰੂਜ਼ਰ ਕਿਸਮ ਦੀ ਗੱਡੀ ਨਾਲ ਜੋੜੇ ਗਏ ਬੰਬ ਦਾ ਇਹ ਧਮਾਕਾ ਸਵੇਰੇ 7:50 ਵਜੇ ਹੋਇਆ। ਗ੍ਰਹਿ ਮੰਤਰਾਲੇ ਦੇ ਤਰਜਮਾਨ ਫਰਦਾਵਸ ਫਰਾਮਰਜ਼ ਮੁਤਾਬਕ ਉੱਤਰੀ ਕਾਬੁਲ ’ਚ ਹੋਏ ਇਸ ਧਮਾਕੇ ’ਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਜਣੇ ਜ਼ਖ਼ਮੀ ਹੋ ਗਏ। ਦੂਜੀ ਘਟਨਾ ਦੌਰਾਨ ਪੂਰਬੀ ਕਾਬੁਲ ’ਚ ਅਫ਼ਗਾਨਿਸਤਾਨ ਸਰਕਾਰ ਦੇ ਇੱਕ ਵਕੀਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਨ੍ਹਾਂ ਹਮਲਿਆਂ ਦੀ ਹਾਲੇ ਤਕ ਕਿਸੇ ਵੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਕਬੂਲੀ।