- ਕੌਮਾਂਤਰੀ ਪੱਧਰ ਉਤੇ ਕੂਟਨੀਤਕ ਰਿਸ਼ਤੇ ਕਾਇਮ ਕਰਨ ਦਾ ਚਾਹਵਾਨ ਹੈ ਤਾਲਿਬਾਨ
- ਔਰਤਾਂ ਦੇ ਹੱਕਾਂ, ਬਾਕੀ ਨਾਗਰਿਕਾਂ ਅਤੇ ਵਿਦੇਸ਼ੀਆਂ ਦੀ ਰਾਖੀ ਪ੍ਰਤੀ ਵੀ ਵਚਨਬੱਧਤਾ ਜ਼ਾਹਿਰ ਕੀਤੀ
ਕਾਬੁਲ (ਸਮਾਜ ਵੀਕਲੀ): ਤਾਲਿਬਾਨ ਨੇ ਅਖੀਰ ਰਾਜਧਾਨੀ ਕਾਬੁਲ ’ਤੇ ਕਬਜ਼ਾ ਕਰ ਕੇ ਮੁਕੰਮਲ ਅਫ਼ਗਾਨਿਸਤਾਨ ਨੂੰ ਆਪਣੇ ਅਧੀਨ ਕਰ ਲਿਆ ਹੈ। ਉਨ੍ਹਾਂ ਰਾਸ਼ਟਰਪਤੀ ਮਹਿਲ ਵਿਚ ਦਾਖਲ ਹੋ ਕੇ ਕਿਹਾ ਕਿ ‘ਜੰਗ ਹੁਣ ਖ਼ਤਮ ਹੈ।’ ਇਸੇ ਦੌਰਾਨ ਦੇਸ਼ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਦੇਸ਼ ਛੱਡ ਕੇ ਭੱਜ ਗਏ ਹਨ। ਗ਼ਨੀ ਨੂੰ ਸੋਸ਼ਲ ਮੀਡੀਆ ਉਤੇ ਲੋਕਾਂ ਨੇ ਕਾਇਰ ਕਰਾਰ ਦਿੱਤਾ ਹੈ। ਇਸਲਾਮਿਕ ਬਾਗ਼ੀਆਂ ਨੂੰ ਕਾਬੁਲ ਵਿਚ ਕਿਸੇ ਵੀ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਉਹ ਰਾਸ਼ਟਰਪਤੀ ਮਹਿਲ ਦੇ ਅੰਦਰ ਦਾਖਲ ਹੋ ਗਏ। ਪੱਛਮੀ ਦੇਸ਼ ਹੁਣ ਅਫ਼ਗਾਨਿਸਤਾਨ ਵਿਚੋਂ ਆਪਣੇ ਨਾਗਰਿਕਾਂ ਤੇ ਹੋਰਾਂ ਨੂੰ ਸੁਰੱਖਿਅਤ ਕੱਢਣ ਲਈ ਜੱਦੋਜਹਿਦ ਕਰ ਰਹੇ ਹਨ।
ਦੇਸ਼ ਛੱਡਣ ਲੱਗਿਆਂ ਗ਼ਨੀ ਨੇ ਕਿਹਾ ਕਿ ਉਹ ਖ਼ੂਨ-ਖਰਾਬੇ ਨੂੰ ਰੋਕਣਾ ਚਾਹੁੰਦੇ ਸਨ ਜਦਕਿ ਹਜ਼ਾਰਾਂ ਅਫ਼ਗਾਨ ਨਾਗਰਿਕ ਅੱਜ ਕਾਬੁਲ ਦੇ ਹਵਾਈ ਅੱਡੇ ਉਤੇ ਜਹਾਜ਼ਾਂ ’ਚ ਸਵਾਰ ਹੋਣ ਲਈ ਤਰਲੇ ਕਰਦੇ ਨਜ਼ਰ ਆਏ। ਤਾਲਿਬਾਨ ਦੇ ਸਿਆਸੀ ਤਰਜਮਾਨ ਮੁਹੰਮਦ ਨਈਮ ਨੇ ਕਿਹਾ ‘ਅੱਜ ਦਾ ਦਿਨ ਅਫ਼ਗਾਨ ਲੋਕਾਂ ਤੇ ਮੁਜਾਹਿਦੀਨ ਲਈ ਮਹਾਨ ਹੈ। ਉਨ੍ਹਾਂ ਨੂੰ 20 ਸਾਲਾਂ ਦੇ ਯਤਨਾਂ ਤੇ ਕੁਰਬਾਨੀਆਂ ਦਾ ਫ਼ਲ ਮਿਲ ਗਿਆ ਹੈ। ਅੱਲ੍ਹਾ ਦਾ ਸ਼ੁਕਰੀਆ, ਮੁਲਕ ਵਿਚ ਜੰਗ ਹੁਣ ਖ਼ਤਮ ਹੈ।’ ਤਾਲਿਬਾਨ ਨੂੰ ਪੂਰੇ ਮੁਲਕ ਉਤੇ ਕਬਜ਼ਾ ਜਮਾਉਣ ਲਈ ਹਫ਼ਤੇ ਤੋਂ ਕੁਝ ਦਿਨ ਹੀ ਵੱਧ ਲੱਗੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly