ਨਵੀਂ ਦਿੱਲੀ (ਸਮਾਜ ਵੀਕਲੀ) : ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਅਫ਼ਗਾਨ ਸ਼ਾਂਤੀ ਵਾਰਤਾਕਾਰ ਅਬਦੁੱਲਾ ਅਬਦੁੱਲਾ ਨੂੰ ਭਰੋਸਾ ਦਿਵਾਇਆ ਕਿ ਅਫ਼ਗਾਨਿਸਤਾਨ ਵਿੱਚ ਸ਼ਾਂਤੀ, ਖ਼ੁਸ਼ਹਾਲੀ ਅਤੇ ਸਥਿਰਤਾ ਲਈ ਭਾਰਤ ਵੱਚਨਬੱਧ ਰਿਹਾ ਹੈ। ਜੈਸ਼ੰਕਰ ਅਤੇ ਅਬਦੁੱਲਾ ਨੇ ਅਫ਼ਗਾਨਿਸਤਾਨ ਸਰਕਾਰ ਅਤੇ ਤਾਲਿਬਾਨ ਵਿਚਾਲੇ ਚੱਲ ਰਹੀ ਸ਼ਾਂਤੀ ਵਾਰਤਾ ਦੇ ਕਈ ਪੱਖਾਂ ਅਤੇ ਦੁਵੱਲੇ ਸਹਿਯੋਗ ’ਤੇ ਖੁੱਲ੍ਹ ਕੇ ਚਰਚਾ ਕੀਤੀ।
ਜੈਸ਼ੰਕਰ ਨੇ ਟਵੀਟ ਕੀਤਾ, ‘‘ਕੌਮੀ ਸਹਿਮਤੀ ਲਈ ਊੱਚ ਕੌਂਸਲ ਦੇ ਚੇਅਰਮੈਨ ਅਬਦੁੱਲਾ ਅਬਦੁੱਲਾ ਨੂੰ ਮਿਲ ਕੇ ਖ਼ੁਸ਼ੀ ਹੋਈ। ਦੁਵੱਲੇ ਸਹਿਯੋਗ ਅਤੇ ਖੇਤਰੀ ਮੁੱਦਿਆਂ ’ਤੇ ਚਰਚਾ ਹੋਈ। ਸੱਜਰੀਆਂ ਗਤੀਵਿਧੀਆਂ ’ਤੇ ਊਨ੍ਹਾਂ ਦੀ ਸਮਝ ਅਤੇ ਪਰਿਪੇਖ ਦਾ ਸਵਾਗਤ ਕੀਤਾ। ਗੁਆਂਢੀ ਹੋਣ ਵਜੋਂ ਭਾਰਤ ਅਫ਼ਗਾਨਿਸਤਾਨ ਦੀ ਸ਼ਾਂਤੀ, ਖ਼ੁਸ਼ਹਾਲੀ ਅਤੇ ਸਥਿਰਤਾ ਲਈ ਵਚਨਬੱਧ ਹੈ।’’ ਅਬਦੁੱਲਾ ਨੇ ਟਵੀਟ ਕਰਕੇ ਕਿਹਾ ਕਿ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਨੇ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਲਈ ਭਾਰਤ ਦੇ ‘ਪੂਰਨ ਸਮਰਥਨ’ ਦਾ ਭਰੋਸਾ ਦਿਵਾਇਆ ਹੈ।