(ਸਮਾਜ ਵੀਕਲੀ)
(9ਮਈ ਮਦਰ ਡੇ ‘ਤੇ)
ਚਾਚੀਆਂ, ਮਾਸੀਆਂ ਚਾਹੇ ਕਿੰਨਾ ਚੰਗਾ ਕਰਨ ਵਿਹਾਰ।
ਆਪਣੀ ਮਾਂ ਦੇ ਵਰਗਾ ਕੋਈ ਕਰਨਾ ਸਕੇ ਪਿਆਰ।
ਬੱਚੇ ਨੂੰ ਤਕਲੀਫ਼ ਹੁੰਦੀ ਜਦ ਦੁਖੀ ਹੁੰਦੀ ਹੈ ਮਾਂ,
ਸੁੱਕੀ ਥਾਂ ‘ਤੇ ਪਾ ਕੇ ਉਸਨੂੰ ਪੈਂਦੀ ਗਿੱਲੀ ਥਾਂ,
ਧੀਆਂ ਪੁੱਤਰਾਂ ਦੀਆਂ ਪੀੜਾਂ ਨੂੰ ਸਕਦੀ ਨਹੀਂ ਸਹਾਰ।
ਆਪਣੀ ਮਾਂ——————————-
ਧੁੱਪਾਂ ਸਹਿਕੇ ਅਕਸਰ ਕਰਦੀ ਹੈ ਬੱਚਿਆਂ ਨੂੰ ਛਾਵਾਂ,
ਮਾਂ ਦੀ ਨਿੱਘੀ ਗੋਦ ‘ਚ ਹੁੰਦਾ ਜੰਨਤ ਦਾ ਸਿਰਨਾਵਾਂ,
ਮਾਂ ਦੇ ਨਾਲ ਸੰਪੂਰਨ ਹੁੰਦਾ ਬੱਚਿਆਂ ਦਾ ਪਰਿਵਾਰ।
ਆਪਣੀ ਮਾਂ—————————–
ਤੰਦਰੁਸਤੀ ਤੇ ਲੰਮੀ ਉਮਰ ਦੀਆਂ ਮੰਗਦੀ ਸਦਾ ਦੁਆ,
ਆਪਣੇ ਬੱਚਿਆਂ ਦੇ ਸਾਹਾਂ ਨਾਲ ਮਾਂ ਲੈਂਦੀ ਹੈ ਸਾਹ,
ਔਖੇ ਆਉਂਦੇ ਸਾਹ ਜੇ ਬੱਚੇ ਲੱਗ ਜਾਣ ਕਰਨ ਖ਼ੁਆਰ।
ਆਪਣੀ ਮਾਂ———————————-।
ਆਪ ਮਾਂ ਰਹਿ ਲਏ ਭੁੱਖੀ ਭਾਵੇਂ ਬੱਚਿਆਂ ਨੂੰ ਰਜਾਵੇ,
ਖਾਂਦੀ ਖਾਂਦੀ ਕੱਢ ਕੇ ਆਪਣੇ ਬੱਚਿਆਂ ਦੇ ਮੂੰਹ ਪਾਵੇ,
ਆਪਣੇ ਹਿੱਸੇ ਦਾ ਸੁੱਖ ਦੇਵੇ ਆਪਣੀ ਔਲਾਦ ਤੋਂ ਵਾਰ।
ਆਪਣੀ ਮਾਂ——————————–।
ਰਿਸ਼ਤੇ ਹੋਰ ਪਿਆਰੇ ਪਰ ਮਾਂ ਸਭ ਤੋਂ ਵੱਧ ਪਿਆਰੀ,
ਰੱਬ ਦਾ ਰੂਪ ਸਮਝ ਕੇ ਜਾਂਦੀ ਜਗ ਦੇ ਵਿਚ ਸਤਿਕਾਰੀ,
ਪੀਰ ਪੈਗ਼ੰਬਰਾਂ ਵੀ ਕੀਤਾ ਮਾਂ ਦੀ ਮਮਤਾ ਦਾ ਸਤਿਕਾਰ।
ਆਪਣੀਮਾਂ——————————-
ਕਹਿਣ ਸਿਆਣੇ ਦੁਨੀਆਂ ਵਾਲਿਓ ਮਾਂ ਹੁੰਦੀ ਹੈ ਮਾਂ,
ਚਾਚੀ ਤਾਈ ਲੈ ਨਾ ਸਕਦੀ ਕਦੇ ਵੀ ਇਸਦੀ ਥਾਂ,
‘ਚੋਹਲੇ’ ਵਾਲਾ ‘ਬੱਗਾ’ ਲਿਖਦਾ ਕਰਕੇ ਸੋਚ ਵਿਚਾਰ।
ਆਪਣੀ ਮਾਂ ਦੇ ਵਰਗਾ ਕੋਈ ਕਰ ਨਾ ਸਕੇ ਪਿਆਰ।
ਰਮੇਸ਼ ਬੱਗਾ ਚੋਹਲਾ
#1348/17/1 ਗਲੀ ਨੰ:8
ਰਿਸਿ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋ:9463132719
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly