(ਸਮਾਜ ਵੀਕਲੀ)
ਸਾਡੀ ਜ਼ਿੰਦਗੀ ਇੱਕ ਅਨੂਗੂੰਜ ਵਾਂਗ ਹੈ। ਅਸੀਂ ਜਿਵੇਂ ਦਾ ਸੁਭਾਅ ਆਪਣੇ ਲਈ ਰੱਖਦੇ ਹਾਂ ਉਸਦੀ ਹੀ ਅਨੂਗੂੰਜ ਸਾਨੂੰ ਹਮੇਸ਼ਾ ਸੁਣਾਈ ਦਿੰਦੀ ਹੈ ਤੇ ਉਸੇ ਦਾ ਅਸੀਂ ਅਨੁਸਰਨ ਕਰਦੇ ਹਾਂ।ਜੇਕਰ ਸਾਡੀ ਗੂੰਜ ਹਾਂ ਪੱਖੀ ਹੈ ਤਾਂ ਸਾਡੀ ਅਨੂਗੂੰਜ ਹਾਂ ਪੱਖੀ ਸੁਣਾਈ ਦੇਵੇਗੀ। ਜੇਕਰ ਨਾ ਪੱਖੀ ਹੈ ਤਾਂ ਨਾ ਪੱਖੀ ਹੀ ਸੁਣਾਈ ਦੇਵੇਗੀ।
ਇੱਕ ਬੱਚਾ ਘਰ ਤੋਂ ਖੇਡਣ ਲਈ ਨਿਕਲਿਆ। ਚੱਲਦਿਆਂ ਚੱਲਦਿਆਂ ਉਹ ਦੂਰ ਨਿਕਲ ਆਇਆ। ਸਾਹਮਣੇ ਇੱਕ ਪਹਾੜੀ ਸੀ। ਉਹ ਪਹਾੜੀ ਦੇ ਸਿਖ਼ਰ ਤੇ ਜਾ ਚੜਿਆ। ਸਿਖਰ ਤੇ ਚੜ੍ਹ ਕੇ ਉਹ ਬਹੁਤ ਖੁਸ਼ ਹੋਇਆ ਤੇ ਚਿੱਲਾ ਕੇ ਬੋਲਿਆ, ” ਵਾਹ ! ਮੈਂ ਪਹਾੜੀ ਦੇ ਸਿਖ਼ਰ ਤੇ ਪਹੁੰਚ ਗਿਆ ਹਾਂ।” ਉਦੋਂ ਹੀ ਪਹਾੜੀ ਦੇ ਦੂਜੇ ਬੰਨਿਓਂ ਵੀ ਆਵਾਜ਼ ਆਈ , ਵਾਹ ! ਮੈਂ ਪਹਾੜੀ ਦੇ ਸਿਖ਼ਰ ਤੇ ਪਹੁੰਚ ਗਿਆ ਹਾਂ।
ਉਸਨੂੰ ਬੜੀ ਹੈਰਾਨੀ ਹੋਈ। ਬੱਚੇ ਨੂੰ ਲੱਗਿਆ ਕਿ ਪਹਾੜੀ ਦੇ ਦੁੱਜੇ ਪਾਸੇ ਲੁਕ ਕੇ ਕੋਈ ਉਸਦੀ ਨਕਲ ਉਤਾਰ ਰਿਹਾ ਹੈ। ਉਸਨੇ ਗੁੱਸੇ ਵਿੱਚ ਆਖਿਆ , ‘ ਤੂੰ ਬਹੁਤ ਬੁਰਾ ਹੈਂ।’ ਉੱਧਰੋਂ ਵੀ ਇਹੋ ਆਵਾਜ਼ ਆਈ। ਉਹ ਬੋਲਿਆ ਮੈਂ ਤੈਨੂੰ ਨਫ਼ਰਤ ਕਰਦਾ ਹਾਂ। ਇਹ ਕਹਿ ਕਿ ਉਹ ਘਰ ਨੂੰ ਪਰਤ ਆਇਆ।
ਘਰ ਆ ਕੇ ਉਸਨੇ ਆਪਣੀ ਮਾਂ ਨੂੰ ਸਾਰੀ ਘਟਨਾ ਦੱਸੀ। ਮਾਂ ਨੇ ਹੱਸਦਿਆਂ ਹੋਇਆਂ ਦੱਸਿਆ ਕਿ ਇਹ ਕਿਸੇ ਹੋਰ ਦੀ ਨਹੀਂ, ਤੇਰੀ ਹੀ ਆਵਾਜ਼ ਸੀ। ਉਸ ਪਹਾੜੀ ਤੇ ਜੋ ਵੀ ਬੋਲੋ ਉਸਦੀ ਗੂੰਜ ਪਰਤ ਕੇ ਆਉਂਦੀ ਹੈ। ਬੱਚਾ ਬਹੁਤ ਖੁਸ਼ ਹੋਇਆ।
ਅਗਲੇ ਦਿਨ ਸਵੇਰੇ ਹੀ ਉਹ ਫੇਰ ਪਹਾੜੀ ਤੇ ਪਹੁੰਚ ਗਿਆ ਤੇ ਸਿਖ਼ਰ ਤੇ ਚੜ੍ਹ ਕੇ ਜ਼ੋਰ ਨਾਲ ਕੂਕਿਆ , ” ਮੈਂ ਤੈਨੂੰ ਪਿਆਰ ਕਰਦਾ ਹਾਂ।” ਉਧਰੋਂ ਵੀ ਜਦੋਂ ਉਸਨੂੰ ਆਪਣੀ ਹੀ ਗੂੰਜਦੀ ਹੋਈ ਆਵਾਜ਼ ਪਰਤ ਕੇ ਸੁਣਾਈ ਦਿੱਤੀ ਤਾਂ ਉਸਨੂੰ ਬੜਾ ਚੰਗਾ ਲੱਗਾ। ਉਸਨੇ ਇਸਨੂੰ ਵਾਰ ਵਾਰ ਦੁਹਰਾਇਆ। ਮੈਂ ਤੈਨੂੰ ਪਿਆਰ ਕਰਦਾ ਹਾਂ।
ਸਾਡੀ ਜ਼ਿੰਦਗੀ ਦੀ ਅਨੂਗੂੰਜ ਸਾਡੀ ਗੂੰਜ ਦੇ ਅਨੁਰੂਪ ਹੀ ਹੁੰਦੀ ਹੈ। ਜਿਵੇਂ ਦਾ ਵਿਵਹਾਰ ਅਸੀਂ ਦੁੱਜਿਆਂ ਨਾਲ ਕਰਦੇ ਹਾਂ ਉਹੋ ਜਿਹਾ ਹੀ ਸਾਡੇ ਨਾਲ ਹੁੰਦਾ ਹੈ।
( ਸੀਰੀਜ਼ : ਗੰਗਾ ਸਾਗਰ ਵਿਚੋਂ )
ਪੇਸ਼ਕਸ਼:ਗੁਰਮਾਨ ਸੈਣੀ
ਰਾਬਤਾ : 9256346906,
8360487488
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly