ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਪਸੰਦ ਕਰਾਰ ਦੇਣ ਵਾਲੇ ਮਤੇ ਉਪਰ 13 ਮਾਰਚ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਵਿਚਾਰ ਚਰਚਾ ਹੋਣ ਦੀਆਂ ਰਿਪੋਰਟਾਂ ਦਰਮਿਆਨ ਚੀਨ ਨੇ ਕਿਹਾ ਕਿ ਗੱਲਬਾਤ ਰਾਹੀਂ ਹੀ ਕਿਸੇ ਜ਼ਿੰਮੇਵਾਰਾਨਾ ਹੱਲ ’ਤੇ ਅੱਪੜਿਆ ਜਾ ਸਕਦਾ ਹੈ। ਪੇਈਚਿੰਗ ਦਾ ਇਹ ਵੀ ਕਹਿਣਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਘੱਟ ਕਰਨ ਲਈ ਕੀਤੀ ਗੱਲਬਾਤ ਦਾ ਬਹੁਤਾ ਹਿੱਸਾ ਸੁਰੱਖਿਆ ਮਾਮਲਿਆਂ ਨਾਲ ਜੁੜਿਆ ਹੋਇਆ ਸੀ। ਪੁਲਵਾਮਾ ਹਮਲੇ ਤੋਂ ਬਾਅਦ ਮਸੂਦ ਨੂੰ ਆਲਮੀ ਦਹਿਸ਼ਤਪਸੰਦ ਕਰਾਰ ਦੇਣ ਲਈ ਅਮਰੀਕਾ, ਬਰਤਾਨੀਆ ਅਤੇ ਫਰਾਂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਮਤਾ ਪੇਸ਼ ਕੀਤਾ ਸੀ। ਰਿਪੋਰਟਾਂ ਮੁਤਾਬਕ ਇਸ ਮਤੇ ’ਤੇ ਸੁਰੱਖਿਆ ਕੌਂਸਲ ਦੇ 13 ਮਾਰਚ ਨੂੰ ਵਿਚਾਰ ਚਰਚਾ ਕਰਨ ਦੀ ਆਸ ਹੈ। ਚੀਨ ਤਿੰਨ ਵਾਰ ਇਸ ਮਤੇ ਨੂੰ ਵੀਟੋ ਕਰ ਚੁੱਕਿਆ ਹੈ ਅਤੇ ਹਾਲੇ ਤੱਕ ਇਸ ਨੇ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ। ਜਦੋਂ ਭਾਰਤ ਦੀ ਅਪੀਲ ਅਤੇ ਇਸ ਮੁੱਦੇ ’ਤੇ ਚੀਨ ਦੇ ਸਟੈਂਡ ਬਾਰੇ ਪੁੱਛਿਆ ਗਿਆ ਤਾਂ ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕਾਂਗ ਨੇ ਮੀਡੀਆ ਨੂੰ ਦੱਸਿਆ ‘‘ ਪਹਿਲੀ ਗੱਲ ਤਾਂ ਇਹ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਸੰਯੁਕਤ ਰਾਸ਼ਟਰ ਦੀ ਪ੍ਰਮੁੱਖ ਬਾਡੀ ਹੋਣ ਦੇ ਨਾਤੇ ਇਸ ਦੇ ਪੈਮਾਨੇ ਤੇ ਵਿਧੀਆਂ ਬਹੁਤ ਸਖ਼ਤ ਹਨ। ਕਿਸੇ ਨੂੰ ਦਹਿਸ਼ਤਗਰਦ ਕਰਾਰ ਦੇਣ ਬਾਰੇ ਚੀਨ ਦੀ ਪੁਜ਼ੀਸ਼ਨ ਬਹੁਤ ਸਪੱਸ਼ਟ ਤੇ ਨਿਰੰਤਰ ਹੈ। ਚੀਨ ਨੇ ਜ਼ਿੰਮੇਵਾਰ ਰਵੱਈਆ ਅਪਣਾਇਆ ਅਤੇ ਕਮੇਟੀ ਦੇ ਨੇਮਾਂ ਦੀ ਪਾਲਣਾ ਕੀਤੀ ਹੈ ਅਤੇ ਵਿਚਾਰ ਚਰਚਾ ਵਿਚ ਹਿੱਸਾ ਲਿਆ ਹੈ। ਵਿਚਾਰ ਚਰਚਾ ਰਾਹੀਂ ਹੀ ਕਿਸੇ ਜ਼ਿੰਮੇਵਾਰ ਹੱਲ ’ਤੇ ਅੱਪੜਿਆ ਜਾ ਸਕਦਾ ਹੈ।’’
World ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਕਰਾਰ ਦੇਣ ਬਾਰੇ ਮਤੇ ਉਪਰ ਵਿਚਾਰ ਭਲਕੇ