ਅਬੋਹਰ- ਇੱਥੋਂ ਦੀ ਨਵੀਂ ਅਬਾਦੀ ਗਲੀ ਨੰਬਰ 19 ਦੇ ਵਸਨੀਕ ਫਾਇਨਾਂਸਰ ਬਲਜਿੰਦਰ ਸਿੰਘ ਦੇ ਪਿਛਲੇ ਮਹੀਨੇ ਅਗਵਾ ਹੋਏ ਪੁੱਤਰ ਅਰਮਾਨ (13) ਦੀ ਲਾਸ਼ ਅੱਜ ਪੁਲੀਸ ਨੇ ਬਰਾਮਦ ਕੀਤੀ ਹੈ। ਅਰਮਾਨ ਅਬੋਹਰ ਦੇ ਡੀਏਵੀ ਸਕੂਲ ਵਿਚ ਸੱਤਵੀਂ ਜਮਾਤ ਵਿਚ ਪੜ੍ਹਦਾ ਸੀ। ਅਗਵਾਕਾਰਾਂ ਨੇ ਫਾਇਨਾਂਸਰ ਕੋਲੋਂ ਦੋ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਪੁਲੀਸ ਨੇ ਇਸ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦਾ ਅਰਮਾਨ ਦੇ ਪਿਤਾ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਮੁਲਜ਼ਮ ਬੱਚੇ ਦੇ ਪਿਤਾ ਨਾਲ ਇਕ ਮਹੀਨੇ ਤੱਕ ਬੱਚੇ ਦੀ ਭਾਲ ਦਾ ਡਰਾਮਾ ਕਰਦੇ ਰਹੇ। ਉਨ੍ਹਾਂ 17 ਅਕਤੂਬਰ ਦੀ ਰਾਤ ਨੂੰ ਅਰਮਾਨ ਨੂੰ ਅਗਵਾ ਕੀਤਾ ਸੀ ਅਤੇ ਉਸ ਤੋਂ ਦੋ ਦਿਨ ਬਾਅਦ 19 ਅਕਤੂਬਰ ਨੂੰ ਹੀ ਉਸ ਦੀ ਹੱਤਿਆ ਕਰ ਕੇ ਲਾਸ਼ ਜ਼ਮੀਨ ਵਿਚ ਦਫ਼ਨਾ ਦਿੱਤੀ ਸੀ। ਅੱਜ ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਲਾਸ਼ ਬਰਾਮਦ ਕੀਤੀ ਤੇ ਪੋਸਟਮਾਰਟਮ ਲਈ ਸਰਕਾਰੀ ਹਸਪਾਤਲ ਵਿਚ ਭੇਜ ਦਿੱਤੀ।
ਪ੍ਰਾਪਤ ਜਾਣਕਾਰੀ ਮੁਤਾਬਕ ਫਾਇਨਾਂਸਰ ਬਲਜਿੰਦਰ ਸਿੰਘ ਦਾ ਇਕਲੌਤਾ ਪੁੱਤਰ ਅਰਮਾਨ 17 ਅਕਤੂਬਰ ਰਾਤ ਨੂੰ ਗਲੀ ਵਿਚ ਖੇਡ ਰਿਹਾ ਸੀ ਕਿ 8 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਗਲੀ ਵਿਚ ਆਏ ਅਤੇ ਉਸ ਨੂੰ ਨਾਲ ਬਿਠਾ ਕੇ ਲੈ ਗਏ। ਬੱਚੇ ਦੇ ਘਰ ਨਾ ਪੁੱਜਣ ’ਤੇ ਪਰਿਵਾਰ ਨੇ ਉਸ ਦੀ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਿਆ। ਅਗਲੇ ਦਿਨ ਥਾਣੇ ਵਿਚ ਰਿਪੋਰਟ ਦਰਜ ਕਰਵਾਈ ਗਈ ਸੀ ਪਰ ਪੁਲੀਸ ਢਿੱਲ ਵਿਖਾਉਂਦੀ ਰਹੀ, ਜਿਸ ਕਰਕੇ ਪਰਿਵਾਰ ਨੇ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਲਾ ਦਿੱਤਾ। ਐੱਸਡੀਐੱਮ ਦੇ ਭਰੋਸੇ ਮਗਰੋਂ ਧਰਨਾ ਚੁੱਕ ਲਿਆ ਪਰ ਪੁਲੀਸ ਇਕ ਹਫ਼ਤੇ ਮਗਰੋਂ ਵੀ ਜਦੋਂ ਕੁਝ ਨਾ ਕਰ ਸੀ ਤਾਂ ਪਰਿਵਾਰ ਨੇ ਮੁੜ ਚੱਕਾ ਜਾਮ ਕਰ ਦਿੱਤਾ ਸੀ। ਉੱਥੇ ਵੀ ਪੁਲੀਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਚੁਕਵਾ ਦਿੱਤਾ ਸੀ।
ਮਗਰੋਂ ਪੁਲੀਸ ਨੇ ਅਰਮਾਨ ਨੂੰ ਲੱਭਣ ਲਈ ਘਰ-ਘਰ ਤਲਾਸ਼ੀ ਲਈ ਤੇ ਪਤਾ ਦੱਸਣ ਵਾਲੇ ਨੂੰ 2 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ ਪਰ ਸਫ਼ਲਤਾ ਹੱਥ ਨਾ ਲੱਗੀ। ਮਗਰੋਂ ਮੁਲਜ਼ਮਾਂ ਨੇ ਬਲਜਿੰਦਰ ਸਿੰਘ ਤੋਂ ਦੋ ਕਰੋੜ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ’ਤੇ ਬੱਚੇ ਨੂੰ ਜਾਨੋਂ ਮਾਰਨ ਦੀ ਗੱਲ ਕਹੀ।
ਪੁਲੀਸ ਮੁਤਾਬਕ ਮੁਲਜ਼ਮ ਅਰਮਾਨ ਨੂੰ ਸੀਤੋ ਰੋਡ ’ਤੇ ਸਥਿਤ ਕਿਰਾਏ ਦੇ ਮਕਾਨ ਵਿਚ ਲੈ ਗਏ ਅਤੇ ਉਸ ਦੀ ਵੀਡੀਓ ਬਣਾ ਕੇ 19-20 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਉਸ ਦੀ ਹੱਤਿਆ ਕਰ ਦਿੱਤੀ। ਮੁਲਜ਼ਮਾਂ ਦੀ ਪਛਾਣ ਸੁਨੀਲ ਕੁਮਾਰ ਉਰਫ ਸ਼ੀਲੂ ਅਤੇ ਪਵਨ ਕੁਮਾਰ ਉਰਫ਼ ਅੰਕੀ ਦੋਵੇਂ ਵਾਸੀ ਅਜ਼ੀਮਗੜ੍ਹ ਵਜੋਂ ਹੋਈ ਹੈ। ਪੁਲੀਸ ਨੇ ਉਨ੍ਹਾਂ ਕੋਲੋਂ ਵਾਰਦਾਤ ਵਿਚ ਵਰਤੀ ਗਈ ਆਲਟੋ ਕਾਰ ਅਤੇ ਮੋਬਾਈਲ ਬਰਾਮਦ ਕੀਤਾ ਹੈ।
ਉਨ੍ਹਾਂ ਫਿਰੌਤੀ ਮੰਗਣ ਲਈ ਮੈਸੇਂਜਰ ਐਪ ਦੀ ਵਰਤੋਂ ਕੀਤੀ ਸੀ। ਉਨ੍ਹਾਂ ਬੱਚੇ ਨੂੰ ਛੱਡਣ ਬਦਲੇ ਦੋ ਕਰੋੜ ਰੁਪਏ ਮੰਗੇ ਸਨ ਤੇ ਸੌਦਾ 42 ਲੱਖ ਵਿਚ ਤੈਅ ਹੋਇਆ ਸੀ। ਉਨ੍ਹਾਂ ਬਠਿੰਡਾ ਨੇੜੇ ਪੈਸੇ ਪਹੁੰਚਾਉਣ ਲਈ ਕਿਹਾ ਸੀ। ਬਲਜਿੰਦਰ ਸਿੰਘ ਪੈਸੇ ਲੈ ਕੇ ਦੱਸੀ ਜਗ੍ਹਾ ’ਤੇ ਪੁੱਜ ਗਿਆ ਪਰ ਕੋਈ ਪੈਸੇ ਚੁੱਕਣ ਨਹੀਂ ਆਇਆ। ਪੁਲੀਸ ਨੇ ਮੈਸੇਂਜਰ ਦੀ ਲੋਕੇਸ਼ਨ ਟਰੇਸ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
INDIA ਅਗਵਾ ਮਾਮਲਾ: ਪੈਸਿਆਂ ਲਈ ਫਾਇਨਾਂਸਰ ਦੇ ਪੁੱਤਰ ਦੀ ਹੱਤਿਆ