ਮੁੰਬਈ (ਸਮਾਜ ਵੀਕਲੀ) : ਅਦਾਕਾਰ ਅਤੇ ਸਮਾਜਸੇਵੀ ਸੋਨੂ ਸੂਦ ਨੇ ਕਿਹਾ ਕਿ ਜਿਹੜੇ ਵੀ ਵਿਅਕਤੀ ਨੇ ਆਕਸੀਜਨ ਅਤੇ ਟੀਕਿਆਂ ਦੀ ਘਾਟ ਕਾਰਨ ਆਪਣੇ ਪਿਆਰਿਆਂ ਨੂੰ ਗੁਆਇਆ ਹੈ, ਉਹ ਫੇਲ੍ਹ ਨਹੀਂ ਹੋਇਆ। ਦੇਰ ਰਾਤ ਟਵੀਟ ਕਰਦਿਆਂ ਸੋਨੂ ਸੂਦ ਨੇ ਲਿਖਿਆ, ‘‘ਕੋਈ ਵੀ ਜਿਸ ਨੇ ਆਕਸੀਜਨ ਜਾਂ ਟੀਕੇ ਦੀ ਘਾਟ ਕਾਰਨ ਆਪਣੇ ਕਿਸੇ ਪਿਆਰੇ ਨੂੰ ਗੁਆਇਆ ਹੈ, ਉਹ ਸਾਰੀ ਉਮਰ ਚੈਨ ਨਾਲ ਨਹੀਂ ਰਹਿ ਸਕੇਗਾ। ਉਹ ਹਮੇਸ਼ਾ ਇਸ ਭਾਵਨਾ ਨਾਲ ਜਿਊਂਦਾ ਰਹੇਗਾ ਕਿ ਉਹ ਆਪਣੇ ਪਰਿਵਾਰ ਦੀ ਜਾਨ ਨਹੀਂ ਬਚਾ ਸਕਿਆ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ… ਤੁਸੀਂ ਫੇਲ੍ਹ ਨਹੀਂ ਹੋਏ, ਅਸੀਂ ਹੋਏ ਹਾਂ।’’
ਪਿਛਲੇ ਸਾਲ ਤੋਂ ਸੋਨੂੰ ਸੂਦ ਕਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅਣਥੱਕ ਕੰਮ ਕਰ ਰਿਹਾ ਹੈ। ਉਹ ਅਤੇ ਉਸ ਦੀ ਟੀਮ ਨੇ ਹਾਲ ਹੀ ਵਿੱਚ ਬੰਗਲੁਰੂ ਦੇ ਹਸਪਤਾਲ ਵਿੱਚ 22 ਮਰੀਜ਼ਾਂ ਦੀ ਜਾਨ ਬਚਾਈ ਹੈ ਅਤੇ ਕਰੋਨਾ ਪ੍ਰਭਾਵਿਤ ਗੰਭੀਰ ਮਰੀਜ਼ਾਂ ਨੂੰ ਲੋੜੀਂਦੇ ਇਲਾਜ ਲਈ ਝਾਂਸੀ ਤੋਂ ਹੈਦਰਾਬਾਦ ਲਿਆਂਦਾ ਹੈ। ਸੋਨੂ ਨੇ ਬੀਤੇ ਦਿਨ ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਦਾ ਕਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਦੇ ਬੱਚਿਆਂ ਦੀ ਮੁਫ਼ਤ ਪੜ੍ਹਾਈ ਦਾ ਪ੍ਰਬੰਧ ਕਰਨ ਦੀ ਅਪੀਲ ਬਦਲੇ ਧੰਨਵਾਦ ਕੀਤਾ ਸੀ। ਉਸ ਨੇ ਪ੍ਰਿਯੰਕਾ ਨੂੰ ਲਿਖਿਆ, ‘‘ਤੁਹਾਡੇ ਸਮਰਥਨ ਲਈ ਬਹੁਤ ਬਹੁਤ ਧੰਨਵਾਦ ਪ੍ਰਿਯੰਕਾ। ਮੈਂ ਵਾਅਦਾ ਕਰਦਾ ਹਾਂ ਕਿ ਅਸੀਂ ਅਜਿਹਾ ਹੀ ਕਰਾਂਗੇ।’’ ਸੋਨੂ ਨੇ ਇਸ ਦੇ ਨਾਲ ਇੱਕ ਜੁੜੇ ਹੱਥਾਂ ਵਾਲੀ ਧੰਨਵਾਦੀ ਇਮੋਜੀ ਵੀ ਪੋਸਟ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly