ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ 14 ਦਸੰਬਰ ਨੂੰ ਪਾਰਟੀ ਦਾ ਸਥਾਪਨਾ ਦਿਵਸ ਅਕਾਲ ਤਖ਼ਤ ਵਿਖੇ ਅਤੇ ਪੰਜਾਬ ਭਰ ਵਿਚ ਮਨਾਇਆ ਜਾਵੇਗਾ। ਇਸ ਦੇ ਨਾਲ ਹੀ ਪਾਰਟੀ ਨੇ ਰਾਜ ਭਰ ’ਚ ਸਜਾਏ ਜਾਣ ਵਾਲੇ ਨਗਰ ਕੀਰਤਨ ਵਿਚ ਹਿੱਸਾ ਲੈਣਾ ਦਾ ਫ਼ੈਸਲਾ ਕੀਤਾ ਹੈ। ਇਹ ਨਗਰ ਕੀਰਤਨ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਜਾਇਆ ਜਾਵੇਗਾ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਕੋਰ ਕਮੇਟੀ ਦੀ ਮੀਟਿੰਗ ਵਿਚ ਅੰਮ੍ਰਿਤਸਰ ਰੇਲ ਹਾਦਸੇ ਦੇ ਕੇਸ ’ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਲੀਨ ਚਿੱਟ ਦੇਣ ਦੀ ਨਿਖੇਧੀ ਕੀਤੀ ਗਈ। ਇਸ ਤੋਂ ਇਲਾਵਾ ਗੰਨਾ ਉਤਪਾਦਕਾਂ ਦੇ ਬਕਾਏ ਵਿਆਜ ਸਮੇਤ ਦੇਣ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਤੁਰੰਤ ਮਹਿੰਗਾਈ ਭੱਤਾ ਜਾਰੀ ਕਰਨ ਦੀ ਮੰਗ ਕੀਤੀ। ਕੋਰ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਤਾਰਪੁਰ ਲਾਂਘਾ ਬਣਾਉਣ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।
ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਸਥਾਪਨਾ ਦਿਵਸ ਮੌਕੇ ਟਕਸਾਲੀ ਵਰਕਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਵਰਕਰਾਂ ਵੱਲੋਂ ਹਰ ਹਲਕੇ ਦੇ ਗੁਰਦੁਆਰੇ ਵਿਖੇ ਅਖੰਡ ਪਾਠ ਦਾ ਪ੍ਰਕਾਸ਼ ਕਰਵਾ ਕੇ ਸਥਾਪਨਾ ਦਿਵਸ ਮਨਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੀਆਂ ਨਿਸ਼ਾਨੀਆਂ ਸਮੇਤ ਸਜਾਏ ਜਾਣ ਵਾਲੇ ਰਾਜ ਪੱਧਰੀ ਨਗਰ ਕੀਰਤਨ ਵਿਚ ਵੀ ਅਕਾਲੀ ਦਲ ਦੇ ਵਰਕਰ ਵਧ-ਚੜ੍ਹ ਕੇ ਸ਼ਾਮਲ ਹੋਣਗੇ।
ਕੋਰ ਕਮੇਟੀ ਨੇ ਮੰਗ ਕੀਤੀ ਕਿ ਗੰਨਾ ਉਤਪਾਦਕਾਂ ਦੇ 417 ਕਰੋੜ ਰੁਪਏ ਦੇ ਬਕਾਏ ਵਿਆਜ ਸਮੇਤ ਦਿੱਤੇ ਜਾਣ। ਕਮੇਟੀ ਨੇ ਇਹ ਵੀ ਮੰਗ ਕੀਤੀ ਕਿ ਝੋਨਾ ਉਤਪਾਦਕਾਂ ਨੂੰ ਆਪਣੀ ਫ਼ਸਲ ਵੇਚਣ ਲਈ ਜਿਹੜੀ 100 ਰੁਪਏ ਤੋਂ ਲੈ ਕੇ 150 ਰੁਪਏ ਪ੍ਰਤੀ ਕੁਇੰਟਲ ਰਿਸ਼ਵਤ ਦੇਣੀ ਪਈ ਹੈ, ਉਸ ਦੀ ਭਰਪਾਈ ਲਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਕਮੇਟੀ ਨੇ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਦੇਣ ਤੋਂ ਇਨਕਾਰ ਕਰ ਰਹੀ ਹੈ। ਕਮੇਟੀ ਨੇ 4000 ਕਰੋੜ ਰੁਪਏ ਦੇ ਬਕਾਇਆ ਸਮੇਤ ਮਹਿੰਗਾਈ ਭੱਤਾ ਵੀ ਜਾਰੀ ਕਰਨ ਦੀ ਮੰਗ ਕੀਤੀ।
ਕਮੇਟੀ ਨੇ ਮੰਗ ਕੀਤੀ ਕਿ ਠੇਕੇ ਉੱਤੇ ਰੱਖੇ ਸਾਰੇ ਕਰਮਚਾਰੀਆਂ ਨੂੰ 2016 ਵਿਚ ਪਾਸ ਕੀਤੇ ਐਕਟ ਮੁਤਾਬਿਕ ਪੱਕਾ ਕੀਤਾ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਪਾਰਟੀ ਵੱਲੋਂ ਅੰਦੋਲਨ ਵਿੱਢਿਆ ਜਾਵੇਗਾ। ਅਕਾਲੀ ਦਲ ਨੇ ਲਾਂਘੇ ਦੇ ਮਾਮਲੇ ’ਤੇ ਕੇਂਦਰ ਸਰਕਾਰ, ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਇਸ ਸਬੰਧੀ ਮਤੇ ਵਿਚ ਕਿਹਾ ਗਿਆ ਕਿ ਇਹ ਲਾਂਘਾ ਗੁਰੂ ਸਾਹਿਬਾਨ ਦੀ ਮਿਹਰ ਤੇ ਸੰਗਤ ਦੀ ਅਰਦਾਸ ਨਾਲ ਸੰਭਵ ਹੋਇਆ ਹੈ। ਇਸ ਦੇ ਨਾਲ ਹੀ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ ਤੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਵੱਲੋਂ ਕੀਤੇ ਸੰਘਰਸ਼ ਦਾ ਨਤੀਜਾ ਹੈ। ਪਾਰਟੀ ਨੇ ਲਾਂਘੇ ਪ੍ਰਤੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਸੰਘਰਸ਼ ਦੀ ਵੀ ਸ਼ਲਾਘਾ ਕੀਤੀ।
ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਹਰਸਿਮਰਤ ਕੌਰ ਬਾਦਲ, ਚਰਨਜੀਤ ਸਿੰਘ ਅਟਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਜਥੇਦਾਰ ਤੋਤਾ ਸਿੰਘ, ਹਰੀ ਸਿੰਘ ਜ਼ੀਰਾ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜੰਗੀਰ ਕੌਰ ਆਦਿ ਹਾਜ਼ਰ ਸਨ।
INDIA ਅਕਾਲ ਤਖ਼ਤ ਅਤੇ ਪੰਜਾਬ ਭਰ ਵਿਚ ਸਥਾਪਨਾ ਦਿਵਸ ਮਨਾਏਗਾ ਅਕਾਲੀ ਦਲ