ਗ਼ਜ਼ਲ  – ਰਾਜਿੰਦਰ ਪਰਦੇਸੀ 

ਖੰਭਾਂ ਨੂੰ ਖਫ਼ਾ ਕਰਕੇ ਪਰਵਾਜ਼ ਨੂੰ ਤਰਸੋਗੇ ।

ਗਹਿਣੇ ਨਾ ਧਰੋ ਜੀਭਾਂ ਆਵਾਜ਼ ਨੂੰ ਤਰਸੋਗੇ ।

ਇਜ਼ਹਾਰ ਦਾ ਆਲਮ ਹੈ ਨਾ ਸ਼ਬਦ ਕਰੋ ਗੂੰਗੇ
ਗਈ ਚੁੱਪ ਸਰਾਪੀ ਜੇ ਅਲਫ਼ਾਜ਼ ਨੂੰ ਤਰਸੋਗੇ ।

ਪੁਰਨੂਰ ਇਹ ਸੋਚਾਂ ਨੂੰ ਅੰਧੇਰ ਨ ਵਰਤਾਵੋ
ਇਹ ਰੋਗ ਜੇ ਫੈਲ ਗਿਆ ਤਾਂ ਇਲਾਜ਼ ਨੂੰ ਤਰਸੋਗੇ ।

ਰੰਗਾਂ ਦੀ ਤਲਾਸ਼ੀ ਹੁਣ ਇਹ ਬੰਦ ਕਰੋ ਲੈਣੀ
ਰੰਗਾਂ ਦੇ ਨਹੀਂ ਤਾਂ ਫਿਰ ਸ਼ਹਿ-ਬਾਜ਼ ਨੂੰ ਤਰਸੋਗੇ ।

ਕੀਤੀ ਜੇ ਨਾ ਸੁਰ ਹੁਣ ਵੀ ਦਿਲਦਾਰ ਸਿਤਾਰ ਅਪਣੀ
ਸੁਰਤਾਲ ਨੂੰ ਤਰਸੋਗੇ ਸੁਰਤਾਜ ਨੂੰ ਤਰਸੋਗੇ ।

ਸਾਹਾਂ ‘ਚ ਵਸਾ ਲੈਣਾ ਤਰਤੀਬ ‘ਚ ਸਾਹਾਂ ਨੂੰ
ਜੇ ਬਿਖਰ ਗਏ ਤਾਂ ਫਿਰ ਸ਼ੀਰਾਜ਼ ਨੂੰ ਤਰਸੋਗੇ ।

ਸਭ ਰਾਜ਼ ਕਰੋ ਸਾਂਝੇ ਬਸ ਸੋਚ ਸਮਝ ਕੇ ਹੀ
ਨਹੀਂ ਰਾਜ਼ ਗੁਆ ਕੇ ਫਿਰ ਹਮਰਾਜ਼ ਨੂੰ ਤਰਸੋਗੇ ।

ਜਿਸ ਪਿਆਰ ਸਲੀਕੇ ਸੰਗ ਹੰਝੂ ਵੀ ਸੀ ਮੁਸਕਾਏ
ਤਾ ਉਮਰ ਇਹ ਵਿਛੜਨ ਦੇ ਅੰਦਾਜ਼ ਨੂੰ ਤਰਸੋਗੇ ।

ਕੀਤੀ ਹੀ ਨ ਨਿਰਧਾਰਤ ਹੁਣ ਵੀ ਜੇ ਦਿਸ਼ਾ ਅਪਣੀ
ਅੰਜਾਮ ਤਾਂ ਦੂਰ ਰਿਹਾ ਆਗ਼ਾਜ਼ ਨੂੰ ਤਰਸੋਗੇ ।

ਫ਼ੁਰਸਤ ਹੀ ਨਹੀਂ ਹੁਣ ਤਾਂ ਗਲ-ਬਾਤ ਵੀ ਕਰਨੇ ਦੀ
ਜਦ ਆਣ ਬਣੀ ਜਿੰਦ ਤੇ ਜ਼ਾਂ-ਬਾਜ਼ ਨੂੰ ਤਰਸੋਗੇ ।

ਚੁਪ-ਚਾਪ ਦੁਆ ਕਰਕੇ ਚੁਪ-ਚਾਪ ਚਲੇ ਜਾਣਾ
ਸਾਡੇ ਇਹ ਫ਼ਕੀਰਾਨਾ-ਅੰਦਾਜ਼ ਨੂੰ ਤਰਸੋਗੇ ।

ਰੰਗਾਂ ਦੀ ਇਹ ਗਾਗਰ ਵਿਚ ਜੋ ਪਿਆਰ ਦੇ ਗੜਵੇ ਨੇ
ਸੰਭਾਲ ਲਵੋ ਨਈਂ ਤਾਂ ਰੰਗ-ਰਾਜ਼ ਨੂੰ ਤਰਸੋਗੇ ।

ਤਿੜਕਣ ਦੇ ਮੁਹਾਣੇ ਹੈ ਟੁਟ ਜਾਵੇ ਨ “ਪਰਦੇਸੀ”
ਟੁਟਿਆ ਤਾਂ ਉਧੇ ਸ਼ੀਰੀ-ਅੰਦਾਜ਼ ਨੂੰ ਤਰਸੋਗੇ ।