ਸੰਸਾਰ ਪ੍ਰਸਿੱਧ ਭਾਰਤੀ ਪੰਛੀ ਵਿਗਿਆਨੀ ਡਾ. ਸਲੀਮ ਅਲੀ

ਸੰਸਾਰ ਪ੍ਰਸਿੱਧ ਪੰਛੀ ਵਿਗਿਆਨੀ ਡਾ. ਸਲੀਮ ਅਲੀ ਇੱਕ ਅਜਿਹਾ ਨਾਂ ਹੈ ਜੋ ਇਤਿਹਾਸ ਦੀ ਹਿੱਕ ‘ਤੇ ਕਦੇ ਨਾ ਮਿਟਣ ਵਾਲੀਆਂ ਪੈੜਾਂ ਪਾ ਗਿਆ ਹੈ। ‘ਬਰਡਮੈਨ’ ਦੇ ਨਾਂ ਨਾਲ ਜਾਣੇ ਜਾਣ ਵਾਲੇ ਇਸ ਭਾਰਤੀ ਵਿਗਿਆਨੀ ਦਾ ਜਨਮ ਮਿਤੀ 12 ਨਵੰਬਰ 1896 ਨੂੰ ਦੱਖਣੀ ਮੁੰਬਈ ਦੀ ਸੰਘਣੀ ਆਬਾਦੀ ਵਾਲੀ ਬਸਤੀ, ਖੇਤਵਡੀ ਵਿੱਚ ਹੋਇਆ।। ਮੱਧ ਸ਼੍ਰੇਣੀ ਦੀ ਇਸ ਬਸਤੀ ਵਿੱਚ ਹੀ ਉਸ ਦਾ ਪਾਲਣ-ਪੋਸ਼ਣ ਹੋਇਆ।। ਡਾ. ਸਲੀਮ ਅਲੀ ਨੇ ਖੇਤੀ ਅਤੇ ਰੁੱਖਾਂ ਦੀ ਪ੍ਰਫੁਲਤਾ ਲਈ ਪੰਛੀਆਂ ਦੇ ਵਾਧੇ ਦੀ ਭਰਪੂਰ ਪ੍ਰੋੜ੍ਹਤਾ ਕੀਤੀ ਹੈ।। ਡਾ. ਅਲੀ ਮੁਤਾਬਕ, ”ਸਾਡੇ ਦੇਸ਼ ਵਿੱਚ ਕੀੜਿਆਂ-ਮਕੌੜਿਆਂ ਦੀਆਂ ਜਿਣਸਾਂ ਦੀ ਗਿਣਤੀ 30 ਹਜ਼ਾਰ ਤਕ ਹੈ। ਇਹ ਗਿਣਤੀ ਪੰਛੀਆਂ ਦੀਆਂ ਜਿਣਸਾਂ ਨਾਲੋਂ 15 ਗੁਣਾ ਜ਼ਿਆਣਾ ਹੈ।। ਕਈ ਫ਼ਸਲੀ ਕੀੜੇ ਅਜਿਹੇ ਵੀ ਹਨ ਜਿਹੜੇ ਇੱਕੋ ਰੁੱਤ ਵਿੱਚ ਛੇ ਕਰੋੜ ਤਕ ਵਧ ਜਾਂਦੇ ਹਨ। ਕਈ ਫ਼ਸਲੀ ਸੁੰਡੀਆਂ ਅਜਿਹੀਆਂ ਹਨ ਜਿਹੜੀਆਂ ਇੱਕੋ ਦਿਨ ਵਿੱਚ ਆਪਣੇ ਭਾਰ ਨਾਲੋਂ ਦੁੱਗਣਾ ਖਾ ਜਾਂਦੀਆਂ ਹਨ, ਕਈ ਮਾਸਖੋਰੇ ਕੀੜੇ 24 ਘੰਟਿਆਂ ਵਿੱਚ ਆਪਣੇ ਵਜ਼ਨ ਨਾਲੋਂ ਦੋ ਸੌ ਗੁਣਾ ਵੱਧ ਖਾ ਸਕਦੇ ਹਨ।। ਮੱਕੜੀ ਤੋਂ ਕੀਤੀਆਂ ਤਬਾਹੀਆਂ ਵੀ ਮਨੁੱਖਾਂ ਨੂੰ ਨਹੀਂ ਭੁੱਲੀਆਂ।। ਇਸ ਕੀਟ ਜਗਤ ਉੱਪਰ ਚੰਗਾ ਕੰਟਰੋਲ ਰੱਖਣ ਦਾ ਕੰਮ ਕੁਦਰਤ ਨੇ ਪੰਛੀਆਂ ਨੂੰ ਸੌਂਪ ਦਿੱਤਾ ਸੀ।। ਇਸ ਦਾ ਸਹੀ ਹੱਲ ਕੀਟਨਾਸ਼ਕ ਦਵਾਈਆਂ ਨਹੀਂ ਸਗੋਂ ਪੰਛੀ-ਜਗਤ ਦੀ ਰਾਖੀ ਹੈ”
ਡਾ. ਸਲੀਮ ਅਲੀ, ਜਿਸ ਨੇ ਆਪਣੀ ਸਾਰੀ ਉਮਰ ਪੰਛੀ ਵਿਗਿਆਨ ਦੇ ਖੇਤਰ ‘ਚ ਅਧਿਐਨ ਕਰਦਿਆਂ ਲਾ ਦਿੱਤੀ, ਨੇ ਕੁਝ ਨਵੀਆਂ ਲੀਹਾਂ ਪਾਉਣ ਤੋਂ ਇਲਾਵਾ ਅਨੇਕਾਂ ਵਿਸ਼ਲੇਸ਼ਣਾਤਮਕ ਅਧਿਐਨ ਕੀਤੇ।। ਮਿਸਾਲ ਵਜੋਂ, ਉਸ ਨੇ ਬਯਾ ਪੰਛੀ (ਬਿਜੜਾ) ਦੇ ਜੀਵਨ ਬਾਰੇ ਦਿਲਚਸਪ ਜਾਣਕਾਰੀ ਪ੍ਰਾਪਤ ਕੀਤੀ।। ਇਸ ਕਲਾਕਾਰ ਪੰਛੀ ਦਾ ਨਰ, ਮਦੀਨ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਉਣ ਲਈ ਸੁੰਦਰ ਆਲ੍ਹਣਾ ਬਣਾਉਂਦਾ ਹੈ।। ਜੇ ਮਦੀਨ ਨੂੰ ਉਸ ਦਾ ਬਣਾਇਆ ਆਲ੍ਹਣਾ ਪਸੰਦ ਆ ਜਾਵੇ ਤਾਂ ਉਹ ਉਸ ਨਾਲ ਵਿਆਹ ਕਰਵਾਉਣ ਲਈ ਰਜ਼ਾਮੰਦ ਹੋ ਜਾਂਦੀ ਹੈ।। ਇਹ ਪ੍ਰਯੋਗ ਸਿੱਧ ਅਧਿਐਨ, ਉਸ ਨੇ ਰਾਏਗਡ ਜ਼ਿਲ੍ਹੇ ਵਿਚਲੇ ਕਹੀਮ ਦੇ ਸੁੰਦਰ ਕੁਦਰਤੀ ਆਲੇ-ਦੁਆਲੇ ਵਿੱਚ ਕੀਤਾ।।
ਡਾ. ਸਲੀਮ ਅਲੀ, ਇਸ ਧਰਤੀ ਦਾ ਉਹ ਮਹਾਨ ਸਪੂਤ ਸੀ ਜਿਸ ਨੇ ਪੰਛੀਆਂ ਦੀਆਂ ਨਸਲਾਂ ਨੂੰ ਬਚਾਉਣ ਲਈ ਕਈ ਉਪਰਾਲੇ ਕੀਤੇ।।ਉਸ ਨੇ ਰੂਸ/ਸਾਇਬੇਰੀਆ ਵੱਲੋਂ ਆਉਂਦੇ ਪਰਵਾਸੀ ਪੰਛੀਆਂ ਦਾ ਲੰਮੇ ਸਮੇਂ ਤਕ ਅਧਿਐਨ ਕੀਤਾ। ਉਸ ਮੁਤਾਬਕ ਪੰਛੀਆਂ ਦੀਆਂ ਘੱਟੋ-ਘੱਟ 300 ਜਿਣਸਾਂ ਭਾਰਤ ਅਤੇ ਰੂਸ ਵਿਚਕਾਰ ਪਰਵਾਸ ਕਰਦੀਆਂ ਹਨ।। ਇਨ੍ਹਾਂ ਵਿੱਚੋਂ ਕੁਝ ਤਾਂ ਬਹੁਤ ਹੀ ਅਦੁੱਤੀਆਂ ਹਨ ਪਰ ਸ਼ਿਕਾਰੀ ਇਨ੍ਹਾਂ ਦਾ ਸ਼ਿਕਾਰ ਕਰਨੋਂ ਟਲਦੇ ਨਹੀਂ।। ਡਾ. ਸਲੀਮ ਅਲੀ, ਦਸ ਵਰ੍ਹੇ ਦੋਵਾਂ ਸਰਕਾਰਾਂ ਨੂੰ ਪ੍ਰੇਰਦਾ ਰਿਹਾ ਕਿ ਇਨ੍ਹਾਂ ਪਰਵਾਸੀ ਪੰਛੀਆਂ ਨੂੰ ਸੁਰੱਖਿਆ ਦਿੱਤੀ ਜਾਵੇ।। ਇਸ ਪ੍ਰੇਰਨਾ ਅਧੀਨ ਹੀ ਭਾਰਤ-ਰੂਸ ਨੇ ਇੱਕ ਸੰਧੀ ਕੀਤੀ।। ਇਸ ਸੰਧੀ ਅਨੁਸਾਰ ਇਨ੍ਹਾਂ ਪੰਛੀਆਂ ਜਾਂ ਇਨ੍ਹਾਂ ਦੇ ਆਂਡਿਆਂ ਨੂੰ ਕੇਵਲ ਵਿੱਦਿਅਕ ਅਤੇ ਵਿਗਿਆਨ ਖੋਜ ਲਈ ਹੀ ਫੜਿਆ ਜਾਂ ਇਕੱਤਰ ਕੀਤਾ ਜਾ ਸਕਦਾ ਹੈ।। ਦੋਵਾਂ ਧਿਰਾਂ ਨੇ ਫ਼ੈਸਲਾ ਲਿਆ ਕਿ ਇਨ੍ਹਾਂ ਪਰਵਾਸੀ ਪੰਛੀਆਂ ਲਈ ਯੋਗ ਵਾਤਾਵਰਨ ਦੀਆਂ ਰੱਖਾਂ ਕਾਇਮ ਕੀਤੀਆਂ ਜਾਣਗੀਆਂ ਅਤੇ ਖੋਜ ਕਾਰਜਾਂ ਦਾ ਅਦਾਨ-ਪ੍ਰਦਾਨ ਵੀ ਕੀਤਾ ਜਾਵੇਗਾ।। ਸਾਂਝੀਆਂ ਖੋਜ ਟੀਮਾਂ ਵੀ ਇਸ ਕਾਰਜ ਵਿੱਚ ਹਿੱਸਾ ਲੈਣਗੀਆਂ। ਇਸ ਤਰ੍ਹਾਂ ਪੰਛੀਆਂ ਦੀ ਸੁਰੱਖਿਆ ਦੇ ਅੰਦੋਲਨ ਨੂੰ ਗਰਮਾਉਣ ਦਾ ਕੰਮ ਡਾ. ਸਲੀਮ ਅਲੀ ਨੇ ਕੀਤਾ ਸੀ।।
ਡਾ. ਅਲੀ 1908 ਵਿੱਚ ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਦੇ ਸੰਪਰਕ ਵਿੱਚ ਆਏ ਅਤੇ ਸਾਰੀ ਉਮਰ ਇਸ ਸੰਸਥਾ ਦੀ ਰਹਿਨੁਮਾਈ ਕਰਦੇ ਰਹੇ।। ਇਹ ਸੁਸਾਇਟੀ ਪੰਛੀਆਂ ਅਤੇ ਜੰਗਲੀ ਜੀਵਾਂ ਨੂੰ ਨੁਕਸਾਨ ਤੋਂ ਬਚਾਉਣ ਅਤੇ ਇਨ੍ਹਾਂ ਦੇ ਵਿਗਿਆਨਕ ਅਧਿਐਨ ਸਬੰਧੀ ਏਸ਼ੀਆ ਦੀ ਸਰਬ ਪ੍ਰਥਮ ਸੰਸਥਾ ਹੈ।। ਉਸ ਨੂੰ ਪੰਛੀਆਂ ਅਤੇ ਜੰਗਲੀ ਜੀਵਾਂ ਦੇ ਵਿਗਿਆਨਕ ਅਧਿਐਨ ਦੇ ਖੇਤਰ ਵਿੱਚ ਕੀਤੀਆਂ ਸੇਵਾਵਾਂ ਦੇ ਬਦਲੇ ਬਹੁਤ ਸਾਰੇ ਮਾਣ-ਸਨਮਾਨ ਮਿਲੇ।। ਸਾਲ 1958 ਵਿੱਚ ਪਦਮ ਭੂਸ਼ਨ ਤੇ 1976 ਵਿੱਚ ਉਸ ਨੂੰ ਪਦਮ ਵਿਭੂਸ਼ਨ ਸਨਮਾਨ ਮਿਲਿਆ।। ਅਲੀਗੜ੍ਹ ਤੋਂ ਇਲਾਵਾ ਦਿੱਲੀ ਅਤੇ ਆਂਧਰਾ ਪ੍ਰਦੇਸ਼ ਦੀਆਂ ਯੂਨੀਵਰਸਿਟੀਆਂ ਵੱਲੋਂ ਉਸ ਨੂੰ ਡਾਕਟਰ ਆਫ਼ ਸਾਇੰਸ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।। 1986 ਵਿੱਚ ਉਸ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ।।
ਡਾ. ਸਲੀਮ ਅਲੀ ਕੌਮਾਂਤਰੀ ਪੱਧਰ ਦਾ ਵਿਗਿਆਨੀ ਸੀ।। ਪੰਛੀਆਂ ਬਾਰੇ ਵਿਗਿਆਨਕ ਲੀਹਾਂ ‘ਤੇ ਉਸ ਨੇ ਅਨੇਕਾਂ ਪੁਸਤਕਾਂ ਲਿਖੀਆਂ।। ਆਪਣੀ ਸਾਰੀ ਉਮਰ ਪੰਛੀਆਂ ਅਤੇ ਜੰਗਲੀ ਜੀਵਾਂ ਨੂੰ ਸਮਰਪਿਤ ਕਰਨ ਵਾਲਾ ਇਹ ਮਹਾਨ ਵਿਗਿਆਨੀ ਅਤੇ ਕੁਦਰਤ ਦਾ ਵਣਜਾਰਾ 20 ਜੂਨ 1987 ਨੂੰ ਇਸ ਨਾਸ਼ਵਾਨ ਸੰਸਾਰ ਤੋਂ ਸਦਾ ਲਈ ਕੂਚ ਕਰ ਗਿਆ।।

ਡਾ. ਹਰਚੰਦ ਸਿੰਘ ਸਰਹਿੰਦੀ
ਮੋਬਾਇਲ : 92178-45812