ਸਿਰੀ ਰਾਮ ਅਰਸ਼ ਦੀਆਂ ਰਚਨਾਵਾਂ

                      ਸਿਰੀ ਰਾਮ ਅਰਸ਼             
ਗ਼ਜ਼ਲ
ਉਨ੍ਹਾਂ ਨੇ ਸੋਚਕੇ ਦਰਿਆ ਦੇ ਪਹਿਲਾਂ ਪੁਲ ਬਣਾ ਦਿੱਤਾ।
ਤੇ ਫਿਰ ਪੁਲ ‘ਤੇ ਚਿਰਾਗ਼ੀ ਵਾਸਤੇ ਲੁੱਡਣ ਬਠਾ ਦਿੱਤਾ।
ਜਦੋਂ ਦੇਖੇ ਮੈਂ ਝੱਖੜ ਵਧ ਰਹੇ ਮੇਰੇ ਨਗਰ ਵੱਲ ਨੂੰ,
ਤਦੋਂ ਘਰ ਦੇ ਬਨੇਰੇ ‘ਤੇ ਮੈਂ ਇੱਕ ਦੀਵਾ ਜਗਾ ਦਿੱਤਾ।
ਇਹ ਕੈਸੀ ਦੂਰ-ਅੰਦੇਸ਼ੀ ਹੈ ਮੇਰੇ ਰਾਹਬਰੋ! ਦੱਸੋ?
ਤੁਸੀਂ ਹੱਸਕੇ ਮਜ਼ਾਰਾਂ ਹੇਠਲਾ ਰਕਬਾ ਵਧਾ ਦਿੱਤਾ।
ਖ਼ਿਲਾਫ਼ ਉਨ੍ਹਾਂ ਦੇ ਜਿਨ੍ਹਾਂ ਨੇ ਜੋਸ਼ ਵਿੱਚ ਨਾਅਰੇ ਲਗਾਏ ਸਨ,
ਉਸੇ ਨੇ ਨਾਬਰਾਂ ਦੇ ਜੋਸ਼ ਨੂੰ ਗੂੰਗਾ ਬਣਾ ਦਿੱਤਾ।
ਜਿਹੜੇ ਦਰਬਾਰ ਵਿੱਚ ਜਾ ਕੇ ਸਿਰਾਂ ਦੇ ਮੁੱਲ ਪੈਂਦੇ ਹਨ,
ਵਤਨ ਦੇ ਸੂਰਬੀਰਾਂ ਨੇ ਉਸੇ ਦਰ ਦਾ ਪਤਾ ਦਿੱਤਾ।
ਕਿਵੇਂ ਮੁਫ਼ਲਿਸ ਵਿਚਾਰਾ ਏਸ ਥਾਂ ਕੱਟੇਗਾ ਦਿਨ ਆਪਣੇ,
ਤੁਸੀਂ ਲੋੜੀਂਦੀਆਂ ਵਸਤਾਂ ‘ਤੇ ਡਾਢਾ ਕਰ ਲਗਾ ਦਿੱਤਾ।
ਤੁਹਾਡਾ ਸ਼ੁਕਰੀਆ ਰੱਬਾ! ਜੋ ਕਹਿੰਦੇ ਹੋ, ਉਹ ਕਰਦੇ ਹੋ,
ਮੇਰੇ ਵਿੱਛੜੇ ਹੋਏ ਦਿਲਦਾਰ ਦਾ ਚਿਹਰਾ ਮੁੜ ਵਿਖਾ ਦਿੱਤਾ।
—————
ਸਾਵਣ
ਤ੍ਰਿੰਞਣ ‘ਚ ਚਰਖੇ ਕੱਤਦੀਆਂ,
ਕੁਝ ਕੱਢਦੀਆਂ ਫੁਲਕਾਰੀਆਂ।
ਬਿੱਦ ਬਿੱਦ ਕੇ ਤੰਦਾਂ ਪਾਉਂਦੀਆਂ,
ਕੰਤਾਂ ਦੇ ਨਾਂ ‘ਤੇ ਨਾਰੀਆਂ।
ਇਹ ਪੂਣੀਆਂ ‘ਤੇ ਮੋਹ ਦੀਆਂ,
ਕਣੀਆਂ ਵਰ੍ਹਾਵਣ ਆ ਗਿਆ।
ਆ ਜਾ ਸਜਣ ਪਰਦੇਸੀਆ,
ਆ ਜਾ ਕਿ ਸਾਵਣ ਆ ਗਿਆ।
ਬਿਰਹਾ ਦੀ ਪੂਣੀ ਕੱਤਦਿਆਂ,
ਚਰਖਾ ਹੈ ਮੇਰਾ ਕੂਕਦਾ।
ਦੀਪਕ ਦੀ ਸਰਗਮ ਛੇੜ ਕੇ,
ਤਨ-ਮਨ ਹੈ ਮੇਰਾ ਫੂਕਦਾ।
ਪਾਈਆਂ ਮੈਂ ਜਿੰਨੀਆਂ ਔਸੀਆਂ,
ਇਹ ਮੀਂਹ ਮਿਟਾਵਣ ਆ ਗਿਆ।
ਆ ਜਾ ਸਜਣ ਪਰਦੇਸੀਆ,
ਆ ਜਾ ਕਿ ਸਾਵਣ ਆ ਗਿਆ।
ਵਾਅਦਾ ਤੇਰਾ ਸੀ ਸਾਉਣ ਦੇ,
ਪਹਿਲੇ ਛਰਾਟੇ ਆਉਣ ਦਾ।
ਬਿਰਹੋਂ ਸਰਾਪੀ ਜਿੰਦ ਨੂੰ,
ਘੁੱਟ ਕੇ ਕਲੇਜੇ ਲਾਉਣ ਦਾ।
ਆਸਾਂ ਦਾ ਨਿੰਮ੍ਹਾ ਜਗ ਰਿਹਾ,
ਦੀਵਾ ਬੁਝਾਵਣ ਆ ਗਿਆ।
ਆ ਜਾ ਸਜਣ ਪਰਦੇਸੀਆ,
ਆ ਜਾ ਕਿ ਸਾਵਣ ਆ ਗਿਆ।
ਵਸਲਾਂ ਦੀ ਖ਼ੁਸ਼ਬੂ ਧੂੜ ਕੇ,
ਵਿਛੜੇ ਮਿਲਾਵਣ ਆ ਗਿਆ।

——————————
ਰੀਤ
ਤੁਰੀ ਜੋ ਪੁਰਖਿਆਂ ਤੋਂ ਆ ਰਹੀ ਹੈ ਰੀਤ ਬਦਲੇ ਦੀ
ਪਲੋ ਪਲ ਸਿਤਮ ਉਹਦੇ ਦਾ ਤਦੇ ਹਿਸਾਬ ਰੱਖਦਾ ਹਾਂ।
ਪਤਾ ਕੀ ਮੋੜ ਕਿਸ ‘ਤੇ ਜ਼ਿੰਦਗੀ ਕੋਈ ਇਮਤਿਹਾਂ ਲੈ ਲਏ
ਮੈਂ ਹੱਥੀਂ ਕਲਮ ਤੇ ਬੋਝੇ ਤਦੇ ਕਿਤਾਬ ਰੱਖਦਾ ਹਾਂ।
ਖ਼ੁਸ਼ਬੂ ਭਾਲਦੇ ਮੈਂ ਕੰਡਿਆਂ ਸੰਗ ਵਿੰਨ੍ਹ ਲਏ ਪੋਟੇ
ਤਦੇ ਹੱਥਾਂ ‘ਚ ਸੂਹੇ ਮਹਿਕਦੇ ਗੁਲਾਬ ਰੱਖਦਾ ਹਾਂ।
ਪਤਾ ਹੈ ਬੇਸੁਰਾ ਹਾਂ ਖ਼ਬਰੇ ਕੋਈ ਰਾਗ ਆ ਜਾਵੇ
ਕਰਕੇ ਸੁਰ ‘ਚ ਏਸੇ ਲਈ ਤਦੇ ਰਬਾਬ ਰੱਖਦਾ ਹਾਂ।
ਹਕੀਕਤ ਤਲਖ਼ ਸਦੀਆਂ ਤੋਂ ਸਦੀਵੀ ਤਲਖ਼ ਹੀ ਰਹਿਣਾ
ਮੈਂ ਨਾਜ਼ੁਕ ਫੁੱਲ ਕਲੀਆਂ ਦੇ ਤਦੇ ਖ਼ਵਾਬ ਰੱਖਦਾ ਹਾਂ।
ਸਮਾਂ ਰਿਸ਼ਤੇ ਭੁਲਾਵੇ ਤੂੰ ਰਿਖੀ ਨੂੰ ਭੁੱਲਣਾ ਹੀ ਸੀ
ਤਿਰਾ ਪਰ ਦਿਲ ‘ਚ ਤਾਜ਼ਾ ਨਾਂ ਸਦਾ ਜਨਾਬ ਰੱਖਦਾ ਹਾਂ।
ਸੰਪਰਕ: 98884-52204