ਸਮੇਂ ਨਾਲ ਨਾ ਤੁਰਨ ਵਾਲੇ ਲੋਕ ਪਿਛੇ ਰਹਿ ਜਾਣਗੇ ਤੇ ਖ਼ਿਆਲ ਤੇ ਲਿਆਕਤ ਦੇ ਜੋਰ ‘ਤੇ ਦੂਜੀਆਂ ਸਭਿਅਤਾਵਾਂ ਅੱਗੇ ਆ ਜਾਣਗੀਆਂ

 – ਸ਼ਸ਼ੀ ਪਾਲ ਸਮੁੰਦਰਾ ਜੀ ਦੀ ਲਿਖਤ —-
ਪਿਛੇ ਜਹੇ ਮੈਂ ਦਾਦਕੇ ਪਿੰਡ ਗਈ ਤਾਂ ਦੇਖ ਕੇ ਹੈਰਾਨੀ ਹੋਈ ਕਿ ਪੜ੍ਹੇ ਲਿਖੇ ਮੁੰਡੇ ਧੋਤੀਆਂ ਲਾਈ ਬੋਦੀਆਂ ਰਖੀ ਫਿਰਦੇ ਨੇ | ਪਤਾ ਲੱਗਾ ਕਿ RSS ਵਾਲੇ ਕੋਈ ਕੈੰਪ ਲਾਉਂਦੇ ਨੇ ਇਹ ਸਭ ਪੱਟੀਆਂ ਪੜ੍ਹਾਉਣ ਲਈ ਕਿ ਸਚੇ ਹਿੰਦੂ ਕਿਵੇਂ ਬਣੀਏ | ਕੋਈ ਮਥੁਰਾ ਵ੍ਰਿੰਦਾਬਣ ਗਿਆ ਇਹ ਸਭ ਸਿਖ ਕੇ ਆਇਆ , ਤੇ ਓਹਨੇ ਹੁਣ ਮੁਢੀਰ ਮਗਰ ਲਾਈ ਹੋਈ ਸੀ |
ਦੇਸ਼ਾਂ ਤੇ ਵਿਦੇਸ਼ਾਂ ‘ਚ ਥਾਂ ਥਾਂ ਮੁੰਡਿਆਂ ਨੂੰ ” ਦਸਤਾਰਾਂ ਸਜਾਉਣ ” ਯਾਨੀ ਪੱਗਾਂ ਬਨ੍ਹਣ ਦੀ ਟ੍ਰੇਨਿੰਗ ਦੇ ਨਾਲ ਸਚੇ ਸਿਖ ਹੋਣ ਦੀਆਂ ਪੱਟੀਆਂ ਵੀ ਪੜ੍ਹਾਈਆਂ ਜਾ ਰਹੀਆਂ ਹਨ |
ਇਹ ਸਭ ਭੋਲੇ ਜਵਾਕ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਇਤਫ਼ਾਕਿਨ ਜਨਮ ਮੁਤਾਬਿਕ ਬ੍ਰੇਨਵਾਸ਼ ਕੀਤਾ ਜਾ ਰਿਹਾ ਹੈ |
ਮੁਸਲਮਾਨੀ ਦੇਸ਼ਾਂ ਵਿਚ ਮੱਦਰਸੇ ਖੂਬ ਜੋਰਾਂ-ਸ਼ੋਰਾਂ ‘ਤੇ ਚੱਲ ਰਹੇ ਹਨ ਜਿਥੇ ਜਵਾਕਾਂ ਨੂੰ ਮੁਸਲਮਾਨੀ ਰਹਿਤ-ਮਰਿਆਦਾ ਸਿਖਾਈ ਜਾ ਰਹੀ ਹੈ |
ਦੂਜੇ ਪਾਸੇ, ਪਛਮੀ ਦੇਸ਼ਾਂ ਵਿਚ, ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਪੜ੍ਹਦੇ ਨੌਜਵਾਨ ਧਰਮਾਂ ਦੀ ਕੱਟੜਤਾ ਤੋਂ ਦੂਰ ਹੁੰਦੇ ਸੈਕੂਲਰ ਵਿਚਾਰ ਅਪਣਾਉਣ ‘ਚ ਰੁਝੇ ਹੋਏ ਹਨ | ਉਨ੍ਹਾਂ ਦੇ ਵੀ ਕੈੰਪ ਲੱਗਦੇ ਹਨ ਸਾਇੰਸ,  ਨਵੀਂ ਟੈਕਨਾਲੋਜੀ, ਨਵੀਂ ਮੈਡੀਸਨ, ਵਾਤਾਵਰਨ , ਕਲਾ, ਸਾਹਿਤ ਤੇ  ਹੋਰ ਸਿਖਣ-ਸਮਝਣ ਤੇ ਦੁਨੀਆਂ ‘ਚ ਕੁਝ ਚੰਗਾ  ਕਰਨ ਬਾਰੇ |
                   ਕੱਟੜ ਤੇ ਸੀਮਤ ਸੋਚ-ਸਮਝ  ਵਾਲੇ ਰਾਹਾਂ ‘ਤੇ ਜਵਾਕਾਂ ਨੂੰ ਤੋਰਨ ਦਾ ਨਤੀਜਾ ਕੀ ਹੋਏਗਾ ? ਕੀਹਨੂੰ ਚਿੰਤਾ ਜਾਂ  ਪ੍ਰਵਾਹ ਹੈ ? ਬਹੁਤਿਆਂ ਨੂੰ ਨਹੀਂ | ਮਾਪੇ ਖੁਸ਼ ਹਨ ਕਿ ਉਨ੍ਹਾਂ ਦੇ ਜਵਾਕ ” ਉਚੇ-ਸੁਚੇ ਚਾਲ ਚਲਣ ” ਵਾਲੇ ਬਣ ਰਹੇ ਨੇ | ਪਰ, ਸਚਾਈ ਏਸ ਦੇ ਉਲਟ ਹੈ | ਸਚਾਈ ਇਹ ਕਿ ਇਹ ਜਵਾਕ ਛੋਟੀ ਉਮਰ ਤੋਂ ਹੀ ਇੱਕ ਪਾਸੜ ਸੋਚ-ਸਮਝ ਵਾਲੇ, ਮਨ ‘ਚ ਵੰਡਾਂ-ਵਿਤਕਰਿਆਂ  ਤੇ ਹਿੰਸਕ ਰੁਚੀਆਂ ਵਾਲੇ ਬਣ ਰਹੇ ਨੇ | ਇਨ੍ਹਾਂ ਦਿਮਾਗਾਂ ਵਿਚ ਕੈੰਸਰ ਦੇ ਸੈਲਾਂ ਦੀ ਬੁਨਿਆਦ ਰਖੀ ਜਾ ਚੁੱਕੀ ਹੈ ਜੀਹਨੇ ਵਕਤ ਨਾਲ ਵਧ-ਫੁੱਲ ਕੇ ਇਨ੍ਹਾਂ ਦੀ ਸਮੁਚੀ ਸ਼ਖਸ਼ੀਅਤ ਨੂੰ ਹੀ ਵਰਗਲਾ ਲੈਣਾ ਹੈ | ਇਨ੍ਹਾਂ ਲੋਕਾਂ ਨੂੰ ਨਹੀਂ ਪਤਾ ਕਿ ਇਹ ਕਰਕੇ, ਇਹ ਆਪਣੇ ਹਥੀਂ ਹੀ ਆਪਣੇ ਜਵਾਕਾਂ ਨੂੰ  ਇਨਸਾਨਾ ਵੱਜੋਂ  ਮਾਰ ਰਹੇ ਨੇ !!
ਇਹ ਅਸਲ ‘ਚ ਇਨ੍ਹਾਂ ਸਭਿਅਤਾਵਾਂ ਦੇ ਖਤਮ ਹੋਣ ਦੀ ਨਿਸ਼ਾਨੀ ਹੈ |  ਆਪਣੇ ਹਥੀਂ ਆਪਣੀਆਂ ਕਬਰਾਂ ਆਪ ਪੁੱਟਣ ਵਾਲੀ ਗੱਲ |  ਸਮੇਂ ਨਾਲ ਨਾ ਤੁਰਨ ਵਾਲੇ ਲੋਕ ਪਿਛੇ ਰਹਿ ਜਾਣਗੇ ਤੇ ਖ਼ਿਆਲ ਤੇ ਲਿਆਕਤ ਦੇ ਜੋਰ ‘ਤੇ ਦੂਜੀਆਂ ਸਭਿਅਤਾਵਾਂ ਅੱਗੇ ਆ ਜਾਣਗੀਆਂ | ਇਓਂ ਹੀ ਸ੍ਭਿਅਤਾਵਾਂ ਖਤਮ ਹੁੰਦੀਆਂ ਤੇ ਬਣਦੀਆਂ ਰਹੀਆਂ ਹਨ |