ਸਮਾਗਮ ਵਿੱਚ ਨੌਜਵਾਨ ਨੇ ਨਿਤੀਸ਼ ਵੱਲ ਵਗ੍ਹਾ ਮਾਰੀ ਚੱਪਲ

ਸ਼ਹਿਰ ਦੇ ਬਾਪੂ ਸਭਾਗਾਰ ਆਡੀਟੋਰੀਅਮ ਵਿੱਚ ਵੀਰਵਾਰ ਨੂੰ ਕਰਾਏ ਜਾ ਰਹੇ ਇਕ ਪ੍ਰੋਗਰਾਮ ਵਿੱਚ ਮੰਚ ’ਤੇ ਬੈਠੇ ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਪ੍ਰਧਾਨ ਨਿਤੀਸ਼ ਕੁਮਾਰ ਸਮੇਤ ਹੋਰ ਆਗੂਆਂ ਵੱਲ ਇਕ ਨੌਜਵਾਨ ਨੇ ਚੱਪਲ ਵਗ੍ਹਾ ਮਾਰੀ। ਘਟਨਾ ਤੋਂ ਬਾਅਦ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਨੌਜਵਾਨ ਦਾ ਨਾਂ ਚੰਦਨ ਕੁਮਾਰ ਹੈ ਅਤੇ ਉਹ ਔਰੰਗਾਬਾਦ ਜ਼ਿਲ੍ਹੇ ਦੇ ਮੁਫਸਿਲ ਥਾਣਾ ਖੇਤਰ ਦੇ ਖੈਰੀ ਪਿੰਡ ਦਾ ਵਾਸੀ ਹੈ।
ਜਾਣਕਾਰੀ ਅਨੁਸਾਰ ਜਨਤਾ ਦਲ (ਯੂ) ਨੇ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਦੀ ਜੈਅੰਤੀ ਦੇ ਮੌਕੇ ’ਤੇ ਬਾਪੂ ਸਭਾਗਾਰ ਵਿੱਚ ਵਿਦਿਆਰਥੀਆਂ ਲਈ ਇਕ ਸਮਾਗਮ ਰੱਖਿਆ ਹੋਇਆ ਸੀ। ਇਸੇ ਸਮਾਗਮ ਵਿੱਚ ਚੰਦਨ ਨੇ ਮੰਚ ਵੱਲ ਚੱਪਲ ਸੁੱਟੀ। ਇਸ ਤੋਂ ਪਹਿਲਾਂ ਕਿ ਪੁਲੀਸ ਚੰਦਨ ਨੂੰ ਹਿਰਾਸਤ ਵਿੱਚ ਲੈਂਦੀ, ਜਨਤਾ ਦਲ (ਯੂ) ਦੇ ਵਰਕਰਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ। ਘਟਨਾ ਮੌਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਲ ਮੰਚ ’ਤੇ ਜਨਤਾ ਦਲ (ਯੂ) ਦੇ ਸੂਬਾ ਪ੍ਰਧਾਨ ਨਾਰਾਇਣ ਸਿੰਘ ਅਤੇ ਬਿਹਾਰ ਦੇ ਸੀਨੀਅਰ ਮੰਤਰੀ ਵਿਜੇਂਦਰ ਪ੍ਰਸਾਦ ਸਮੇਤ ਕਈ ਉੱਘੇ ਵਿਅਕਤੀ ਮੌਜੂਦ ਸਨ। ਪੱਤਰਕਾਰਾਂ ਨੇ ਜਦੋਂ ਚੰਦਨ ਤੋਂ ਸਵਾਲ ਕੀਤਾ ਤਾਂ ਉਸ ਨੇ ਕਿਹਾ, ‘‘ਮੈਂ ਵਿਤਕਰੇ ਅਤੇ ਰਾਖਵਾਂਕਰਨ ਨੀਤੀ ਦੇ ਖਿਲਾਫ਼ ਵਿਰੋਧ ਦਰਜ ਕਰਾਉਣ ਲਈ ਅਜਿਹਾ ਕੀਤਾ।’’