ਵੁਲਵਰਹੈਪਟਨ  ‘ਚ ਦੋ ਪੰਜਾਬੀ ਬੱਚਿਆਂ ਦੀ ਸੜਕ ਹਾਦਸੇ ਚ ਮੌਤ

ਲੰਡਨ – (ਰਾਜਵੀਰ ਸਮਰਾ)- ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ‘ਚ ਇਕ ਬੀ. ਐੱਮ. ਡਬਲਿਊ. ਤੇ ਔਡੀ ਐੱਸ 3 ਕਾਰਾਂ ਵਿਚਕਾਰ ਹੋਈ ਟੱਕਰ ‘ਚ ਪੰਜਾਬੀ ਦੋ ਨਾਬਾਲਗ ਬੱਚਿਆਂ ਦੀ ਮੌਤ ਹੋ ਗਈ | ਵੈਸਟ ਮਿਡਲੈਂਡ ਪੁਲਿਸ ਨੇ ਜਾਰੀ ਬਿਆਨ ‘ਚ ਦੱਸਿਆ ਕਿ 10 ਸਾਲਾ ਸੰਜੈ ਸਿੰਘ ਤੇ ਪਵਨਵੀਰ ਸਿੰਘ ਜੋ 23 ਮਹੀਨੇ ਦਾ ਸੀ ਆਪਣੀ ਮਾਂ ਦੇ ਨਾਲ ਵੀਰਵਾਰ ਨੂੰ ਬੀ. ਐੱਮ. ਡਬਲਿਊ. ਕਾਰ ‘ਚ ਜਾ ਰਹੇ ਸਨ | ਜਦ ਇਕ ਔਡੀ ਐੱਸ 3 ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ | ਅਜਿਹਾ ਮੰਨਿਆ ਜਾ ਰਿਹਾ ਹੈ ਕਿ ਔਡੀ ਚਾਲਕ ਬੈਂਟਲੇ ਕਾਰ ਨਾਲ ਰੇਸ ਲਗਾ ਰਿਹਾ ਸੀ, ਇਸ ਲਈ ਇਹ ਹਾਦਸਾ ਹੋਇਆ | ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਬੈਂਟਲੇ ਕਾਰ ਦੇ 31 ਸਾਲਾ ਡਰਾਈਵਰ ਨੂੰ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਕਿਸੇ ਦੀ ਮੌਤ ਲਈ ਜ਼ਿੰਮੇਦਾਰ ਹੋਣ ਦੇ ਦੋਸ਼ ‘ਚ ਗਿ੍ਫ਼ਤਾਰ ਕੀਤਾ ਗਿਆ | ਬਾਅਦ ‘ਚ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ | ਪੁਲਿਸ ਨੇ ਔਡੀ ਦੇ ਚਾਲਕ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਨਾਲ ਸੰਪਰਕ ਕਰੇ |