ਵਾਧੂ ਹੋ ਗਿਆ ਸਿੱਖੀ ਪਰਚਾਰ

ਡਾ. ਹਰਜਿੰਦਰ ਸਿੰਘ " ਪੱਟੀ ਵਾਲੇ' 07405 944 167

ਸਾਡਾ ਸਿੱਖੀ ਪਰਚਾਰ ਹੈ ਨਹੀਂ! ਸਿੱਖੀ ਪਰਚਾਰ ਹੈ ਨਹੀਂ ! ਇਹ ਸਿਰਫ ਸਾਡਾ ਬਹਾਨਾ ਹੀ ਹੈ।ਜਦੋਂ ਕਿ ਸਿੱਖੀ ਪਰਚਾਰ ਤਾਂ ਬਹੁਤ ਹੈ।ਸਹਿਜ ਪਾਠ, ਅਖੰਡਪਾਠਾਂ ਦੀਆਂ ਲੜੀਆਂ, ਸੁਖਮਨੀ ਸਾਹਿਬ,ਜਪੁਜੀ ਸਾਹਿਬ ਜੀ ਦੇ ਲੱਖ ਲੱਖ ਪਾਠ, ਦੱਸ ਦੱਸ ਲੱਖ ਪਾਠ, ਸੰਤ ਬਾਬੇ ਸਿੱਖਾਂ ਤੋਂ ਕਰਵਾ ਰਹੇ ਨੇ ।ਇਹ ਹੈ ਤਾਂ ਇਕ ਤਰ੍ਹਾਂ ਦਾ ਪਰਚਾਰ ।ਨਹੀਂ ਨਹੀ! ਇਹਨੇ ਸਾਰੇ ਗੁਰਦਵਾਰੇ,ਜਿਥੇ ਲੋੜ ਨਹੀਂ ਉਥੇ ਵੀ ਗੁਰਦਵਾਰੇ,ਕਿੱਲੇ ਦੋ ਕਿਲਿਆਂ ਵਿੱਚ 4-4-5-5 ਨਹੀਂ, ਨਹੀਂ, ਕਈ ਜਗ੍ਹਾ ਗੁਰਦਵਾਰੇ ਦੀ ਕੰਧ ਗੁਰਦਵਾਰੇ ਨਾਲ ਜੁੜੀ ਹੁੰਦੀ ਹੈ। ਤੇ ਅਸੀਂ ਕਹਿਨੇ ਵਾ ਸਿੱਖੀ ਪਰਚਾਰ ਹੈ ਨਹੀਂ । ਏਨੇ ਗ੍ਰੰਥੀ ਸਿੰਘ,ਰਾਗੀ, ਢਾਡੀ,ਕਵੀਸ਼ਰ,ਪਰਚਾਰਕ । ਖਾਸ ਕਰ ਬਾਹਰ ਵਿਦੇਸ਼ਾਂ ਵਿੱਚ ਰਾਗੀ ਪਰਚਾਰਕ ਗੁਰਦਵਾਰਿਆਂ ਦੇ ਸੇਕਟਰੀਆਂ ਨੂੰ ਫੋਨ ਲਾ ਲਾ ਕਿਤੇ ਮਸਾਂ ਆਪਣੀਆਂ ਵੀਕਾਂ ( ਹਫਤੇ ) ਬੁੱਕ ਕਰਵਾਉਦੇ ਆ, ਤੇ ਅਸੀ ਕਿਹਨੇ ਆ ਪਰਚਾਰ ਹੈ ਨਹੀਂ ।

ਅਸਲ ਵਿੱਚ ਸਿੱਖੀ ਪਰਚਾਰ ਤਾਂ ਬਹੁਤ ਹੈ, ਬਹੁਤ ਹੈ ਪਰ ਸਿੱਖੀ ਪਰਚਾਰ ਨੂੰ ਮੰਨਿਆ ਨਹੀ ਜਾ ਰਿਹਾ।ਜਾਂ ਕਹਿ ਲਈਏ ਕਿ ਸਿੱਖੀ ਪਰਚਾਰ ਦਾ ਸਹੀ ਢੰਗ ਨਹੀ ਹੈ। ਕਿਤੇ ਨਾ ਕਿਤੇ ਕੋਈ ਖਾਮੀ ਜਰੂਰ ਹੈ ਜਾਂ ਪਰਚਾਰ ਕਰਨ ਵਾਲਿਆਂ ਵਿੱਚ ਜਾਂ ਗੁਰਦਵਾਰਿਆਂ ਦੇ ਪਰਬੰਧਕਾਂ ਵਿੱਚ।
ਅੱਜ ਸਾਡੇ ਸਾਹਮਣੇ ਇਕ ਬਹੁਤ ਵੱਡਾ ਸਵਾਲ ਹੈ ਕਿ ਅੱਜ ਦੇ ਨੋਜਵਾਨ ਸਾਡੇ ਬੱਚੇ ਬੱਚੀਆਂ ਗੁਰਦਵਾਰੇ ਕਿਉਂ ਨਹੀ ਆ ਰਹੇ ? ਕਿਉਂ ?ਅੱਜ ਸਿੱਖ ਹੀ ਸਿੱਖ ਨਾਲੋ ਕਿਉਂ ਦੂਰ ਹੋ ਰਿਹਾ ।ਏਨੀ ਪਾਠ ਪੂਜਾ ਤੋਂ ਬਾਅਦ ਵੀ ਨਫਰਤ ਦਾ ਬੋਲਬਾਲਾ ਹੈ ? ਬਿਨਾ ਮਤਬਲ ਤੋਂ ਕਿਉਂ ਥਾਂ ਪੁਰ ਥਾਂ ਨਵੇਂ ਗੁਰਦਵਾਰੇ ਖੁਲ੍ਹ ਰਹੇ ਨੇ ? ਉਨੀ ਸੋ ਨੜਿਨਵੇਂ ਚ ਸਾਰੀ ਸਿੱਖ ਕੌਮ ਨੂੰ ਅਮ੍ਰਿਤਧਾਰੀ ਬਨੋਣ  ਦੇ ਸਾਡੇ ਜਥੇਦਾਰਾਂ ਦੇ ਬੋਲ,ਐਲਾਨ ਕਿਧਰ ਗਏ ?
ਜਿਹੜੀਆਂ ਕੌਮਾਂ ਆਪਣੇ ਮਾੜੇ ਚੰਗੇ ਦਾ, ਨੁਕਸਾਨ ਫਾਇਦੇ ਦਾ ਹਿਸਾਬ ਸਮੇਂ ਸਿਰ ਨਹੀਂ ਕਰਦੀਆਂ ਜਾਂ ਵੇਖਦੀਆਂ ਉਹ ਕੋਮਾਂ ਅਕਸਰ ਸੰਸਾਰ ਤੋਂ ਨੇਸਤੋ ਨਾਮੂੰਦ ਹੋ ਜਾਇਆ ਕਰਦੀਆਂ ਨੇ ਤੇ ਆਪਣੀ ਪਹਿਚਾਣ ਗਵਾ ਬਹਿਦੀਆਂ ਹਨ।
ਦੇਖਣ ਕਰਨ ਨੂੰ ਤਾਂ ਸਾਡਾ ਸਿੱਖੀ ਪਰਚਾਰ ਬਹੁਤ ਹੈ । ਬਹੁਤ ਹੀ ਨਹੀਂ ਬਲਕਿ ਬਹੁਤ ਹੀ ਜਿਆਦਾ ਹੈ । ਪਰ ਪਰਚਾਰ ਨੂੰ ਮੰਨਿਆ ਨਹੀਂ ਜਾ ਰਿਹਾ । ਮੈਂਨੂੰ ਇਕ ਗੁਰਮੁਖ ਪਿਆਰਾ ਕਹਿਣ ਲਗਾ ਕਿ ਸਾਡਾ ਸਿੱਖੀ ਪਰਚਾਰ ਹੈ ਨਹੀਂ । ਮੈ ਕਿਹਾ ਗੁਰਮੁਖਾ ਸਿੱਖੀ ਪਰਚਾਰ ਤਾਂ ਬਹੁਤ ਜਿਆਦਾ, ਪਰ ਪਰਚਾਰ ਨੂੰ ਮੰਨਿਆ ਨਹੀ ਜਾ ਰਿਹਾ । ਕਹਿਣ ਲਗਾ ! ਨਹੀਂ ਜੀ ! ਸਿੱਖੀ ਪਰਚਾਰ ਹੈ ਹੀ ਨਹੀਂ ।
ਹਛਾ ਜੀ ! ਭਲਾ ਤੁਹਾਡਾ ਪਿੰਡ ਕਿਹੜਾ ? ਮੈਂ ਉਹਨੂੰ ਪੁਛਿਆ ।
ਉਹਨੇ ਆਪਣਾ ਪਿੰਡ ਦੱਸ ਦਿੱਤਾ।
ਮੈਂ ਕਿਹਾ ਠੀਕ ਵਾ,ਪਰ ਤੁਹਾਡੇ ਪਿੰਡ ਵਿੱਚ ਆਪਣੇ ਸਿੱਖਾਂ ਦੇ ਘਰ ਕਿੰਨੇ ਕੁ ਨੇ ?
ਹੈ ਜੀ ਸਤਾਰਾਂ ਕੁ ! ਉਹਨੇ ਅੰਦਾਜੇ ਜਿਹੇ ਨਾਲ ਦੱਸਿਆ
ਪਿੰਡ ਚ ਗੁਰਦਵਾਰੇ ਕਿੰਨੇ ਨੇ ? ਮੈਂ ਅਗਲਾ ਸਵਾਲ ਪੁਛਿਆ ।
ਕਹਿੰਦਾ ਜੀ—ਨੋਂ ।
ਮੈਂ ਕਿਹਾ ਭਲੇ ਮਾਣਸਾ ਜੇ ਤੁਹਾਡੇ ਪਿੰਡ ਦਾ ਇਕ ਇਕ ਬੰਦਾ ਗੁਰਦਵਾਰੇ ਦੀ ਕੰਧ ਨਾਲ ਵੀ ਲੱਗ ਕੇ ਪਰਚਾਰ ਸੁਣੇ ਤਾਂ ਵੀ ਗੁਰਦਵਾਰੇ ਦੀਆਂ ਕੰਧਾ ਵੱਧ ਜਾਂਦੀਆਂ ਨੇ ,ਤੇ ਤੂੰ ਕਹਿੰਨਾ ਸਿੱਖੀ ਪਰਚਾਰ ਹੈ ਨਹੀਂ ।ਪਰਚਾਰ ਤਾਂ ਬਹੁਤ ਹੈ ਪਰ ਪਰਚਾਰ ਨੂੰ ਮੰਨਿਆ ਨਹੀਂ ਗਿਆ।ਫਿਰ ਜਿਸ ਢੰਗ ਦਾ ਤੇ ਜਿਸ ਤਰਾਂ ਦਾ ਪਰਚਾਰ ਸਾਨੂੰ ਚਾਹੀਦਾ ਹੈ ।ਉਹ ਸਾਡੇ ਕੋਲ ਨਹੀਂ ਹੈ।ਸਿਆਣੇ ਕਹਿੰਦੇ ਨੇ ਲੋੜ ਤੋ ਵੱਧ ਕੋਈ ਵੀ ਚੀਜ ਆਪਣਾ ਮੁੱਲ ਘਟਾ ਲੈਦੀ ਹੈ ।
ਅਸੀ ਵੇਖਦੇ ਹਾਂ ਕਿ ਸਨਾਤਨ ਧਰਮ ਨੇ ਲੋੜ ਤੋ ਵੱਧ ਥਾਂ ਥਾਂ ਮੰਦਿਰ ਬਨਾ ਦਿੱਤੇ ਕਿ ਹਰ ਪਾਸੇ ਰੱਬ ਹੀ ਰੱਬ ਦਿਸੇ ।ਯੂ.ਕੇ ,ਯੂ, ਐਸ, ਏ ਆਦਿ ਮੁਲਕਾਂ ਵਿੱਚ ਹੱਦ ਤੋਂ ਵੱਧ ਚਰਚ ਬਨ ਗਏ ਤੇ ਉਹਨਾਂ ਦੀ ਕੀਮਤ ਘੱਟ ਗਈ।ਗੁਰਦਵਾਰੇ ਚਾਹੀਦੇ ਨੇ ਪਰ ਲੋੜ ਅਨੁਸਾਰ ।ਗੁਰਦਵਾਰਾ ਪਰਬੰਧਕ ਕਮੇਟੀਆਂ ਦੀ ਆਪਸੀ ਲੜਾਈ ਕਾਰਨ ਜਾਂ ਜਾਤਾਂ ਪਾਤਾਂ  ਦੇ ਨਾਂ ਤੇ ਬਣੇ ਗੁਰਦਵਾਰੇ ਅਸਲ ਪਰਚਾਰ ਦਾ ਨਾ ਹੋ ਕੇ ਲੋਕਾਂ ਦੀ ਸ਼ਰਧਾ ਘੱਟ ਹੋਣ ਦਾ ਕਾਰਣ ਬਣ ਗਏ।ਚਾਹੀਦਾ ਤਾ ਸੀ ਕਿ ਸੁਧਰਿਆ ਹੋਇਆ ਤੇ ਗੁਰੂ ਸਾਹਿਬਾਂ ਦੀ ਸਹੀ ਸਖੀਅਤ ਨੂੰ ਦਰਸੋਦਾ ਪਰਚਾਰ ਤੇ ਗੁਰਬਾਣੀ ਦੀ ਵਿਆਕਰਣ ਤੇ ਗੁਰੂ ਸਿਧਾਂਤ ਨਾਲ ਮਿਲਦੀ ਕਥਾ ਗੁਰਦਵਾਰਿਆਂ ਵਿੱਚ ਹੋਵੇ।ਪਰਚਾਰਕ  ਆਪਣੇ ਨੰਬਰ ਬਨਾਉਣ ਲਈ  ਦੁਬਿਧਾ ਵਾਲੀ ਗੱਲ ਜਾਂ ਸ਼ੰਕੇ ਸੰਗਤ ਵਿੱਚ ਨਾ ਪਾਉਣ ।ਸੰਗਤ ਵਿੱਚ ਕੁਝ ਵੀ ਬੋਲਦਿਆਂ ਸੰਗਤਾਂ ਦੀ ਗੁਰੂ ਪ੍ਰਤੀ ਸ਼ਰਧਾ ਨੂੰ ਮੁੱਖ ਰਖਿਆ ਜਾਵੈ।
ਪਰਚਾਰ ਨੂੰ ਕਿਉਂ ਨਹੀਂ ਮੰਨਿਆ ਜਾ ਰਿਹਾ।ਇਸਦਾ ਵੱਡਾ ਕਾਰਣ ਅੱਜ ਸਾਡੇ ਸਿੱਖਾਂ ਦਾ ਬਹੁਤਾ ਵੱਡਾ ਹਿਸਾ ਸਿੱਖੀ ਪਰਚਾਰ ਨੂੰ ਸਿਰਫ ਕੁਝ ਲੋਕਾਂ ਦਾ ਬਿਜਨਸ ਹੀ ਮੰਨਦਾ ਹੈ।ਹੈ ਵੀ ਸੱਚ।ਕੀਰਤਨ ਦਰਬਾਰ, ਢਾਡੀ ਦਰਬਾਰ ਆਦਿਕ ਕਈ ਲੋਕ  ਇਹਨੂੰ ਬਿਜਨਸ ਜਾਂ ਆਪਣੀ ਹਉਮੈ ਦਾ ਵਿਖਾਵਾ ਬਨਾ ਲੈਦੇ ਹਨ।ਹਾਂ ! ਗ੍ਰੰਥੀਆਂ ਪਰਚਾਰਕਾਂ ਨੂੰ ਉਹਨਾਂ ਬਣਦਾ ਹੱਕ ( ਯੋਗਤਾ ਅਨੁਸਾਰ ਤਨਖਾਹ ) ਦੇਣਾ ਵੀ ਬਹੁਤ ਜਰੂਰੀ ਹੈ ।

ਖਾਸ ਹੀ ਨਾਂ ਵਾਲੇ ਜਾਂ  ਮੀਡੀਆਂ ਵਿੱਚ ਆਇ ਪਰਚਾਰਕਾਂ,ਢਾਡੀ, ਰਾਗੀਆਂ ਨੂੰ ਬੁਲਾ ਕੇ ਫਿਰ ਵੱਡੀਆਂ ਵੱਡੀਆਂ ਉਗਰਾਹੀਆਂ ਕੀਤੀਆਂ ਜਾਂਦੀਆਂ ਹਨ।ਧਾਰਮਿਕ ਯਾਤਰਾ ਦੇ ਨਾਂ ਤੇ ਕਮਾਈਆਂ ਕੀਤੀਆਂ ਜਾਂਦੀਆਂ ਹਨ। ਲੌੜਵੰਦ ਬੱਚੀਆਂ ਦੇ ਵਿਆਹ,ਗਰੀਬਾਂ ਦੇ ਬੱਚਿਆਂ ਨੂੰ ਪੜਾਉਣਾ ਜਾਂ ਵੱਡੇ ਛੋਟੇ ਸਕੂਲ਼ ਕਾਲਜਾਂ ਦੇ ਨਾਵਾਂ ਤੇ, ਫਰੀ ਮੈਡੀਕਲ ਕੈਂਪ, ਜਾਂ ਲੌੜਵੰਦਾਂ ਨੂੰ ਮਕਾਨ ਘਰ ਬਣਾ ਕੇ ਦੇਣੈ ਆਦਿ ਆਦਿ  ਦੇ ਵੱਡੇ 2 ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਹਨ।20-21 ਵਿਆਹ ਕਰਕੇ ਉਹਨਾਂ ਦੇ ਟੀਵੀ ਚੈਨਲਾਂ ਤੇ ਲਾਈਵ ਦਿਖਾਉਣਾ ।ਸੋਚੋ ! ਕੀ ਟੇਲੀ ਵੀਜਨਾਂ ਵਾਲੇ ਮੁਫਤ ਲਾਈਵ ਕਰਦੇ ਹਨ ?
ਕੁਝ ਸਮਾਂ ਪਹਿਲਾਂ ਦਾਸ ਨੂੰ ਵੀ ਪਹਿਲਾਂ ਕੁਝ ਇਕ ਮੀਡਿਆ ਵਾਲਿਆਂ ਕਿਹਾ ਸੀ ਕਿ ਅਸੀ ਤੁਹਾਡੀ ਵਿਆਹਾਂ ਦੀ ਐਡ ਦਿਆਂਗੇ ਤੇ ਜੋ ਦਾਨ ਆਵੇਗਾ ਉਹ ਅੱਧਾ ਅੱਧਾ ਕਰ ਲਵਾਗੇਂ  ਪਰ ਰਸੀਦ ਤੁਸੀਂ ਸਾਨੂੰ ਪੂਰੀ ਕੱਟ ਕੇ ਦਿਉਗੇ । ਗੱਲ ਕੀ 25000 (ਇੰਡੀਆ) ਦੀ ਜਗਾ੍ਹ ਅਸੀਂ 50000 ਰੁਪੈ ਸੰਗਤ ਤੋਂ ਲਵਾਂਗੇ । ਦਾਨ ਜਾਂ ਸੇਵਾ ਦੇ ਨਾਂ ਤੇ ਇਹ ਪੈਸਾ ਇਕੱਠਾ ਹੁੰਦਾ ਹੈ। ਅਗੇ ਤੁਸੀ ਸਮਝ ਹੀ ਰਹੇ ਹੋ ਗਏ।ਹਾਂ ! ਇਹ ਵੀ ਠੀਕ ਹੈ ਕਿ ਪੰਜੇ ਉਗਲਾਂ ਇਕੋ ਜਿਹੀਆਂ ਨਹੀ ਹੁੰਦੀਆ।ਅੱਜ ਮੀਡੀਏ ਦਾ ਯੁੱਗ ਹੈ ਕਿਸੇ ਦੀ ਵੀ  ਸਚਿਆਈ ਜਾਂ ਠੱਗੀ ਬਾਰੇ ਹੁਣ ਤਾ ਇਕ ਦੱਮ ਪਤਾ ਚਲ ਜਾਂਦਾ ਹੈ ਤੇ ਇਹ ਚਾਹੀਦਾ ਵੀ ਹੈ।
ਮੈਂ ਸਾਰਿਆਂ ਨੂੰ ਗਲਤ ਤਾਂ ਨਹੀਂ ਸਮਝ ਰਿਹਾ, ਚੰਗੇ ਵੀ ਕੁਝ ਹੋ ਸਕਦੇ ਹਨ।ਪਰ ਇਹ ਗੱਲ ਪੱਕੀ ਹੈ ਹੁਣ ਅਸੀ ਲੋਕਾਂ ਦੇ ਮਨੋਂ ( ਬਹੁਤੇ ) ਲਹਿ ਵੀ ਚੁਕੇ ਹਾਂ।ਪਰਚਾਰ ਤਾ ਇਹਨਾਂ ਹੁਣ ਜਿਆਦਾ ਹੋ ਚੁਕਾ ਕਿ ਕੁਝ ਲੋਕ ਹੁਣ ਕੀਰਤਨ ਪਰਚਾਰ ਬੰਦ ਕਰਨ ਕਰੋਣ ਲਈ ਆਪਣਾ ਤਨੋ ਮਨੋ ਜੋਰ ਲਾ ਰਹੇ ਹਨ ( ਤੇ ਬੰਦ ਕਰਵਾਏ ਵੀ ਹਨ)  ਇਥੋ ਤਕ ਕਿ ਹੁਣ ਉਹਨਾਂ ਦੀ ਮਾਰ ਕੁਟਾਈ ਦਾ  ਪਰਚਾਰਕ ਨਿਸ਼ਾਨਾ ਬਣ ਚੁਕੇ ਹਨ ਤੇ ਪਰਚਾਰਕਾਂ ਦੀਆਂ ਦਸਤਾਰਾਂ ਉਤਾਰੀਆਂ ਜਾ ਰਹੀਆਂ ਹਨ ਤੇ ਉਹ ਇਸ ਕੰਮ ਨੂੰ ਵੀ ਕੋਮ ਦੀ ਵੱਡੀ ਸੇਵਾ ਹੀ ਮੰਨ ਰਹੇ ਹਨ।ਮੈਂ ਇਹ ਨਹੀ ਕਹਿੰਦਾ ਕਿ ਪਰਚਾਰਕਾਂ ਤੋ ਕੋਈ ਗਲਤੀ ਨਹੀਂ ਹੋ ਸਕਦੀ ।ਹੋ ਸਕਦੀ ਹੈ ।ਪਰਚਾਰਕਾਂ ਨੂੰ ਵੀ ਸਮਝ ਸੋਚ ਕੇ  ਬੋਲਣਾ ਚਾਹੀਦਾ ਹੈ।ਪਰ—
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥ ( ਗੁ ਗ੍ਰੰ ੧੧੮੫)
ਵਾਲਾ ਗੁਰਸਿੱਖੀ ਸਿਧਾਂਤ ਅਸੀ ਕਿਉ ਭੁਲ ਗਏ ਹਾਂ।   ਰਾਗੀਆਂ, ਢਾਡੀਆਂ, ਗ੍ਰੰਥੀਆਂ, ਪਰਚਾਰਕਾਂ ਦੀ ਜੇ ਕਿਤੇ ਕੋਈ ਗਲਤੀ ਹੋ ਜਾਵੇਂ ਸਹੀਂ ਤਾਂ ਇਕ ਦਮ ਕੁਝ ਲੋਕ ਜਿਹੜੇ ਆਪ ਸਿੱਖੀ ਤੋ ਦੂਰ ਹੁੰਦੇ ਹਨ ( ਖਾਸ ਕਰਕੇ ਉਹ ਜੋ ਆਪ ਤੇ ਕਲੀਨਸੇਵ ਹੁੰਦੇ ਹਨ ) ਫਟਾਫਟ ਫੇਸਬੁਕ ਤੇ, ਵੱਟਸਅੱਪ ਤੇ ਪਾ ਦੇਂਦੇ ਹਨ ਤੇ ਕਈ ਥਾਂ ਕੁਟਣ ਮਾਰਣ ਦੀ ਨੋਬਤ ਵੀ ਬਣੀ ਹੁੰਦੀ ਹੈ।ਅਖੇ ਬਾਬਾ ਹੋਕੇ ਸ਼ਰਾਬ ਲੈ ਰਿਹਾ ਸੀ, ਮੀਟ ਲੈ ਰਿਹਾ ਸੀ  ,ਨਾਲੇ ਇਹਨੇ ਗਾਤਰਾ ਪਾਇਆ ਹੋਇਆ। ਮੰਨਦੇ ਹਾਂ ਕਿ ਉਹਨੇ ਬਹੁਤ ਵੱਡੀ ਗਲਤੀ ਕੀਤੀ ਪਰ ਅਸੀ ਲੋਕਾਂ ਨੂੰ ਕੀ ਦੱਸਣ ਜਾ ਰਹੇ ਹੁੰਦੇ ਵਾ ॥ਕੁਦਰਤੀ ਚੰਗੇ ਨਾਲੋ ਮੰਦੇ ਦੀ ਗੱਲ ਜਿਆਦਾ ਹੁੰਦੀ ਹੈ।ਕੀ ਇਹੋ ਜਿਹੇ ਵੀਰਾਂ ਨੇ ਕਦੀ ਕਿਸੇ ਪਰਚਾਰਕ ਦੇ ਚੰਗੇ ਪੱਖਾਂ ਦੀ ਗੱਲ ਜਾਂ ਖੁਦ ਸਿੱਖੀ ਪਰਚਾਰ ਦੀ ਵੀ ਗੱਲ ਕੀਤੀ ? ਅਸਲ ਵਿੱਚ ਇਹ ਆਪਣੇ ਆਪ ਨੂੰ ਗੁਰੂ ਜੀ ਦੇ ਇਹੋ ਜਹੇ ਹੀ ਸਿੱਖ ਬਨਣ ਨੂੰ ਤਰਜੀਹ ਦੇਂਦੇ ਹਨ।
ਹੁਣ ਪ੍ਰਸਿਧ ਰਾਗੀ, ਢਾਡੀ ਵੀ ਅੱਗੇ ਆਪਣੇ ਬੱਚਿਆਂ ਨੂੰ ਆਪਣੀ ਲੀਹ ਤੇ ਨਹੀ ਤੋਰ ਰਹੇ ਜਾਂ ਉਹਨਾਂ ਦੇ ਬੱਚੇ ਤੁਰ ਹੀ ਨਹੀ ਰਹੇਂ । ਰੀਜੱਲਟ ਸਾਡੇ ਸਭ ਦੇ ਸਾਹਮਣੇ ਹੈ।ਖਾਸ ਕਰ ਬਾਹਰ ਵਿਦੇਸ਼ਾਂ ਵਿੱਚ ਤਾਂ ਬੱਚੇ ਰਾਗੀ ਗ੍ਰੰਥੀ ਆਦਿ ਨਹੀਂ ਬਨ ਰਹੇ।ਕਿਉਕਿ ਸਿੱਖੀ ਪਰਚਾਰ ਹੁਣ  ( ਬਹੁਤ ਲੋਕਾਂ ਲਈ ) ਵਾਧੂ ਹੋ ਗਿਆ ।ਪਰ ਨਹੀਂ ਬਹੁਤ ਜਰੂਰੀ ਹੈ ਸਾਡੇ ਲਈ ਸਿੱਖੀ ਪਰਚਾਰ। ਬੱਚਿਆਂ ਨੂੰ ਦੁਨਿਆਵੀ ਪੜ੍ਹਾਈ ਵੀ ਜਰੂਰੀ ਹੈ ਤੇ ਗੁਰਮੱਤ ਦੀ ਪੜ੍ਹਾਈ ਵੀ ਬਹੁਤ ਜਰੂਰੀ ਹੈ।ਗੁਰਦਵਾਰਿਆਂ ਵਿੱਚ ਪੜੇ ਲਿਖੇ  ਗ੍ਰੰਥੀ ਸਿੰਘ ਤੇ ਪਰਚਾਰਕਾਂ ਦੀ ਅੱਜ ਸਿੱਖ ਕੌਮ ਨੂੰ ਬਹੁਤ ਹੀ ਜਰੂਰਤ ਹੈ।