ਲੋਹੇ ਦੇ ਸ਼ਹਿਰ ਬਟਾਲੇ ਦਾ ਜਜ਼ਬਾਤੀ ਸ਼ਾਇਰ ਸੀ ਸ਼ਿਵ

ਪੰਜਾਬੀ ਸ਼ਾਇਰੀ ਵਿੱਚ ਸ਼ਿਵ ਕੁਮਾਰ ਬਟਾਲਵੀ ਵਰਗਾ ਹੋਰ ਕੋਈ ਨਹੀਂ ਹੋਣਾ।। ਉਹਨੇ ਪੰਜਾਬੀ ਕਵਿਤਾ ਨੂੰ ਦੋ ਨਵੇਂ ਅਰਥ ਪ੍ਰਦਾਨ ਕੀਤੇ ਅਤੇ ਰੰਗ-ਰੂਪ ਦਿੱਤਾ।। ਇਸ ਕਰਕੇ ਉਹ ਨਾ  ਕੇਵਲ ਅੱਜ ਹੀ ਪੰਜਾਬੀ ਪ੍ਰੇਮੀਆਂ ਦੇ ਚੇਤਿਆਂ ਉੱਤੇ ਛਾਇਆ ਹੋਇਆ ਹੈ, ਸਗੋਂ ਪੂਰੀ ਦੁਨੀਆਂ ਵਿੱਚ ਉਹਦੇ ਨਾਂ ਦਾ ਝੰਡਾ ਝੁਲਦਾ  ਰਹੇਗਾ।। ਉਹ 1936 ਵਿੱਚ ਪਾਕਿਸਤਾਨ ਵਿੱਚ ਜੰਮਿਆ। ਜ਼ਿਲ੍ਹਾ ਉਹਦਾ ਗੁਰਦਾਸਪੁਰ ਸੀ ਅਤੇ 1973 ਵਿੱਚ ਉਹ ਚਲ ਵਸਿਆ।। ਜਦੋਂ ਉਹਨੇ ਆਖਰੀ  ਸਾਹ ਲਿਆ ਉਦੋਂ ਵੀ  ਜ਼ਿਲ੍ਹਾ ਗੁਰਦਾਸਪੁਰ ਸੀ। ਹਾਂ, ਪਿੰਡ ਪਹਿਲਾਂ ਵੀ ਹੋਰ ਸੀ ਅਤੇ ਆਖਰੀ ਸਮੇਂ ਵੀ ਹੋਰ।। 1947 ਵਿੱਚ ਦੇਸ਼ ਦੀ ਵੰਡ ਪਿੱਛੋਂ ਉਹ ਪਰਿਵਾਰ ਨਾਲ ਬਟਾਲੇ ਆ ਵਸਿਆ ਸੀ।। ਪਿਉ ਉਹਦਾ ਉਸ ਵੇਲੇ ਪਟਵਾਰੀ ਸੀ ਜੋ ਬਾਅਦ ਵਿੱਚ ਕਾਨੂੰਗੋ ਬਣ ਗਿਆ।। ਉਹਦੇ ਪਿਓ ਨੇ ਇਕ ਵੇਲੇ ਉਸ ਨੂੰ ਵੀ ਪਟਵਾਰੀ ਲਵਾ ਦਿੱਤਾ ਸੀ ਪਰ ਟਿਕ ਕੇ ਕਿਤੇ ਬਹਿ ਜਾਂ ਰਹਿ ਸਕਣਾ ਉਹਦੀ ਫਿਤਰਤ ਜਾਂ ਸੁਭਾਅ ਵਿੱਚ ਸ਼ਾਮਲ ਨਹੀਂ ਸੀ।। ਇਸੇ ਲਈ ਉਹ ਚੰਗੀ ਤਰ੍ਹਾਂ ਪੜ੍ਹ ਵੀ ਨਹੀਂ ਸਕਿਆ। ਪਰ ਪੰਜਾਬੀ ਜ਼ਬਾਨ ਨੂੰ ਨਵੇਂ ਸ਼ਬਦਾਂ, ਅਲੰਕਾਰਾਂ  ਰਾਹੀਂ ਉਸ ਨੇ ਜੋ ਚਾਸ਼ਨੀ ਚਾੜ੍ਹੀ ਕੋਈ ਹੋਰ ਪੰਜਾਬੀ ਸ਼ਾਇਰ ਉਹਦੇ ਨੇੜੇ-ਤੇੜੇ ਨਹੀਂ ਢੁੱਕਦਾ।।
ਉਹ ਕੁੱਲ ਮਿਲਾ ਕੇ 37 ਵਰ੍ਹੇ ਜੀਵਿਆ। ਬੜੀ ਛੋਟੀ ਜਿਹੀ ਉਮਰ ਹੈ ਪਰ ਇਸ ਛੋਟੀ ਜਿਹੀ ਉਮਰ ਵਿੱਚ ਉਸ ਨੇ ਜੋ ਪਹਿਲਾਂ ਕੀਤੀਆਂ ਹਨ, ਉਹ ਦੇਵਨੇਤ ਨਾਲ ਉਸ ਦੇ ਹਿੱਸੇ ਹੀ ਆਈਆਂ ਹਨ।। ਉਹ ਪੰਜਾਬੀ ਸਾਹਿਤ ਦਾ ਸਾਹਿਤ ਅਕਾਦਮੀ, ਐਵਾਰਡ ਪ੍ਰਾਪਤ ਕਰਨ ਵਾਲਾ ਪਹਿਲਾ ਅਤੇ ਸਭ ਤੋਂ ਘੱਟ ਉਮਰ ਦਾ ਸ਼ਾਇਰ ਸੀ।। ਉਸ ਨੇ ਪੂਰਨ ਭਗਤ ਦੇ ਕਿੱਸੇ  ਵਾਲੀ ਲੂਣਾ ਨੂੰ ਨਵੇਂ ਸ਼ਬਦ ਅਰਥ ਦਿੱਤੇ ਹਨ। ਇਸ ਨੇ ਔਰਤ ਦੀ ਕਾਇਆ ਬੁਲੰਦ ਕਰ ਦਿੱਤੀ ਹੈ। ‘ਲੂਣਾ’ ਲਿਖਣ ਤੱਕ ਭੰਡੀ ਗਈ ਲੂਣਾ ਨੂੰ ਸ਼ਿਵ ਕੁਮਾਰ ਬਟਾਲਵੀ ਨੇ ਹੀ ਉੱਚਾ ਜੀਵਨ ਪ੍ਰਦਾਨ ਕੀਤਾ ਹੈ।।
ਸ਼ਿਵ ਨੂੰ ਬਿਰਹਾ ਦਾ ਸ਼ਾਇਰ ਵੀ ਕਿਹਾ ਗਿਆ ਹੈ ਅਤੇ ਜੋਬਨ ਰੁੱਤੇ  ਮਰਨ ਦੀ ਇੱਛਾ ਰੱਖਣ ਵਾਲਾ ਸ਼ਾਇਰ ਵੀ ਆਖਿਆ ਗਿਆ ਹੈ।। ਉਹ ਕਵਿਤਾਵਾਂ ਦਾ ਰਚਣਹਾਰਾ ਸੀ ਅਤੇ ਗੀਤਾਂ ਨੂੰ ਗਾਉਣ ਵਾਲਾ ਵੀ।। ਉਹਦੀ ਸਰੋਦੀ ਪਰ  ਰੁਮਾਂਟਿਕ ਕਵਿਤਾ ਪਾਠਕਾਂ ਨੂੰ ਕੀਲਦੀ ਅਤੇ ਹਲੂਣਦੀ ਸੀ। ਲਗਪਗ ਪੌਣੀ ਦਰਜਨ ਪੁਸਤਕਾਂ ਉਸ ਨੇ ਸਾਹਿਤ ਦੀ ਝੋਲੀ ਪਾਈਆਂ।। ਸ਼ਾਇਰੀ ਦੇ ਸਿਰੇ ‘ਤੇ ਉਹ ਦੇਸ਼-ਪ੍ਰਦੇਸ਼ ਵੀ ਘੁੰਮਿਆ ਹੈ।।
ਇਹ ਸ਼ਿਵ ਬਟਾਲਵੀ ਮੇਰੇ ਹੀ ਸ਼ਹਿਰ ਦਾ ਸੀ ਜਾਂ ਮੈਂ ਵੀ ਉਹਦੇ ਸ਼ਹਿਰ ਦਾ ਹਾਂ।।  ਮੇਰਾ ਪਿੰਡ ਇਸੇ ਬਟਾਲੇ ਦੀ ਜੂਹ ਵਿੱਚ ਪੈਂਦਾ ਹੈ।। ਮੇਰੀ ਪੰਜਵੀਂ ਤੋਂ ਲੈ ਕੇ ਬੀ.ਏ. ਤੱਕ ਦੀ ਪੜ੍ਹਾਈ ਬਟਾਲੇ ਹੀ ਹੋਈ ਹੈ।। ਮੈਂ ਇੰਨੇ ਸਾਲਾਂ ਵਿੱਚ ਖੁਦ ਬਟਾਲੇ ਸ਼ਹਿਰ ਦਾ ਚੱਪਾ-ਚੱਪਾ ਘੁੰਮਿਆ ਹੈ।। ਜਦੋਂ ਮੈਂ  ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਵਿੱਚ ਪੜ੍ਹਦਾ ਸਾਂ ਤਾਂ ਉਸ ਵੇਲੇ ਕਈ ਵਾਰ ਉਸ ਨੂੰ ਮਿਲਣ ਦਾ ਇਤਫਾਕ ਵੀ ਹੋਇਆ ਹੈ।। ਇਸ ਦਾ ਵੱਡਾ ਕਾਰਨ ਉਹਦਾ ਭਰਾ ਸੁਭਾਸ਼ ਮੇਰਾ ਜਮਾਤੀ ਸੀ।। ਸੁਭਾਸ਼ ਨੂੰ ਅਸੀਂ ਕਾਂਸ਼ੀ ਕਹਿੰਦੇ ਸਾਂ। ਇਹ ਗੱਲ ਅੱਧ ਸੱਠਵਿਆਂ ਦੀ ਹੈ ਅਤੇ ਉਸ ਵੇਲੇ ਸ਼ਿਵ ਦਾ ਨਾਂ ਚਾਰ-ਚੁਫੇਰੇ  ਗੂੰਜਣ ਲੱਗ ਪਿਆ ਸੀ।। ਉਂਜ ਸ਼ਿਵ ਬਟਾਲਵੀ ਨੂੰ ਮੈਂ ਪਹਿਲੀ ਵਾਰ ਉਹਦੇ ਭਰਾ ਨਾਲ ਬੇਰਿੰਗ ਕਾਲਜ ਦੇ ਸਾਹਮਣੇ ਹੀ ਕੰਟੀਨ ਦੇ ਪਿਛਲੇ ਪਾਸੇ ਬਣ ਰਹੀ ਇਕ ਨਵੀਂ ਕਲੋਨੀ ਦੇ ਵਾਹਵਾ ਖੁੱਲ੍ਹੇ-ਡੁੱਲ੍ਹੇ ਘਰ ਵਿੱਚ ਮਿਲਿਆ ਸਾਂ,। ਇਕ ਅੱਧੀ ਵਾਰ ਬਾਅਦ ‘ਚ ਵੀ ਉਸ ਨਾਲ ਮੁਲਾਕਾਤ ਹੋਈ ਸੀ ਪਰ ਉਹ ਇਕ ਥਾਂ ‘ਤੇ ਬਹੁਤਾ ਟਿਕ ਕੇ ਰਹਿਣ ਵਾਲਾ ਸ਼ਖ਼ਸ ਘੱਟ ਸੀ। ਉਸ ਬਾਰੇ ਤਾਂ ਇਹ ਵੀ   ਕਿਹਾ ਜਾਂਦਾ ਹੈ ਕਿ ਉਹਦੇ ਪੈਰਾਂ ਵਿੱਚ ਭਟਕਣਾ ਸੀ। ਅੱਜ ਇੱਥੇ ਕੱਲ੍ਹ ਉੱਥੇ ਅਤੇ ਪਰਸੋਂ ਕਿਸੇ   ਹੋਰ ਥਾਂ ਅਤੇ ਅਗਲੇ ਦਿਨ ਪਤਾ ਨਹੀਂ ਕਿੱਥੇ ਹੋਵੇ।। ਉਹਦੇ ਪਿਓ ਨੇ ਉਹਦੇ ਪੈਰਾਂ ਵਿੱਚ ਬੇੜੀਆਂ ਪਾਉਣ ਲਈ ਹੀ ਉਸ ਨੂੰ ਪਟਵਾਰੀ ਲਗਾਇਆ ਸੀ ਪਰ ਇਹ ਬੰਧਨ ਉਹਨੇ ਛੇਤੀ ਹੀ ਤੋੜ ਦਿੱਤੇ ਸੀ।। ਉਹ ਵਧੀਆ ਸ਼ਾਇਰ ਤਾਂ ਸੀ ਹੀ ਪਰ ਉਹਦੀ ਗਾਇਕ ਵਜੋਂ ਵਧੇਰੇ ਪ੍ਰਸਿੱਧੀ ਸੀ। ਉਸ ਵੇਲੇ ਕਵੀ ਦਰਬਾਰਾਂ ਦਾ ਦੌਰ ਦੌਰਾ ਸੀ ਅਤੇ ਹਰ ਕਵੀ ਦਰਬਾਰ ਵਿੱਚ ਸ਼ਿਵ ਦੀ ਹਾਜ਼ਰੀ ਵੀ ਜ਼ਰੂਰੀ ਸਮਝੀ ਜਾਂਦੀ ਸੀ ਅਤੇ ਮੁੱਕਦੀ ਗੱਲ ਇਹ ਕਿ ਕਵੀ ਦਰਬਾਰ ਵੀ ਉਹਦੇ ਨਾਂ ਹੋ ਜਾਂਦਾ ਸੀ।ਉਹ ਬਟਾਲਾ, ਕਾਦੀਆਂ ਅਤੇ ਨਾਭਿਓਂ ਘੁੰਮਦਾ-ਘੁੰਮਾਉਂਦਾ ਖੂਬਸੂਰਤ ਸ਼ਹਿਰ ਚੰਡੀਗੜ੍ਹ ਪਹੁੰਚ ਗਿਆ ਸੀ ਜਿਹੜਾ ਉਦੋਂ ਉਸਰ ਰਿਹਾ ਸੀ। ਉਸ ਨੂੰ ਬੈਂਕ ਵਿੱਚ ਨੌਕਰੀ ਵੀ ਮਿਲ ਗਈ ਸੀ ਜਾਂ ਦਿਵਾ ਦਿੱਤੀ ਗਈ ਸੀ ਪਰ ਨੌਕਰੀ ਉੱਤੇ ਬਹੁਤਾ ਹਾਜ਼ਰ ਨਹੀਂ ਸੀ ਹੁੰਦਾ। ਉਹਦੀ ਹਾਜ਼ਰੀ ਤਾਂ ਸਾਹਿਤਕ ਮਹਿਫਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਕਵੀ ਦਰਬਾਰਾਂ ਵਿੱਚ ਵਧੇਰੇ ਲੱਗਦੀ ਸੀ। ਉਹ ਪਿਓ ਦਾ ਪੁੱਤ ਖੂਬਸੂਰਤ ਸਿਰੇ ਦਾ ਸੀ। ਇਸ ਲਈ ਯੂਨੀਵਰਸਿਟੀਆਂ ਦੀਆਂ ਕੁੜੀਆਂ ਉਹਦੇ ਦੁਆਲੇ ਝੁਰਮਟ  ਪਾਈ ਰੱਖਦੀਆਂ ਸਨ। ਉਹ ਅਜਿਹੇ ਵੇਲਿਆਂ ‘ਤੇ ਗੱਲਾਂ ਵੀ ਕਰਦਾ ਅਤੇ ਸ਼ਾਇਰੀ ਗੁਣਗੁਣਾਉਂਦਾ ਵੀ। ਉਹਦੀ ਆਵਾਜ਼ ਵਿੱਚ ਸੱਚੀਂ-ਮੁੱਚੀਂ ਇਕ ਦਰਦ ਸੀ। ਜਦੋਂ ਇਕਹਿਰੇ ਸਰੀਰ  ਵਾਲਾ ਖੂਬਸੂਰਤ ਸ਼ਿਵ ਇਕ ਸ਼ਾਇਰ ਦੇ ਤੌਰ ‘ਤੇ ਖੱਬੇ ਕੰਨ ‘ਤੇ ਹੱਥ ਰੱਖ ਕੇ ਅਤੇ ਸੱਜੀ ਬਾਂਹ ਉਲਾਰ ਕੇ ਗੀਤ ਗਾਉਣ ਲੱਗਦਾ ਤਾਂ ਭੀੜ ਵਿੱਚ ਸੰਨਾਟਾ ਛਾ ਜਾਂਦਾ। ਇਸ ਵੇਲੇ ਨਾਲ ਬੈਠੇ ਬੰਦੇ ਦੇ ਮਨ ਦੀ ਆਵਾਜ਼ ਵੀ ਸੁਣਾਈ ਦੇਣ ਲਗਦੀ ਸੀ ਪਰ ਉਹਦੀ ਇਸ ਸ਼ੁਹਰਤ ਨੇ ਉਸ ਨੂੰ ਸ਼ਰਾਬ  ਵੱਲ ਵੀ ਮੋੜ ਦਿੱਤਾ ਸੀ ਅਤੇ ਉਹਦੀ ਸ਼ਰਾਬ ਦੇ ਕਿੱਸੇ ਅਕਸਰ ਸਾਹਮਣੇ ਆਉਣ ਲੱਗੇ। ਮੈਂ ਵੀ ਚੂੰਕਿ ਖੁਦ ਬਟਾਲਿਓਂ ਬੀ.ਏ. ਕਰਨ ਪਿੱਛੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਗਿਆ ਸਾਂ। ਐਮ.ਏ. ਪੰਜਾਬੀ ਕਰਨ। ਇਸ ਲਈ ਇਕ ਵਾਰੀ ਸ਼ਾਮੀਂ ਉਸ ਦਾ 22 ਸੈਕਟਰ ਵਾਲੇ ਨਹਿਰੂ ਪਾਰਕ ਵਿੱਚ ਗੀਤ ਸੁਣ ਕੇ ਬੇਹੱਦ ਪ੍ਰਭਾਵਿਤ ਹੋਇਆ ਸਾਂ। ਉਂਜ ਉਸ ਦੀ ਬਹੁਤੀ ਠਾਹਰ ਸੈਕਟਰ ਬਾਈ ਵਿੱਚ ਪ੍ਰੀਤਮ ਕੰਵਲ ਘੜੀਆਂ ਵਾਲੇ ਕੋਲ ਹੁੰਦੀ ਸੀ। ਉੱਥੇ ਇਕ ਬੈਂਚ ਹੁੰਦਾ ਸੀ ਜੋ ਅੱਜ ਵੀ  ਉਥੇ ਹੀ ਪਿਆ ਹੈ। ਕਈ ਵਾਰੀ ਸ਼ਿਵ ਦੋ ਘੁੱਟ ਲਾ ਕੇ ਉਸ ਬੈਂਚ ਉੱਤੇ ਹੀ ਟੇਢਾ ਹੋ ਜਾਂਦਾ ਸੀ।  ਸ਼ਾਮ ਨੂੰ ਸ਼ਿਵ ਬਾਈ ਸੈਕਟਰ ਦੀ ਸੜਕ ਨਾਲ ਰੇਲਿੰਗ ‘ਤੇ ਵੀ ਬੈਠਦਾ। ਉਹਦੇ ਨਾਲ ਫਿਲਮਾਂ ਵਾਲਾ ਦਾਰਾ ਸਿੰਘ ਵੀ ਹੁੰਦਾ ਸੀ। ਮਜ਼ੇਦਾਰ ਗੱਲ ਇਹ ਹੈ ਕਿ ਪ੍ਰੀਤਮ ਕੰਵਲ ਸ਼ਿਵ ਦੀ ਸ਼ੋਹਰਤ ਕਾਰਨ  ਸ਼ਾਇਰ ਬਣ ਗਿਆ ਸੀ।ਕਈ ਵਾਰੀ ਬੰਦਾ ਅਭਿਆਸ ਨਾਲ ਵਧੇਰੇ ਅਨੁਭਵੀ ਹੁੰਦਾ ਹੈ ਪਰ ਸ਼ਿਵ ਦੇ ਤਾਂ ਪਹਿਲੇ ਦਿਨੋਂ ਹੀ ਅੰਦਰੋਂ ਸ਼ਾਇਰੀ ਉਜਾਗਰ ਹੁੰਦੀ ਸੀ।  ਉਹਦੀ ਸ਼ਾਇਰੀ ਨੂੰ ਬਿਨਾਂ ਸ਼ੱਕ  ਕਈ ਤਰ੍ਹਾਂ ਦੇ ਨਾਂ ਦਿੱਤੇ ਗਏ ਪਰ ਉਹ ਆਪਣੀ ਹੀ ਕਿਸਮ ਦਾ ਸ਼ਾਇਰ ਸੀ। ਜੇ ਲਟਬੌਰਾ ਸ਼ਾਇਰ ਵੀ ਕਹਿ ਲਈਏ ਤਾਂ ਸ਼ਾਇਦ ਕੋਈ ਅਤਿਕਥਨੀ ਨਹੀਂ ਹੋਵੇਗੀ ਪਰ ਇਕ ਹਾਂ-ਪੱਖੀ ਪਹਿਲੂ ਉਹਦੇ ਨਾਲ ਹੌਲੀ-ਹੌਲੀ ਇਹ ਜੁੜ ਗਿਆ ਸੀ ਕਿ ਸ਼ਰਾਬ ਉਹਦੀ ਸਾਥਣ ਬਣ ਗਈ। ਦਿੱਲੀ ਵਿੱਚ 26 ਜਨਵਰੀ ਦੇ ਮੌਕੇ ‘ਤੇ ਹਰ ਸਾਲ ਹੋਣ ਵਾਲੇ ਪੰਜਾਬੀ ਕਵੀ ਦਰਬਾਰ ਵਿੱਚ ਉਹਨੂੰ ਇਕ ਵੇਰਾਂ ਦੇਖਿਆ ਸੀ ਕਿ ਉਹਦੇ ਕੋਲੋਂ ਕਵਿਤਾ ਪੜ੍ਹਨ ਵੇਲੇ ਠੀਕ ਢੰਗ ਨਾਲ ਖੜ੍ਹਾ ਵੀ ਨਹੀਂ ਸੀ ਹੋਇਆ ਜਾਂਦਾ। ਪਰ ਉਹ ਫਿਰ ਵੀ ਕਵੀ ਦਰਬਾਰਾਂ ਦੀ ਸ਼ਾਨ ਸੀ।
ਉਸ ਨੇ ਜ਼ਿੰਦਗੀ  ਨੂੰ ਬਹੁਤ ਕਾਹਲੀ ਨਾਲ ਜੀਵਿਆ। ਉਹ ਪੰਜਾਬੀ ਸ਼ਾਇਰੀ ਦਾ ਚੰਨ ਤਾਰਾ ਬਣ ਕੇ ਉਭਰਿਆ ਅਤੇ ਇਸੇ ਤਰ੍ਹਾਂ ਸੈਂਤੀ   ਵਰ੍ਹਿਆਂ ਦੀ ਉਮਰੇ ਛੁਪ ਗਿਆ। ਇਹ ਸ਼ਿਵ ਸੀ ਜਿਹੜਾ ਇਹ ਕਹਿ ਸਕਦਾ ਸੀ:
ਚੰਨ ਬਣੇ ਜਾਂ ਤਾਰਾ ਜੋਬਨ ਰੁੱਤੇ ਜੋ ਵੀ ਮਰਦਾ….
ਜਾਂ
ਇਹ ਵੀ ਸ਼ਿਵ ਹੀ ਕਹਿ ਸਕਦਾ ਸੀ:
ਇਹ ਮੇਰਾ ਗੀਤ  ਮੈਂ ਆਪੇ  ਗਾਣਾ
ਆਪੇ ਗਾ ਕੇ ਭਲ੍ਹਕੇ ਹੀ ਮਰ ਜਾਣਾ।
ਇਹ ਵੀ ਸ਼ਿਵ ਹੀ ਸੀ ਜੋ ”ਚੰਨ ਵੇ ਸ਼ੌਕਣ ਮੇਲੇ ਦੀ
ਪੈਰ ਧੋ ਕੇ ਝਾਂਜਰਾ ਪਾਉਂਦੀ।
ਮੇਲਦੀ ਆਉਂਦੀ।
ਵਰਗੇ ਗੀਤ ਲਿਖ ਸਕਦਾ ਸੀ।
ਕੁਝ ਹੋਰ ਵੰਨਗੀਆਂ:
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ
ਕੁਝ ਰੁੱਖ ਵਾਂਗ ਭਰਾਵਾਂ।
ਕੁਝ ਰੁੱਖ ਦਾਦੇ,  ਨਾਨਕੇ ਲੱਗ਼ਦੇ
ਪੁੱਤਰ ਟਾਵਾਂ-ਟਾਵਾਂ।
ਸ਼ਿਵ ਨੇ ਜਿੰਨਾ ਲਿਖਿਆ ਹੈ ਉਸ ਤੋਂ ਕਈ ਗੁਣਾਂ ਵੱਧ ਉਸ ਦੇ ਜੀਵਨ ਅਤੇ ਸ਼ਾਇਰੀ ਬਾਰੇ ਲਿਖਿਆ  ਜਾ ਚੁੱਕਾ ਹੈ ਅਤੇ ਨਿੱਤ  ਲਿਖਿਆ ਜਾਂਦਾ ਰਹੇਗਾ। ਉਹਦੀ ਯਾਦ ਵਿੱਚ ਸ਼ਹਿਰ ਬਟਾਲੇ ਹੁਣ ਉਹਦੇ ਨਾਂ ‘ਤੇ ਇਕ ਖੂਬਸੂਰਤ ਆਡੋਟੋਰੀਅਮ ਉਸਾਰਿਆ ਗਿਆ ਹੈ। ਇਹ ਉਸ ਨੂੰ ਢੁਕਵੀਂ ਸ਼ਰਧਾਂਜਲੀ ਹੈ।