ਰੇਲ ਰਾਜ ਮੰਤਰੀ ਗੋਹੇਨ ਖ਼ਿਲਾਫ਼ ਜਬਰ ਜਨਾਹ ਦਾ ਕੇਸ ਦਰਜ

ਅਸਾਮ ਪੁਲੀਸ ਨੇ ਰੇਲ ਰਾਜ ਮੰਤਰੀ ਰਾਜਨ ਗੋਹੇਨ ਖ਼ਿਲਾਫ਼ ਨਗਾਓਂ ਜ਼ਿਲ੍ਹੇ ’ਚ ਇੱਕ 24 ਸਾਲਾ ਮਹਿਲਾ ਨਾਲ ਜਬਰ ਜਨਾਹ ਕਰਨ ਤੇ ਉਸ ਨੂੰ ਧਮਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਨਗਾਓਂ ਦੇ ਡੀਐੱਸਪੀ (ਹੈੱਡਕੁਆਰਟਰ) ਸਬਿਤਾ ਦਾਸ ਨੇ ਕਿਹਾ ਕਿ ਗੋਹੇਨ ਖ਼ਿਲਾਫ਼ ਸ਼ਿਕਾਇਤ ਆਉਣ ਮਗਰੋਂ ਦੋ ਅਗਸਤ ਨੂੰ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ, ‘ਅਸੀਂ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਅਤੇ ਅਸੀਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਾਂਗੇ।’ ਉਨ੍ਹਾਂ ਇਸ ਤੋਂ ਵੱਧ ਹੋਰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਨਗਾਓਂ ਥਾਣੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਿਛਲੇ ਹਫ਼ਤੇ ਇਹ ਕੇਸ ਧਾਰਾ 417, 376 ਤੇ 506 ਤਹਿਤ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਹ ਤੇ ਗੋਹੇਨ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਜਾਣਦੇ ਸਨ ਤੇ ਗੋਹੇਨ ਦਾ ਉਸ ਦੇ ਘਰ ਆਉਣ-ਜਾਣ ਸੀ। ਇੱਕ ਦਿਨ ਜਦੋਂ ਉਸ ਦਾ ਪਤੀ ਤੇ ਹੋਰ ਪਰਿਵਾਰਕ ਮੈਂਬਰ ਘਰ ਨਹੀਂ ਸਨ ਤਾਂ ਗੋਹੇਨ ਨੇ ਉਸ ਨਾਲ ਜਬਰ ਜਨਾਹ ਕੀਤਾ। ਹਾਲਾਂਕਿ ਇਸ ਮਾਮਲੇ ’ਚ ਸ਼ਿਕਾਇਤਕਰਤਾ ਮਹਿਲਾ ਨੇ ਮੈਡੀਕਲ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਪਾਸੇ ਰਾਜ ਮੰਤਰੀ ਰਾਜਨ ਗੋਹੇਨ ਨੇ ਵੀ ਮਹਿਲਾ ਖ਼ਿਲਾਫ਼ ਬਲੈਕਮੇਲ ਕਰਨ ਦਾ ਕੇਸ ਦਰਜ ਕਰਵਾਇਆ ਹੈ।