ਰਾਫ਼ਾਲ: ਸੋਨੀਆ ਦੀ ਅਗਵਾਈ ਵਿੱਚ ਰੋਸ ਮੁਜ਼ਾਹਰਾ

ਮੌਨਸੂਨ ਸੈਸ਼ਨ ਦੇ ਆਖ਼ਰੀ ਦਿਨ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਦਿਆਂ ਮੰਗ ਕੀਤੀ ਕਿ ਸਰਕਾਰ ਫਰਾਂਸ ਨਾਲ ਰਾਫ਼ਾਲ ਜਹਾਜ਼ਾਂ ਦੀ ਖ਼ਰੀਦ ਵਿੱਚ ਹੋਏ ਕਥਿਤ ਘਪਲੇ ਬਾਰੇ ਜਵਾਬ ਦੇਵੇ। ਲੋਕ ਸਭਾ ਵਿੱਚ ਕਾਂਗਰਸ ਨੇ ਇਸ ਮੁੱਦੇ ਉੱਤੇ ਵਾਕਆਊਟ ਕੀਤਾ। ਸੰਸਦ ਭਵਨ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਰੋਸ ਮੁਜ਼ਾਹਰੇ ਦੀ ਅਗਵਾਈ ਕਾਂਗਰਸ ਦੀ ਆਗੂ ਤੇ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਕੀਤੀ।
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਜਿਨ੍ਹਾਂ ਵਿੱਚ ਰਾਜ ਬੱਬਰ, ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਅਤੇ ਅੰਬਿਕਾ ਸੋਨੀ, ਸੀਪੀਆਈ ਦੇ ਡੀ ਰਾਜਾ, ਆਪ ਦੇ ਸੁਸ਼ੀਲ ਗੁਪਤਾ ਸ਼ਾਮਲ ਸਨ, ਨੇ ਸੰਸਦ ਦੇ ਬਾਹਰ ਮੁਜ਼ਾਹਰਾ ਕੀਤਾ ਤੇ ਰਾਫ਼ਾਲ ਸੌਦੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਤੋਂ ਕਰਵਾਉਣ ਦੀ ਮੰਗ ਕਰਦਿਆਂ ਤਖ਼ਤੀਆਂ ਦਿਖਾਈਆਂ ਤੇ ਨਾਅਰੇਬਾਜ਼ੀ ਕੀਤੀ। ਕੱਲ੍ਹ ਲੋਕ ਸਭਾ ਵਿੱਚ ਕਾਂਗਰਸ ਮੈਂਬਰਾਂ ਨੇ ਰਾਫ਼ਾਲ ਸੌਦੇ ਦੀ ਜਾਂਚ ਸੰਸਦ ਦੀ ਸਾਂਝੀ ਕਮੇਟੀ ਕੋਲੋਂ ਕਰਵਾਉਣ ਦੀ ਮੰਗ ਖਾਤਰ ਕਾਰਵਾਈ ਵਿੱਚ ਵਿਘਨ ਪਾਇਆ ਸੀ। ਇਨ੍ਹਾਂ ਨੇ ਰਾਫ਼ਾਲ ਸੌਦੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਦੀ ਵੀ ਮੰਗੀ ਕੀਤੀ ਸੀ।