ਮੈਂ ਵਧੀਆ ਰਾਫ਼ਾਲ ਬਣਾ ਸਕਦਾ ਹਾਂ: ਜਾਖੜ

ਨਵੀਂ ਦਿੱਲੀ: ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਉੱਤੇ ਰਾਫ਼ਾਲ ਲੜਾਕੂ ਜਹਾਜ਼ਾਂ ਦੇ ਸੌਦੇ ਨੂੰ ਲੈ ਕੇ ਲੋਕ ਸਭਾ ਵਿੱਚ ਤਿੱਖਾ ਹਮਲਾ ਕਰਦਿਆਂ ਕਾਂਗਰਸ ਦੇ ਮੈਂਬਰ ਸੁਨੀਲ ਜਾਖੜ ਨੇ ਕਿਹਾ,‘ ਮੈਂ ਬਿਹਤਰ ਰਾਫ਼ਾਲ ਬਣਾ ਸਕਦਾ ਹਾਂ ਤੇ ਮੈਨੂੰ ਇਹ ਅਧਿਕਾਰ ਦਿਓ।’’ ਇਸ ਤੋਂ ਬਾਅਦ ਕਾਂਗਰਸ ਦੇ ਮੈਂਬਰਾਂ ਨੇ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਨੂੰ ਲੈ ਕੇ ਲੋਕ ਸਭਾ ਵਿੱਚੋਂ ਵਾਕਆਊਟ ਕਰ ਦਿੱਤਾ। ਕਾਂਗਰਸ ਮੰਗ ਕਰ ਰਹੀ ਹੈ ਕਿ ਰਾਫ਼ਾਲ ਜਹਾਜ਼ਾਂ ਦੀ ਖ਼ਰੀਦ ਵਿੱਚ ਹੋਏ ਘਪਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਨੂੰ ਸੌਂਪੀ ਜਾਵੇ। ਜਾਖੜ ਨੇ ਸਿਫ਼ਰ ਕਾਲ ਦੌਰਾਨ ਸਦਨ ਵਿੱਚ ਕਾਗਜ਼ ਦਾ ਬਣਾਇਆ ਜੰਗੀ ਜਹਾਜ਼ ਵੀ ਉਛਾਲ ਕੇ ਦਿਖਾਇਆ। ਕਾਂਗਰਸ ਦੇ ਲੋਕ ਸਭਾ ਵਿੱਚ ਆਗੂ ਮਲਿਕਾਰਜੁਨ ਖੜਗੇ ਨੇ ਸਦਨ ਵਿੱਚ ਦੋਸ਼ ਲਾਇਆ ਕਿ ਇਸ ਸੌਦੇ ਵਿੱਚ ਕਥਿਤ ਤੌਰ ਉੱਤੇ ਹਜ਼ਾਰਾਂ ਕਰੋੜ ਦਾ ਘਪਲਾ ਹੋਇਆ ਹੈ। ਇਸ ਮੌਕੇ ਕਾਂਗਰਸ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।