ਮੂੰਗੀ ਦੀ ਦਾਲ – ਵਿਅੰਗ

ਦਫ਼ਤਰੋਂ ਛੁੱਟੀ ਹੋਣ ਉਪਰੰਤ ਮੈਂ ਘਰ ਨੂੰ ਚਾਲੇ ਪਾਏ। ਅਜੇ ਕੁਝ ਹੀ ਦੂਰ ਗਿਆ ਸੀ ਕਿ ਫੋਨ ਦੀ ਘੰਟੀ ਖੜਕੀ। ਬਿਨਾਂ ਵੇਖੇ ਹੀ ਮੈਂ ਫੋਨ ਚੁੱਕ ਲਿਆ।। ਸ਼ਾਮ ਹੋਣ ਵਾਲੀ ਸੀ ਤਾਂ ਜ਼ਾਹਿਰ ਸੀ ਕਿ ਸ੍ਰੀਮਤੀ ਜੀ ਨੇ ਬਜ਼ਾਰੋਂ ਕੁਝ ਮੰਗਵਾਉਣ ਲਈ ਫੋਨ ਕੀਤਾ ਹੋਣਾ।। ਆਰਡਰ ਹੋਇਆ, ‘ਬਜ਼ਾਰੋਂ ਕੋਈ ਸਬਜ਼ੀ ਲੈ ਆਣਾ। ਅੱਜ ਗਲ਼ੀ ‘ਚ ਫੇਰੀ ਵਾਲਾ ਨਹੀਂ ਆਇਆ’। ਮੈਂ ਫੋਨ ਜੇਬ ‘ਚ ਪਾ ਕੇ ਅੱਗੇ ਤੁਰ ਪਿਆ। ਅਜੇ ਸਬਜ਼ੀ ਬਜ਼ਾਰ ਵੱਲ ਮੁੜਨ ਹੀ ਲੱਗਿਆ ਸੀ, ਇਕ ਖੱਚਰ ਰੇੜ੍ਹੇ ਵਾਲਾ ਹੋਕਾ ਦੇ ਰਿਹਾ ਸੀ, ‘ਲੈ ਜੋ ਸਾਬਤ ਮੂੰਗੀ, ਘਰ ਦੀ ਮੂੰਗੀ, ਬਦਾਮਾਂ ਵਰਗੀ ਦੇਸੀ ਮੂੰਗੀ’। ਆਵਾਜ਼ ਕੰਨਾਂ ‘ਚ ਮਿਸ਼ਰੀ ਵਾਂਗ ਘੁਲਣ ‘ਤੇ ਸੋਚਾਂ ਅਤੀਤ ਵੱਲ ਲੈ ਤੁਰੀਆਂ… ਬੇਬੇ ਸ਼ਾਮ ਢਲਣ ਤੋਂ ਪਹਿਲਾਂ ਹੀ ਹਾਰੇ ਵਿਚ ਮੂੰਗੀ ਰਿੱਝਣੀ ਪਾ ਦਿੰਦੀ ‘ਤੇ ਆਉਂਦੀ-ਜਾਂਦੀ ਕੰਮ ਕਰਦੀ ਪਾਥੀਆਂ ਭੰਨ੍ਹ ਹਾਰੇ ‘ਚ ਪਾਉਂਦੀ ਰਹਿੰਦੀ। ਦੋ-ਤਿੰਨ ਘੰਟਿਆਂ ਬਾਅਦ ਹਾਰੇ ‘ਚੋਂ ਮੂੰਗੀ ਉਬਾਲਾ ਦੇਣ ਲਈ ਤਪਲੇ (ਮਿੱਟੀ ਦਾ ਭਾਂਡਾ ਜੋ ਪਤੀਲੇ ਦੀ ਥਾਂ ਵਰਤਿਆ ਜਾਂਦਾ) ‘ਚ ਕੱਢ ਕੇ ਚੁੱਲ੍ਹੇ ‘ਤੇ ਧਰ ਦਿੰਦੀ। ਆਪ ਕੋਲ ਚੁੱਲ੍ਹੇ ‘ਤੇ ਰੋਟੀਆਂ ਪਕਾਉਂਦੀ ਰਹਿੰਦੀ। ਮੂੰਗੀ ਦੀ ਦਾਲ ਤਾਂ ਸਾਰੇ ਸਵਾਦਾਂ ਨੂੰ ਮਾਤ ਪਾਉਂਦੀ ਸੀ।। ਮੂੰਹ ਸਵਾਦ ਨਾਲ ਭਰ ਜਾਂਦਾ, ਢਿੱਡ ਰੱਜ ਜਾਂਦਾ ਪਰ ਦਿਲ ਨਾ ਰੱਜਦਾ। ਨਾਲ ਗੰਢਾ ਖਾਂਦੇ, ਸ਼ਾਹੀ ਖਾਣਾ ਹੁੰਦਾ ਸੀ। ਸੋਚਾਂ ਦੀਆਂ ਵਾਗਾਂ ਫਿਰ ਆਈ ਆਵਾਜ਼ ਨਾਲ ਟੁੱਟੀਆਂ ਤੇ ਮੈਂ ਰੇਹੜੇ ਕੋਲ ਜਾ ਕੇ ਮੂੰਗੀ ਦਾ ਭਾਅ ਪੁੱਛਿਆ। ‘ਬਾਈ ਜੀ ਸੌ ਰੁਪਏ ਕਿਲੋ ਐ। ਦੇਖੋ ਤਾਂ ਸਹੀ ਦਾਣਾ-ਦਾਣਾ ਚਮਕਦਾ ਪਿਆ ਐ’, ਰੇੜ੍ਹੇ ਵਾਲੇ ਨੇ ਹੱਥ ‘ਤੇ ਮੂੰਗੀ ਦੇ ਦਾਣੇ ਧਰ ਕੇ ਮੇਰੇ ਅੱਗੇ ਕੀਤੇ। ਇਕ ਵਾਰ ਤਾਂ ਰੇਟ ਸੁਣ ਕੇ ਸੋਚਿਆ ਛੱਡ ਮਨਾ, ਫਿਰ ਸੋਚਿਆ ਕਿੰਨੇ ਸਾਲ ਹੋ ਗਏ ਮੂੰਗੀ ਦਾ ਸਵਾਦ ਚੱਖਿਆਂ ਨੂੰ। ਦਿਲ ਦੀ ਮੰਨ ਕੇ ਇਕ ਕਿਲੋ ਮੂੰਗੀ ਪਵਾ ਲਈ ਤੇ ਘਰ ਵੱਲ ਤੁਰ ਪਿਆ। ‘ਕਾਹਦੀ ਸਬਜ਼ੀ ਲਿਆਂਦੀ’, ਚਾਹ ਨਾ ਪਾਣੀ ਸ੍ਰੀਮਤੀ ਨੇ ਫ਼ਰਮਾਇਸ਼ੀ ਮਤਾ ਅੱਗੇ ਰੱਖਿਆ। ਜਦੋਂ ਮੂੰਗੀ ਵਾਲਾ ਲਿਫ਼ਾਫਾ ਅੱਗੇ ਕੀਤਾ ਤਾਂ ਸ੍ਰੀਮਤੀ ਜੀ ਦੇ ਸਿਰ ਸੌ ਘੜੇ ਪਾਣੀ ਪੈ ਗਿਆ। ਪਾਰਾ ਤਾਂ ਨੱਬੇ ਡਿੱਗਰੀ ਚੜ੍ਹ ਗਿਆ। ‘ਹਾਏ ਮੂੰਗੀ… ਕਿਸ ਦੀ ਸਲਾਹ ਲੈ ਕੇ ਚੁੱਕ ਲਿਆਂਦੀ। ਬੱਚੇ ਤਾਂ ਪਹਿਲਾਂ ਹੀ ਪਸੰਦ ਨਹੀਂ ਕਰਦੇ। ਕੋਈ ਚੱਜ ਦੀ ਸਬਜ਼ੀ ਲਿਆਉਂਦੇ’। ਮੈਂ ਤਾਜ਼ੇ ਫੜੇ ਚੋਰ ਵਾਂਗ ਨਜ਼ਰਾਂ ਚੁਰਾ ਗਿਆ। ‘ਚੱਲ ਕੋਈ ਨਾ ਧਰ ਲਓ ਅੱਜਕਲ੍ਹ ਨੂੰ ਸਬਜ਼ੀ ਲਿਆਵਾਂਗਾ। ਬੱਚੇ ਵੀ ਤਾਂ ਖਾਣਗੇ ਜੇ ਕਦੇ ਖਾਧੀ ਹੋਵੇ, ਸੌ ਰੁਪਈਆ ਲੱਗਿਆ’, ਡਰਦੇ ਨੇ ਹਿੰਮਤ ਵਿਖਾ ਕੇ ਮੰਗ ਅੱਗੇ ਰੱਖ ਦਿੱਤੀ ਤੇ ਸ੍ਰੀਮਤੀ ਨੇ ਨੱਕ-ਬੁੱਲ੍ਹ ਕੱਢ ਕੇ ਮੰਗ ਮਨਜ਼ੂਰ ਕਰ ਹੀ ਲਈ। ਮਨ ਗਦ-ਗਦ ਹੋ ਗਿਆ। ਸ੍ਰੀਮਤੀ ਨੇ ਪ੍ਰੈਸ਼ਰ ਕੁੱਕਰ ਚੁੱਕਿਆ ਤੇ ਪਾਣੀ ‘ਚ ਨਮਕ ਮਿਰਚ ਪਾ ਕੇ ਮੂੰਗੀ ਵਾਲਾ ਅੱਧਾ ਲਿਫ਼ਾਫਾ ਉਲਟਾ ਦਿੱਤਾ। ਵੇਖ ਕੇ ਇਕ ਵਾਰ ਤਾਂ ਮਨ ਫਿੱਕਾ ਜਿਹਾ ਹੋ ਗਿਆ।। ਚਲੋ ਜ਼ਮਾਨਾ ਬਦਲਿਆ ਇੰਨੀ ਸਜ਼ਾ ਤਾਂ ਸਹਿਣੀ ਪਵੇਗੀ। ਜਦ ਉਖਲੀ ‘ਚ ਸਿਰ ਪਾ ਹੀ ਲਿਆ। ਫਿਰ ਮੋਹਲਿਆਂ ਤੋਂ ਕੀ ਡਰਨਾ। ਸ੍ਰੀਮਤੀ ਜੀ ਨੇ ਜਾ ਕੇ ਟੀ.ਵੀ. ਲਾ ਲਿਆ। ਅੱਧਾ ਕੁ ਘੰਟਾ ਤਾਂ ਵੇਖਿਆ ਫਿਰ ਸਬਰ ਦਾ ਪਿਆਲਾ ਟੁੱਟਿਆ। ‘ਸ੍ਰੀਮਤੀ ਜੀ ਨੂੰ ਕਿਹਾ ਜ਼ਰਾ ਵੇਖ ਲੈਂਦੇ, ਇੰਨਾ ਚਿਰ ਹੋ ਗਿਆ ਐ ਗੈਸ ਚਲ ਰਿਹਾ। ਦਾਲ ਖਰਾਬ ਨਾ ਹੋ ਜਾਵੇ’। ਸ੍ਰੀਮਤੀ ਜੀ ਨੇ ਰਿਮੋਟ ਪਟਕਾਂਦਿਆਂ ਕਿਹਾ, ‘ਨਵੀਂ ਨਹੀਂ ਆਈ, ਹੁਣ ਤੱਕ ਦਾਲ ਸਬਜ਼ੀਆਂ ‘ਚ ਹੀ ਰਹੀ ਹਾਂ। ਗੋਭੀ ਨ੍ਹੀਂ ਜੋ ਪੰਦਰ੍ਹਾਂ ਮਿੰਟਾਂ ‘ਚ ਬਣੂ, ਤਿੰਨ ਸੀਟੀਆਂ ‘ਤੇ ਹੀ ਬਣੂ ਦਾਲ। ਬਹਿ ਜਾਓ ਰਾਮ ਨਾਲ, ਮੈਂ ਵੇਚ ਕੇ ਨ੍ਹੀਂ ਆਉਂਦੀ… ਦਾਲ ਘਰੇ ਹੀ ਦੇਵਾਂਗੀ ਖਾਣ ਨੂੰ। ਮੇਰਾ ਸੀਰੀਅਲ ਚਲ ਰਿਹਾ ਐ, ਚੁੱਪ ਕਰੋ’। ਸ੍ਰੀਮਤੀ ਜੀ ਨੇ ਰਿਮੋਟ ਚੁੱਕ ਆਵਾਜ਼ ਹੋਰ ਉੱਚੀ ਕਰ ਲਈ। ਮੈਂ ਹਾਰੇ ਖਿਡਾਰੀ ਵਾਂਗ ਉੱਥੇ ਹੀ ਬਹਿ ਗਿਆ।
ਜਦ ਰਾਤ ਨੂੰ ਡਾਇਨਿੰਗ ਟੇਬਲ ‘ਤੇ ਆ ਕੇ ਬੈਠਿਆ, ਸਾਰਾ ਕੁਝ ਹੋਣ ‘ਤੇ ਵਰ੍ਹਿਆਂ ਬਾਅਦ ਮੂੰਗੀ ਦਾ ਸਵਾਦ ਚੱਖਣ ਦੀ ਤਾਂਘ ਸੀ। ਬੱਚੇ ਤਾਂ ਮੂੰਗੀ ਵੇਖ ਕੇ ਹੀ ਨੱਕ ਵੱਟ ਗਏ। ਸ੍ਰੀਮਤੀ ਜੀ ਘੂਰਨ ਲੱਗੇ, ਬੱਚਿਆਂ ਨੇ ਰੌਲਾ ਪਾ ਲਿਆ, ‘ਅਸੀਂ ਭੁੱਖੇ ਹੀ ਸੌ ਜਾਵਾਂਗੇ ਪਰ ਆਹ ਮੂੰਗੀ ਨਹੀਂ ਖਾਣੀ। ਸਾਨੂੰ ਤਾਂ ਪੀਜ਼ਾ ਮੰਗਵਾ ਕੇ ਦਿਓ’। ਸ੍ਰੀਮਤੀ ਨੇ ਜਦੋਂ ਦਾਲ ਕੌਲੀ ‘ਚ ਪਾਈ ਤਾਂ ਵੇਖ ਕੇ ਮਨ ਖੱਟਾ ਹੋ ਗਿਆ.। ਪਾਣੀ ਅੱਡ ਤੇ ਦਾਲ ਅੱਡ ਫਿਰੇ, ਤਲਾਅ ‘ਚ ਮੱਛੀਆਂ ਵਾਂਗੂ। ਪਹਿਲੀ ਬੁਰਕੀ ਪਾਈ ਤਾਂ ਜਾੜ੍ਹ ਥੱਲ੍ਹੇ ਕੋਕੜੂ ਕੜਕ ਦੇਣੇ ਆ ਗਿਆ। ਦਾਲ ‘ਚ ਨਾ ਨਮਕ ਨਾ ਕੋਈ ਮਿਰਚ। ਬੁਰਕੀ ਬਾਹਰ ਆਵੇ ਮੈਂ ਅੰਦਰ ਨੂੰ ਧੱਕਾਂ। ਸ੍ਰੀਮਤੀ ਜੀ ਵੱਲ ਵੇਖਣ ਦੀ ਹਿੰਮਤ ਨਾ ਹੋਈ। ਸਿਫ਼ਾਰਿਸ਼ ਤਾਂ ਮੇਰੀ ਹੀ ਸੀ। ਨਘੋਚ ਕੱਢੂੰਗਾ ਤਾਂ ਇਕ ਦੇ ਬਦਲੇ ਦਸ ਸੁਣਨੀਆਂ ਪੈਣਗੀਆਂ। ਕਹੂਗੀ ਜਿਹੜੀ ਵਧੀਆ ਬਣਾਉਂਦੀ ਉਹ ਲੈ ਆ। ਹਫ਼ਤਾ ਭੁੱਖ ਹੜਤਾਲ ‘ਤੇ ਰਹਿਣਾ ਪਊਗਾ।। ਸੋਚ ਕੇ ਚੁੱਪ ਹੀ ਕਰ ਗਿਆ। ਬੱਚੇ ਧਰਨੇ ‘ਤੇ ਬੈਠ ਗਏ। ਫੋਨ ਕਰਕੇ ਪੀਜ਼ੇ ਦਾ ਆਰਡਰ ਦਿੱਤਾ। ਉਧਰੋਂ ਸ੍ਰੀਮਤੀ ਜੀ ਨੇ ਮੂੰਗੀ ਦੀ ਸਾਰੀ ਦਾਲ ਮੇਰੇ ਅੱਗੇ ਕਰ ਦਿੱਤੀ, ‘ਤੁਸੀਂ ਲੈ ਕੇ ਆਏ ਸੀ ਨਾ, ਹੁਣ ਸਾਰੀ ਦਾਲ ਤੁਸੀਂ ਹੀ ਖਾਇਓ’। ਫਸੀ ਨੂੰ ਫਟਕਣ ਕੀ? ਸਾਰੇ ਪੀਜ਼ਾ ਖਾ ਕੇ ਘੁਰਾੜੇ ਮਾਰਨ ਲੱਗੇ ਤੇ ਮੈਂ ਦਾਲ ਅੱਗੇ ਰੱਖੀ। ਆਪਣੇ ਪੈਰੀਂ ਆਪ ਕੁਹਾੜਾ ਮਾਰ ਹੁਣ ਪਛਤਾ ਰਿਹਾ ਸੀ। ਕੰਨਾਂ ਨੂੰ ਹੱਥ ਲਾ ਕੇ ਤੋਬਾ ਕੀਤੀ ਅੱਗੇ ਤੋਂ ਅਚਾਰ ਨਾਲ ਰੋਟੀ ਖਾਣੀ ਮਨਜ਼ੂਰ ਐ ਪਰ ਮੂੰਗੀ ਦੀ ਦਾਲ ਕਦੇ ਨਾ ਆਪ ਲਿਆਵਾਂ ਤੇ ਨਾ ਕਿਸੇ ਨੂੰ ਲਿਆਉਣ ਦੇਵਾਂ। ਭੁੱਖਾ ਮਰ ਜਾਵਾਂਗਾ ਪਰ ਮੂੰਗੀ…ਡਸਟਬਿਨ ‘ਚ ਦਾਲ ਪਾ ਕੇ ਚੁੱਪ ਕਰਕੇ ਬਿਨਾਂ ਅੱਖਾਂ ਮੀਚੇ ਸੌਂ ਗਿਆ।।

ਸੁਖਵਿੰਦਰ ਕੌਰ ਹਰਿਆਓ’
ਮੋਬਾਈਲ : 84274-05492