“ਮਾਰੂ ਹਥਿਆਰ”

ਜੱਗ ਵਿੱਚ ਹੈ ਹਥਿਆਰਾਂ ਦੀ ਬਹੁਤਾਤ ਹੋਈ,
ਮਾਰੋ-ਧਾੜ ਦੀ ਹਰ ਪਾਸੇ ਗੱਲ ਬਾਤ ਹੋਈ।

ਅਮਨ ਤਾਂ ਡਰਦਾ ਮਾਰਾ ਖੂੰਜੇ ਲੱਗ ਬੈਠਾ,
ਮਾਰੂ ਯੁੱਧ ਦੀ ਉੱਚੀ ਬੜੀ ਔਕਾਤ ਹੋਈ।

ਸੁਖ-ਸ਼ਾਂਤੀ ਦਾ ਕੋਈ ਬੱਦਲ਼ ਵੱਰਦਾ ਨਹੀਂ ,
ਨਿੱਤ ਨੀਲੇ ਅੰਬਰੋਂ, ਬੰਬਾਂ ਦੀ ਬਰਸਾਤ ਹੋਈ।

ਮਜ਼ਾਈਲਾਂ ਨੇ ਤਾਂ ਦਿਨਾਂ ਨੂੰ ਦੈਂਤ ਬਣਾ ਦਿੱਤਾ,
ਮੌਤ ਦਾ ਧਾਰ ਕੇ ਰੂਪ ਡਰਾਉਣੀਂ ਰਾਤ ਹੋਈ।

ਬਾਰੂਦ ਦਾ ਧੂੰਆਂ ਧੁਰ ਅਸਮਾਨ ਨੂੰ ਜਾ ਚੜ੍ਹਿਆ,
ਪੱਛਮ ਵਲੋਂ ਪੂਰਬ ਨੂੰ ਦਿਤੀ ਇਹ ਸੌਗ਼ਾਤ ਹੋਈ।

ਵੱਡੀਆਂ ਤਾਕਤਾਂ ਛੋਟੀਆਂ ਨੂੂੰ ਦਬਾਉਂਦੀਆਂ ਨੇਂ,
ਅਕਲਾਂ ਨਾਲ਼ੋਂ ਭੈਂਸ ਦੀ ਉੱਚੀ ਜਾਤ ਹੋਈ।

ਅੱਧੀ ਦੁਨੀਂਆਂ ਦੇ ਅਮਨ ਨੂੰ ਹੈ ਖਤਰਾ,
ਅਤਿਵਾਦ ਦੀ ਸਾਰੇ ਜੱਗ ਵਿੱਚ ਪੈਂਦੀ ਬਾਤ ਹੋਈ।

ਤਕੜੇ ਮਾੜੇ ਵਿੱਚ ਜੇ ਦੂਰੀਆਂ ਮੁੱਕ ਜਾਵਣ,
” ਭੋਗਲ” ਉਡੀਕੇ,ਕਦ ਸੁਲੱਖਣੀ ਪ੍ਰਭਾਤ ਹੋਈ।

ਲੇਖਕ:-ਨਛੱਤਰ ਸਿੰਘ ਭੋਗਲ, “ਭਾਖੜੀਆਣਾ”