ਬੰਦਾ ਜੇ ਬਣ ਜਾਏ ਬੰਦਾ …….

 – ਸ਼ਾਮ ਸਿੰਘ ਅੰਗ-ਸੰਗ

ਕਦੇ ਕਿਸੇ ਨੇ ਨਹੀਂ ਆਖਿਆ ਕਿ ਕੁੱਤਿਆ ਕੁੱਤਾ ਬਣ ਜਾ, ਕਿਉਂਕਿ ਉਹ ਕੁੱਤਿਆਂ ਵਾਲੇ ਕੁੱਤੇ ਕੰਮ ਕਰਨ ਤੋਂ ਕਦੇ ਵੀ ਨਹੀਂ ਉੱਕਦਾ। ਕੁੱਤਿਆਂ ਦੇ ਕੰਮ ਦੇਖ ਕੇ ਬੰਦਾ ਤਾਂ ਸ਼ਰਮਾਉਂਦਾ ਹੈ, ਪਰ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਹ ਜੋ ਵੀ ਕਰਦੇ ਹਨ, ਕਰਦੇ ਰਹਿੰਦੇ ਹਨ, ਕਿਉਂਕਿ ਉਨ੍ਹਾਂ ਨੂੰ ਨਾ ਅਕਲ ਹੁੰਦੀ ਹੈ ਅਤੇ ਨਾ ਸਦਾਚਾਰ ਦਾ ਫ਼ਿਕਰ। ਉਹ ਤਾਂ ਜਦੋਂ ਆਪੇ ਤੋਂ ਬਾਹਰੇ ਹੋ ਜਾਣ ਤਾਂ ਬੰਦਿਆਂ ਨੂੰ ਵੀ ਵੱਢ ਖਾਣ ਨੂੰ ਪੈਂਦੇ ਹਨ, ਕਿਉਂਕਿ ਉਨ੍ਹਾਂ ਨੇ ਕੁੱਤਿਆਂ ਦੇ ਕੌਤਕਾਂ ਤੋਂ ਬਾਜ਼ ਨਹੀਂ ਹੋਣਾ-ਆਉਣਾ ਹੁੰਦਾ। ਮਾੜੇ ਹੋਣ ਦੇ ਨਾਲ-ਨਾਲ ਕੁੱਤਿਆਂ ਦੀ ਚੌਕਸੀ, ਚੌਕੀਦਾਰੀ ਦਾ ਵੀ ਮੁਕਾਬਲਾ ਨਹੀਂ ਅਤੇ ਵਫ਼ਾਦਾਰੀ ਦਾ ਵੀ ਨਹੀਂ। ਕੁੱਤਿਆਂ ਨੂੰ ਸਿੱਖਿਆ ਅਤੇ ਟਰੇਨਿੰਗ ਦੇ ਕੇ ਉਨ੍ਹਾਂ ਤੋਂ ਚੰਗੇ ਕੰਮ ਵੀ ਲਏ ਜਾ ਸਕਦੇ ਹਨ ਅਤੇ ਹੁਨਰ ਭਰਪੂਰ ਹੈਰਾਨੀ ਜਨਕ ਵੀ।
ਪਰ ਬੰਦੇ ਨੂੰ ਹਰੇਕ ਸਮੇਂ ਆਖਿਆ ਜਾਂਦਾ ਹੈ ਕਿ ਬੰਦਿਆ ਬੰਦ ਬਣ ਜਾ। ਖ਼ਾਸ ਕਰ ਕੇ ਉਦੋਂ, ਜਦੋਂ ਚੰਗੇ ਕੰਮ ਨਾ ਕਰ ਰਿਹਾ ਹੋਵੇ ਅਤੇ ਮਾੜਿਆਂ ਤੋਂ ਹਟਦਾ ਨਾ ਹੋਵੇ। ਸਭ ਤੋਂ ਪਹਿਲਾਂ ਤਾਂ ਉਸ ਨੂੰ ਬਾਲਪਣ ਵਿੱਚ ਘਰੋਂ ਰਹਿਣ-ਬਹਿਣ, ਵਰਤੋਂ-ਵਿਹਾਰ ਦੀ ਸਿੱਖਿਆ ਮਿਲਦੀ ਹੈ, ਜਿਸ ਨਾਲ ਉਹ ਲੋਕਾਂ ਵਿੱਚ ਵਿਚਰਦਾ ਵੀ ਹੈ ਅਤੇ ਸਲੀਕੇ ਨਾਲ ਰਹਿੰਦਾ ਵੀ। ਵਿੱਦਿਅਕ ਅਦਾਰਿਆਂ ਤੋਂ ਵੀ ਸਿੱਖਦਾ ਹੈ ਅਤੇ ਧਾਰਮਿਕ ਸਥਾਨਾਂ ਤੋਂ ਵੀ। ਫੇਰ ਵੀ ਉਹ ਮਾੜੇ ਪਾਸੇ ਜਾਣ ਤੋਂ ਰੁਕਦਾ ਨਹੀਂ, ਜਿਸ ਕਾਰਨ ਉਸ ਨੂੰ ਇਹ ਸੁਣਨਾ ਹੀ ਪੈਂਦਾ ਹੈ ਕਿ ‘ਬੰਦਾ ਬਣ ਜਾ’। ਏਨੀਆਂ ਸਿੱਖਿਆਵਾਂ, ਏਨੇ ਉਪਦੇਸ਼ ਪਰ ਬੰਦਾ ਫੇਰ ਵੀ ਬੰਦਾ ਨਹੀਂ ਬਣਦਾ। ਏਨੀ ਗਿਣਤੀ ਵਿੱਚ ਘਰ, ਵਿੱਦਿਅਕ ਅਦਾਰੇ, ਧਾਰਮਿਕ ਸਥਾਨ ਅਤੇ ਸਮਾਜ ਸੁਧਾਰਕ ਸਭਾਵਾਂ ਸਿਖਾਉਣ ਵਾਲੀਆਂ, ਪਰ ਬੰਦੇ ‘ਤੇ ਕਾਬੂ ਪਾਉਣ ਤੋਂ ਸਭ ਅਸਮਰੱਥ!
ਹੈਰਾਨੀ ਤਾਂ ਉਦੋਂ ਹੁੰਦੀ ਹੈ, ਜਦੋਂ ਘਰਾਂ ‘ਚ ਚੋਰੀਆਂ ਅਤੇ ਡਾਕੇ ਵੱਜੀ ਜਾਂਦੇ ਹਨ, ਮਾਰਨ ਵਾਲੇ ਬੰਦੇ। ਵਿੱਦਿਅਕ ਅਦਾਰਿਆਂ ਵਿੱਚ ਮੰਦੇ ਕੰਮ ਹੋਣੋਂ ਨਹੀਂ ਰੁਕਦੇ। ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ‘ਚੋਂ ਚੋਰੀਆਂ ਦੇ ਕਿੱਸੇ। ਉੱਥੇ ਰੱਬ ਤੋਂ ਵੀ ਡਰ ਨਹੀਂ ਮੰਨਿਆ ਜਾਂਦਾ, ਜਿਵੇਂ ਉੱਥੇ ਰੱਬ ਰਹਿੰਦਾ ਹੀ ਨਾ ਹੋਵੇ। ਉੱਥੇ ਚੋਰੀ ਕਰਨ ਵਾਲੇ ਨੂੰ ਹੁੰਦਾ ਵੀ ਕੁਝ ਨਹੀਂ, ਕਿਉਂਕਿ ਉਹ ਵੀ ਰੱਬ ਨੂੰ ਧਿਆਏ ਬਗ਼ੈਰ ਚੋਰੀ ਨਹੀਂ ਕਰਦਾ। ਫਿਰ ਅਜਿਹੇ ‘ਚ ਧਰਮ ਸਥਾਨਾਂ ਵਾਲੇ ਕੀ ਕਰ ਸਕਦੇ ਹਨ ਅਤੇ ਅਜਿਹੇ ਬੰਦੇ ਨੂੰ ਬੰਦਾ ਬਣਾਏ ਜਾਣ ਲਈ ਵੀ ਕੁਝ ਨਹੀਂ ਕਰ ਸਕਦੇ। ਬੰਦੇ ਨੂੰ ਬੰਦਾ ਬਣਾਉਣ ਲਈ ਬਹੁਤ ਜ਼ੋਰ ਲਾਇਆ ਜਾ ਰਿਹਾ, ਪਰ ਉਹ ‘ਮੈਂ ਨਾ ਮਾਨੂੰ’ ਉੱਤੇ ਅੜਿਆ ਹੀ ਖੜ੍ਹਾ।
ਅਸਲੀ ਗੱਲ ਇਹ ਹੈ ਕਿ ਜੇ ਉਸ ਦੀ ਅੜੀ ‘ਤੇ ਕਾਬੂ ਪਾ ਲਿਆ ਜਾਵੇ ਅਤੇ ਉਹ ਬੰਦਾ ਬਣਨ ਲਈ ਤਿਆਰ ਹੋ ਜਾਵੇ ਅਤੇ ਬਣ ਵੀ ਜਾਵੇ ਤਾਂ ਸਭ ਕੁਝ ਚੰਗਾ ਹੋ ਸਕਦਾ, ਜਿਸ ਨਾਲ ਮਾਹੌਲ ਸਾਜ਼ਗਾਰ ਹੋ ਸਕਦੈ ਅਤੇ ਸਮਾਜ ਨਿਰਮਲ ਹੋ ਜਾਵੇਗਾ। ਜਿਹੜੀ ਆਪਾ-ਧਾਪੀ ਮੱਚੀ ਹੋਈ ਹੈ ਅਤੇ ਇੱਕ ਦੂਜੇ ਨਾਲ ਠੱਗੀ ਦਾ ਰਾਹ ਅਪਣਾਇਆ ਜਾ ਰਿਹਾ ਹੈ, ਉਹ ਸਭ ਕੁਝ ਖ਼ਤਮ ਹੋਣ ਦੀ ਉਮੀਦ ਤਾਂ ਹੀ ਹੋ ਸਕਦੀ ਹੈ, ਜੇ ਬੰਦਾ ਸੱਚਮੁੱਚ ਬੰਦਾ ਬਣ ਜਾਵੇ। ਉਹ ਜ਼ਾਬਤੇ ਦੀ ਮਰਿਯਾਦਾ ਨੂੰ ਮੰਨੇ ਅਤੇ ਚੰਗੇ ਕੰਮ ਕਰਨ ਵੱਲ ਤੁਰੇ।
ਘਰੋ-ਘਰੀ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦਾ ਜਤਨ ਆਰੰਭਿਆ ਜਾਵੇ; ਦੂਜੇ, ਮਾਪੇ, ਸਕੂਲ-ਕਾਲਜ ਦੇ ਅਧਿਆਪਕ ਤਾਣ ਲਾ ਕੇ ਬੱਚਿਆਂ ਨੂੰ ਜਵਾਨੀ ਵਿੱਚ ਹੀ ਬੰਦਿਆਂ ਦੀ ਘਾੜਤ ਘੜ ਦੇਣ, ਤਾਂ ਕਿ ਸਮਾਜ ਵਿੱਚ ਨਿਰਮਲਤਾ ਆਵੇ, ਚੰਗਿਆਈ ਦਾ ਰਾਜ ਹੋਵੇ ਅਤੇ ਸਮਾਜ ਦਾ ਮੁਹਾਂਦਰਾ ਨਿੱਖਰ ਵੀ ਜਾਵੇ ਅਤੇ ਸੰਵਰ ਵੀ ਜਾਵੇ। ਧਰਮ ਸਥਾਨਾਂ ਦਾ ਕੰਮ ਉਹੀ ਸੰਭਾਲਣ, ਜਿਨ੍ਹਾਂ ਨੂੰ ਸਮਾਜਕ ਮਰਿਯਾਦਾ ਦੇ ਨਾਲ-ਨਾਲ ਰੂਹਾਨੀਅਤ ਦੀ ਸਾਰ ਵੀ ਹੋਵੇ। ਜਿਨ੍ਹਾਂ ਨੇ ਧਾਰਮਿਕ ਸਥਾਨਾਂ, ਡੇਰਿਆਂ ਅਤੇ ਆਸ਼ਰਮਾਂ ਵਿੱਚ ਗੰਦੇ ਕੰਮ ਕਰਨ ਲਈ ਆਉਣਾ ਹੋਵੇ, ਉਹ ਕੋਈ ਹੋਰ ਕੰਮ ਕਰਨ, ਉਪਦੇਸ਼ ਦੇਣ ਦਾ ਕੰਮ ਤਿਆਗ ਦੇਣ।
ਆਦਮੀ ਸੰਸਾਰ ਵਿੱਚ ਬਹੁਤੇ ਚਿਰ ਲਈ ਨਹੀਂ ਆਇਆ। ਧਰਤੀ ਦੇ ਮਹਿਮਾਨ ਨੂੰ ਆਪਣੀ ਫੇਰੀ ਦਾ ਮਕਸਦ ਸਮਝਣਾ ਚਾਹੀਦਾ ਹੈ, ਤਾਂ ਕਿ ਉਹ ਬੰਦਾ ਬਣ ਕੇ ਬੰਦਿਆਂ ਵਾਲੇ ਕੰਮ ਕਰੇ ਅਤੇ ਦੂਜਿਆਂ ਵਾਸਤੇ ਉਤਸ਼ਾਹੀ ਅਤੇ ਚੰਗੀ ਪ੍ਰੇਰਨਾ ਬਣੇ, ਤਾਂ ਕਿ ਇੱਕ ਦੂਜੇ ਨੂੰ ਦੇਖ ਕੇ ਹਰ ਕੋਈ ਚੰਗਾ, ਉੱਤਮ, ਨਿਰਮਲ ਬਣਨ ਦਾ ਕੇਵਲ ਜਤਨ ਨਾ ਕਰੇ, ਸਗੋਂ ਬੰਦਾ ਬਣ ਹੀ ਜਾਵੇ।
ਅਜਿਹਾ ਬਣਨ ਲਈ ਬੰਦੇ ਨੂੰ ਨਸ਼ਿਆਂ ਅਤੇ ਮਾੜੇ ਕੰਮਾਂ ਤੋਂ ਦੂਰ ਰਹਿਣਾ ਪਵੇਗਾ। ਸਰਕਾਰਾਂ ਅਤੇ ਰਾਜਸੀ ਨੇਤਾਵਾਂ ਨੂੰ ਝੂਠ ਬਿਲਕੁੱਲ ਨਹੀਂ ਬੋਲਣਾ ਚਾਹੀਦਾ, ਨਾ ਹੀ ਉਹ ਲਾਰਿਆਂ ਨਾਲ ਬੁੱਤਾ ਸਾਰਨ ਦੀ ਰਾਜਨੀਤੀ ਕਰਨ। ਉਹ ਉਹੀ ਵਾਅਦੇ ਕਰਨ, ਜਿਹੜੇ ਪੂਰੇ ਕਰ ਸਕਦੇ ਹੋਣ, ਉਹ ਕੰਮ ਕਰਨ, ਜਿਹੜੇ ਨੇਪਰੇ ਚਾੜ੍ਹ ਸਕਣ, ਤਾਂ ਹੀ ਉਹ ਦੂਜਿਆਂ ਲਈ ਰਾਹ-ਦਸੇਰਾ ਬਣਨ ਦੇ ਯੋਗ ਹੋ ਸਕਣਗੇ। ਬੰਦੇ ਨੂੰ ਸਿੱਧਾ ਸੰਬੋਧਨ ਹੀ ਹੋ ਲਈਏ :

ਬੰਦਿਆ ਜੇ ਤੂੰ ਬੰਦਾ ਬਣਨਾ,
ਚੰਗੇ  ਕੰਮ  ਤੂੰ  ਕਰ  ਲੈ।
ਦੂਰ ਭੱਜਣ ਦੀ ਲੋੜ ਨਾ ਤੈਨੂੰ,
ਆਪਣੇ ਈ ਦਿਲ ਤੋਂ ਬਰ ਲੈ।
ਚੋਰੀ ਦੇ ਵਿੱਚ ਡੁੱਬਣ ਨਾਲੋਂ,
ਸੱਚ  ਦਾ  ਸਾਗਰ  ਤਰ  ਲੈ।

ਬੰਦਿਆ ਜੇ ਤੂੰ ਬਣ ਜਾਏਂ ਬੰਦਾ
ਸਭ ਕੁਝ ਹੋ ਜਾਊ ਚੰਗਾ ਚੰਗਾ
ਨਸ਼ੇ-ਨੁਸ਼ੇ ਸਭ  ਦੌੜ ਜਾਣਗੇ
ਦੇਸ਼ ਬਣ ਜਾਊ ਵਗਦੀ ਗੰਗਾ
ਬਣੇਗਾ  ਨਿੱਘਾ  ਭਾਈਚਾਰਾ
ਖ਼ਤਮ ਹੋ ਜਾਊ ਹਰ ਇੱਕ ਪੰਗਾ
ਮਿਟ  ਜਾਣਗੇ  ਝਗੜੇ-ਝੇੜੇ
ਕਿਤੇ ਨਾ ਹੋਊ ਹਿੰਸਕ ਦੰਗਾ।

ਨਸ਼ਿਆਂ ਬਾਰੇ ਰੌਲਾ-ਰੱਪਾ
ਨਸ਼ਿਆਂ ਬਾਰੇ ਜਿੰਨਾ ਰੌਲਾ-ਰੱਪਾ ਹੁਣ ਪੈ ਰਿਹਾ ਹੈ, ਸ਼ਾਇਦ ਪਹਿਲਾਂ ਕਦੇ ਏਨਾ ਨਹੀਂ ਪਿਆ। ਮਸਲਾ ਤਾਂ ਇਹ ਗੰਭੀਰ ਹੈ, ਕਿਉਂਕਿ ਇਨ੍ਹਾਂ ਨਸ਼ਿਆਂ ਨਾਲ ਸੌਰਦਾ ਕੁਝ ਨਹੀਂ, ਵਿਗੜਦਾ ਹੀ ਵਿਗੜਦਾ। ਨਸ਼ਿਆਂ ‘ਤੇ ਜੇ ਕਾਬੂ ਪਾਉਣਾ ਹੋਵੇ ਤਾਂ ਸਰਕਾਰਾਂ ਤੁਰਤ ਹੀ ਪਾ ਸਕਦੀਆਂ ਹਨ, ਕਿਉਂਕਿ ਉਨ੍ਹਾਂ ਕੋਲ ਸਾਧਨ ਵੀ ਹਨ ਅਤੇ ਤਾਕਤ ਵੀ, ਪਰ ਜੇ ਸਰਕਾਰਾਂ ਨੇ ਆਰਥਿਕ ਤੌਰ ‘ਤੇ ਨਸ਼ਿਆਂ ਦੀ ਵਿੱਕਰੀ ‘ਤੇ ਨਿਰਭਰ ਰਹਿਣ ਨੂੰ ਤਰਜੀਹ ਦੇਣੀ ਹੈ ਤਾਂ ਨਸ਼ੇ ਕਦੇ ਬੰਦ ਨਹੀਂ ਹੋ ਸਕਦੇ। ਪੰਜਾਬ ਦੇ ਮੁੱਖ ਮੰਤਰੀ ਨੇ ਰਾਜ ‘ਚੋਂ ਨਸ਼ੇ ਖ਼ਤਮ ਕਰਨ ਲਈ ਸਹੁੰ ਖਾਧੀ ਸੀ, ਜਿਸ ਕਾਰਨ ਹੁਣ ਉਨ੍ਹਾ ਨੂੰ ਇਹ ਪੂਰੀ ਕਰਨੀ ਚਾਹੀਦੀ ਹੈ, ਨਸ਼ੇ ਖ਼ਤਮ ਹੋ ਜਾਣਗੇ।

ਲਤੀਫ਼ੇ ਦਾ ਚਿਹਰਾ-ਮੋਹਰਾ
ਪਤਨੀ :  ਐਹ ਗੁਆਂਢੀ ਵੱਲ ਖੁੱਲ੍ਹਦੀਆਂ ਤਾਕੀਆਂ ਵਿੱਚ ਪਰਦੇ ਲਗਾ ਦਿਉ। ਉਹ ਸਾਰਾ ਦਿਨ ਮੈਨੂੰ ਦੇਖਦਾ ਰਹਿੰਦਾ।
ਪਤੀ   :  ਇੱਕ ਦਿਨ ਬਿਨਾਂ ਮੇਕਅੱਪ ਤਾਕੀ ਵਿੱਚ ਓਧਰ ਨੂੰ ਮੂੰਹ ਕਰ ਕੇ ਖੜ ਜਾਣਾ, ਉਹ ਆਪਣੀਆਂ ਤਾਕੀਆਂ ‘ਚ ਆਪੇ
ਪਰਦੇ ਲਾ ਲਵੇਗਾ।