ਬਿਹਤਰ ਹੈ ਜੇ ਚਮਚਾਗਿਰੀ ਤੋਂ ਬਚਿਆ ਜਾਵੇ

– ਸ਼ਾਮ ਸਿੰਘ ਅੰਗ ਸੰਗ 

ਚਮਚਾਗਿਰੀ ਤੇ ਚਾਪਲੂਸੀ ਦੋਵੇਂ ਭੈਣਾਂ ਹਨ, ਜਿਨ੍ਹਾਂ ਦੇ ਸੁਭਾਅ ਅਤੇ ਤਾਸੀਰ ਇੱਕ ਦੂਜੀ ਤੋਂ ਵੱਖਰੇ ਨਹੀਂ। ਇਹ ਦੋਵੇਂ ਉੱਥੇ ਥਾਂ ਬਣਾ ਲੈਂਦੀਆਂ ਹਨ, ਜਿੱਥੇ ਯੋਗਤਾ ਨਾ ਚੱਲਦੀ ਹੋਵੇ, ਜਿੱਥੇ ਗੁਣਾਂ ਦੀ ਕਦਰ ਨਾ ਹੁੰਦੀ ਹੋਵੇ। ਯੋਗਤਾ ਅਤੇ ਗੁਣਾਂ ਨੂੰ ਹਾਰ ਦੇਣ ਲਈ ਚਾਪਲੂਸੀ ਅਤੇ ਚਮਚਾਗਿਰੀ ਏਨੀਆਂ ਕਾਰਗਰ ਸਿੱਧ ਹੁੰਦੀਆਂ ਹਨ ਕਿ ਇਨ੍ਹਾਂ ਦਾ ਮੁਕਾਬਲਾ ਹੀ ਨਹੀਂ ਹੋ ਸਕਦਾ। ਇਹ ਦੋਵੇਂ ਮੈਰਿਟ ਨੂੰ ਥੱਲੇ ਸੁੱਟਣ ਵਾਲੀਆਂ ਹਨ, ਜਿਸ ਕਰ ਕੇ ਇਹਨਾਂ ਨੂੰ ਚੰਗਾ ਨਹੀਂ ਸਮਝਿਆ ਜਾਣਾ ਚਾਹੀਦਾ।
ਸਭ ਤੋਂ ਪਹਿਲਾਂ ਤਾਂ ਧਰਮ-ਅਚਾਰੀਆਂ ਅਤੇ ਪ੍ਰਚਾਰਕਾਂ ਨੇ ਬੰਦੇ ਨੂੰ ਰੱਬ ਦੇ ਇਸ ਕਦਰ ਦਾਸ ਬਣਾ ਕੇ ਰੱਖ ਦਿੱਤਾ ਹੈ ਕਿ ਉਹ ਚਾਪਲੂਸੀ ਅਤੇ ਚਮਚਾਗਿਰੀ ਦੇ ਰਾਹ ਤੁਰਨ ਤੋਂ ਬਗ਼ੈਰ ਕੋਈ ਹੋਰ ਰਸਤਾ ਲੱਭ ਹੀ ਨਹੀਂ ਸਕਦਾ। ਰੱਬ ਤਾਂ ਰੱਜਿਆ-ਪੁੱਜਿਆ ਹੈ, ਉਸ ਨੂੰ ਕਿਸੇ ਤੋਂ ਪੂਜਾ ਕਰਵਾਉਣ, ਸਿਫ਼ਤਾਂ ਸੁਣਨ ਦੀ ਕੋਈ ਭੁੱਖ ਨਹੀਂ ਹੋ ਸਕਦੀ, ਪਰ ਰੱਬ ਦੇ ਨੇੜੇ ਹੋਣ ਦਾ ਢਕਵੰਜ ਕਰਨ ਵਾਲੇ ਹੋਰਨਾਂ ਨੂੰ ਉਸ ਦੀ ਚਮਚਾਗਿਰੀ ਤੋਂ ਦੂਰ ਨਹੀਂ ਰਹਿਣ ਦਿੰਦੇ।
ਲੋਕਤੰਤਰ ਵਿੱਚ ਲੋਕਾਂ ਦਾ ਪੂਰਾ ਦਖ਼ਲ ਹੁੰਦਾ ਹੈ, ਜਿਸ ਕਾਰਨ ਲੋਕਾਂ ਵਿੱਚੋਂ ਬਣੇ ਨੇਤਾਵਾਂ ਨੂੰ ਕਿਸੇ ਤਰ੍ਹਾਂ ਦੀ ਚਾਪਲੂਸੀ ਜਾਂ ਚਮਚਾਗਿਰੀ ਦੀ ਆਸ ਨਹੀਂ ਰੱਖਣੀ ਚਾਹੀਦੀ, ਪਰ ਨੇਤਾ-ਲੋਕ ਆਮ ਜਨਤਾ ਵਿੱਚ ਆਪਣੀ ਹਸਤੀ ਦਾ ਪ੍ਰਭਾਵ ਪਾਉਣ ਅਤੇ ਜਮਾਉਣ ਲਈ ਲੋਕਾਂ ਦੀ ਗ਼ਰੀਬੀ ਅਤੇ ਕਮਜ਼ੋਰੀ ਨੂੰ ਆਪਣੇ ਹੱਕ ਵਿੱਚ ਵਰਤਣ ਲਈ ਉਹਨਾਂ ਦੀ ਨਿਮਰਤਾ ਨੂੰ ਚਮਚਾਗਿਰੀ ਦੀ ਜੇਬ ਵਿੱਚ ਪਾਏ ਬਗ਼ੈਰ ਸਾਹ ਨਹੀਂ ਲੈਂਦੇ।
ਪਹਿਲਾਂ ਤਾਂ ਧਰਮ ਵਾਲਿਆਂ ਨੇ ਬੰਦੇ ਨੂੰ ਨਿਮਰਤਾ ਅਜਿਹੀ ਧਾਰਨ ਕਰਵਾਈ ਕਿ ਉਹ ਕਮਜ਼ੋਰ ਅਤੇ ਵਿਚਾਰਾ ਜਿਹਾ ਹੋ ਕੇ ਰਹਿ ਗਿਆ। ਆਪਣੇ ਆਪ ਨੂੰ ਨਿਤਾਣਾ ਅਤੇ ਬੇਸਹਾਰਾ ਸਮਝਦਿਆਂ ਉਹ ਆਪਣੀ ਕਮਜ਼ੋਰੀ ਦੇ ਅਹਿਸਾਸ ਕਰ ਕੇ ਚਾਪਲੂਸੀ ਦੇ ਰਾਹ ਤੁਰ ਪਿਆ। ਉਹ ਰੱਬ ਦਾ ਭਗਤ ਨਹੀਂ, ਚਮਚਾ ਬਣ ਕੇ ਰਹਿ ਗਿਆ, ਜਿਸ ਦਾ ਕੰਮ ਕੇਵਲ ਚਮਚਾਗਿਰੀ ਕਰਨਾ ਰਹਿ ਗਿਆ।
ਫੇਰ ਸਿਆਸਤ ‘ਚ ਜਿੱਡਾ ਵੱਡਾ ਕੋਈ ਨੇਤਾ, ਓਨੀ ਹੀ ਉਸ ਵਿੱਚ ਹਉਮੈ। ਉਹ ਓਨਾ ਚਿਰ ਉਸ ਰਸਤੇ ਤੋਂ ਮੁੜਦਾ ਨਹੀਂ, ਜਿੰਨਾ ਚਿਰ ਹੰਕਾਰੀ ਨਾ ਹੋ ਜਾਵੇ ਅਤੇ ਆਪਣੀ ਨੇੜਲੀ ਜਨਤਾ ਤੋਂ ਚਮਚਾਗਿਰੀ ਨਾ ਕਰਵਾਉਣ ਲੱਗ ਪਵੇ। ਜਿਨ੍ਹਾਂ ਲੋਕਾਂ ਦੇ ਕੰਮ ਨਹੀਂ ਹੁੰਦੇ, ਉਨ੍ਹਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ਨੇਤਾਵਾਂ ਦੀ ਜੀ-ਹਜ਼ੂਰੀ ਕਰਨ। ਅਜਿਹਾ ਕਰਨ ਨਾਲ ਹੀ ਉਨ੍ਹਾਂ ਦੇ ਕੰਮ ਹੁੰਦੇ ਹਨ, ਹਾਲਾਂਕਿ ਇਸ ਸਿਸਟਮ ਮੁਤਾਬਕ ਹੋਣ ਤਾਂ ਕਿਤੇ ਬਿਹਤਰ।
ਸਿਆਸਤ ਹੋਵੇ ਜਾਂ ਫੇਰ ਸਰਕਾਰੀ ਤਾਣਾ-ਬਾਣਾ, ਸਭ ਥਾਂਈਂ ਚਮਚਾਗਿਰੀ ਆਪਣੀ ਥਾਂ ਬਣਾਈ ਰੱਖਦੀ ਹੈ, ਤਾਂ ਜੁ ਆਸਾਨ ਚਾਲ ਚੱਲਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਕਲੀਫ਼ ਨਾ ਹੋਵੇ। ਨੇਤਾ ਜਾਂ ਵੱਡੇ ਅਧਿਕਾਰੀ ਦੇ ਜੋੜੇ ਤੱਕ ਪਹਿਨਾਉਣ ਲਈ ਹੇਠਲੇ ਮੁਲਾਜ਼ਮਾਂ ਨੂੰ ਸਰਗਰਮ ਦੇਖਿਆ ਜਾ ਸਕਦਾ ਹੈ, ਤਾਂ ਕਿ ਉਨ੍ਹਾਂ ਦੀ ਸਰਪ੍ਰਸਤੀ ਅਤੇ ਖ਼ੁਸ਼ੀ ਪ੍ਰਾਪਤ ਕੀਤੀ ਜਾ ਸਕੇ। ਕਈ ਵਾਰ ਕਿਸੇ ਮੰਤਰੀ ਦੇ ਅੱਗੇ ਝੁਕ ਕੇ ਗੋਡਿਆਂ ਉੱਤੇ ਹੱਥ ਲਾਉਣ ਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ।
ਬਾਦਸ਼ਾਹਾਂ ਦੇ ਸਮਿਆਂ ‘ਚ ਚਮਚਾਗਿਰੀ ਦੇ ਚਮਤਕਾਰ ਇਤਿਹਾਸ ਦੇ ਪੰਨਿਆਂ ਵਿੱਚ ਸੰਭਾਲੇ ਪਏ ਹਨ, ਜਦੋਂ ਕਿਸੇ ਬਾਦਸ਼ਾਹ ਦੀ ਸਲਾਮਤੀ ਮੰਗਣ ਵਾਲੇ ਵੀ ਕੋਈ ਨਾ ਕੋਈ ਰੁਤਬਾ ਹਾਸਲ ਕੀਤੇ ਬਗ਼ੈਰ ਨਹੀਂ ਸਨ ਰਹਿੰਦੇ। ਹੁਣ ਸਮੇਂ ਬਦਲ ਗਏ ਹਨ, ਪਰ ਚਮਚਿਆਂ ਨੇ ਚਮਚਾਗਿਰੀ ਨਹੀਂ ਛੱਡੀ। ਉਹਨਾਂ ਚਾਪਲੂਸੀ ਦੇ ਨਵੇਂ-ਨਵੇਂ ਰਾਹ ਤਲਾਸ਼ ਕਰਨ ਵਿੱਚ ਢਿੱਲ ਨਹੀਂ ਵਰਤੀ। ਇਸੇ ਲਈ ਚਾਪਲੂਸ ਅੱਜ ਵੀ ਚਮਚਾਗਿਰੀ ਕਰ ਕੇ ਉਸ ਥਾਂ ‘ਤੇ ਆਸਾਨੀ ਨਾਲ ਪਹੁੰਚ ਜਾਂਦੇ ਹਨ, ਜਿੱਥੇ ਉਹ ਹੋਰ ਕਿਸੇ ਤਰ੍ਹਾਂ ਨਹੀਂ ਪਹੁੰਚ ਸਕਦੇ।
ਚੰਗਾ ਤਾਂ ਇਹੀ ਹੈ ਕਿ ਚਮਚਾਗਿਰੀ ਕਰ ਕੇ ਕਿਸੇ ਦਾ ਹੱਕ ਨਾ ਮਾਰਿਆ ਜਾਵੇ, ਚਾਪਲੂਸੀ ਕਰ ਕੇ ਯੋਗਤਾ ਅਤੇ ਮੈਰਿਟ ਦਾ ਗਲਾ ਨਾ ਘੁੱਟਿਆ ਜਾਵੇ। ਬਿਹਤਰ ਇਹੀ ਹੈ ਕਿ ਚਮਚਾਗਿਰੀ ਤੋਂ ਬਚਿਆ ਜਾਵੇ, ਤਾਂ ਕਿ ਉੱਚ ਕਦਰਾਂ-ਕੀਮਤਾਂ ਦਾ ਆਦਰ ਬਣਿਆ ਰਹੇ ਅਤੇ ਚਾਪਲੂਸ ਚਾਪਲੂਸੀ ਕਰਨ ਤੋਂ ਤੌਬਾ ਕਰ ਲੈਣ।
ਨੇਤਾਵਾਂ ਅਤੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਅੱਜ ਦੇ ਸਮੇਂ ਦੇ ਹਾਣੀ ਬਣਨ ਅਤੇ ਹਰ ਮਨੁੱਖ ਦੀ ਆਨ, ਸ਼ਾਨ ਅਤੇ ਅਣਖ ਬਣੀ ਰਹਿਣ ਦੇਣ। ਅਜਿਹਾ ਹੋਣ ਨਾਲ ਮਹਾਨ ਭਾਰਤ ਦੀ ਜਨਤਾ ਨਿਮਾਣੀ, ਨਿਤਾਣੀ, ਲਾਚਾਰ, ਬੇਵੱਸ ਅਤੇ ਬੇਸਹਾਰਾ ਹੋਣ ਤੋਂ ਬਚੀ ਰਹੇਗੀ। ਅਜਿਹਾ ਹੋਣਾ ਲੋੜ ਵੀ ਹੈ, ਬਿਹਤਰੀ ਵੀ।
ਸੀਨੀਅਰ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਸਿਰਾਂ ਨੂੰ ਝੁਕਣਾ ਨਾ ਸਿਖਾਉਣ, ਸਗੋਂ ਸਿਰ ਤਾਣ ਕੇ ਰੱਖਣ ਦੀ ਪ੍ਰੇਰਨਾ ਦੇਣ। ਅਜਿਹਾ ਹੋਣ ਨਾਲ ਜਨਤਾ ਦਾ ਆਪਣਾ ਆਪ ਸਵੈ-ਮਾਣ ਨਾਲ ਵੀ ਭਰੇਗਾ ਅਤੇ ਭਰੋਸੇ ਯੋਗਤਾ ਨਾਲ ਵੀ। ਬਿਹਤਰ ਇਹੀ ਹੈ ਕਿ ਚਮਚਾਗਿਰੀ ਤੋਂ ਜਿੰਨਾ ਵੀ ਹੋ ਸਕੇ, ਬਚਿਆ ਜਾਵੇ, ਤਾਂ ਕਿ ਆਪੇ ਨੂੰ ਠੇਸ ਨਾ ਪਹੁੰਚੇ।
ਫ਼ੌਜ ਅਤੇ ਹੋਰ ਸੁਰੱਖਿਆ ਸੈਨਾਵਾਂ ਵਿੱਚ ਇਹ ਚਮਚਾਗਿਰੀ ਜਾਂ ਚਾਪਲੂਸੀ ਦੀ ਕੋਈ ਥਾਂ ਹੀ ਨਹੀਂ ਹੋਣੀ ਚਾਹੀਦੀ। ਅੰਗਰੇਜ਼ ਆਪਣੀ ਜੂਠ ਛੱਡ ਗਏ ਸਨ, ਜਿਸ ਕਰ ਕੇ ਦਾਸ-ਭਾਵਨਾ ਦੇਰ ਤੱਕ ਬਣੀ ਰਹੀ, ਪਰ ਜਦੋਂ ਦੇਰ ਬਾਅਦ ਫ਼ੌਜ ਦੇ ਅਫ਼ਸਰਾਂ ਨੂੰ ਜਾਗ ਆਈ ਤਾਂ ‘ਅਰਦਲੀ’ ਦਾ ਕੰਮ ਕਰਨ ਵਾਲੇ ਜਵਾਨਾਂ ਨੂੰ ਇਸ ਅਰਦਲੀਪੁਣੇ ਤੋਂ ਮੁਕਤ ਕਰ ਦਿੱਤਾ ਗਿਆ।
ਸਮਾਜ ਦੇ ਸਾਰੇ ਹੀ ਖੇਤਰਾਂ ਵਿੱਚ ਚਾਪਲੂਸੀ ਅਤੇ ਚਮਚਾਗਿਰੀ ਖ਼ਤਮ ਹੋਣੀ ਚਾਹੀਦੀ ਹੈ, ਤਾਂ ਕਿ ਮਨੁੱਖ ਆਪਣੀ ਕਮਾਈ ਯੋਗਤਾ ਅਤੇ ਮੈਰਿਟ ਦੇ ਆਧਾਰ ‘ਤੇ ਆਪਣੀ ਥਾਂ ਬਣਾਵੇ ਅਤੇ ਕਮਾਈ ਨਾਲ ਪ੍ਰਾਪਤ ਕੀਤੇ ਰੁਤਬੇ ‘ਤੇ ਮਾਣ ਕਰ ਸਕੇ। ਬਿਹਤਰ ਹੋਵੇ, ਜੇ ਸਾਰੇ ਹੀ ਉਹ ਇਹ ਰਾਹ ਛੱਡ ਦੇਣ, ਜਿਹੜੇ ਚਮਚਾਗਿਰੀ ਅਪਣਾਏ ਬਿਨਾਂ ਨਹੀਂ ਤੁਰਦੇ।

ਨਸ਼ਿਆਂ ਦਾ ਸ਼ੋਰ
ਬਹੁਤ ਉੱਚਾ ਸ਼ੋਰ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਜ਼ੋਰ ਹੈ। ਨਸ਼ੇ ਤਸਕਰਾਂ ਅਤੇ ਥਾਂ-ਥਾਂ ਵੇਚਣ ਵਾਲਿਆਂ ਦੇ ਨਾਂਅ ਵੀ ਲਏ ਜਾ ਰਹੇ ਨੇ, ਫੇਰ ਵੀ ਫੜੇ ਨਹੀਂ ਜਾ ਰਹੇ। ਕਾਬੂ ‘ਚ ਨਹੀਂ ਆ ਰਹੇ। ਸਰਕਾਰ ਨੇ ਜੇ ਕਰਨਾ ਹੋਵੇ ਤਾਂ ਨਸ਼ਿਆਂ ‘ਤੇ ਕਾਬੂ ਕਰਨਾ ਕੋਈ ਔਖਾ ਨਹੀਂ, ਪਰ ਸਰਕਾਰ ਤਾਂ ਥਾਂ-ਥਾਂ ਠੇਕੇ ਖੋਲ੍ਹ ਕੇ ਲੋਕਾਂ ਨੂੰ ਨਸ਼ਿਆਂ ਦੇ ਆਦੀ ਬਣਾਉਣ ਲਈ ਪੂਰੇ ਰਾਹ ਅਤੇ ਦੁਆਰ ਖੋਲ੍ਹੀ ਬੈਠੀ ਹੈ। ਫੇਰ ਸ਼ਰਾਬ ਦੇ ਨਾਲ-ਨਾਲ ਹੋਰ ਨਸ਼ਿਆਂ ਨੇ ਵੀ ਆਪਣੀ ਥਾਂ ਬਣਾ ਲਈ ਹੈ, ਜਿਨ੍ਹਾਂ ਦੇ ਨਾਂਅ ਲੈਣ ਤੋਂ ਗੁਰੇਜ਼ ਹੀ ਕਰਨਾ ਚੰਗਾ ਰਹੇਗਾ।
ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਨਸ਼ੇ ਵੇਚਣ ਵਾਲਿਆਂ ‘ਚ ਔਰਤਾਂ ਦੀ ਵੀ ਸ਼ਮੂਲੀਅਤ ਹੋਣੀ ਦੱਸੀ ਜਾ ਰਹੀ ਹੈ। ਵੀਰੋ-ਭੈਣੋ, ਨਸ਼ੇ ਵੇਚਣੇ ਛੱਡ ਦਿਉ, ਤਾਂ ਕਿ ਵਰਤਣ ਲਈ ਲੱਭ ਹੀ ਨਾ ਸਕਣ।

ਲਤੀਫ਼ੇ ਦਾ ਚਿਹਰਾ-ਮੋਹਰਾ

ਬੈਂਕ ਅਧਿਕਾਰੀ : ਬਈ ਇਹ ਤੇਰੇ ਸਾਰੇ ਨੋਟ ਨਕਲੀ ਹਨ, ਬੈਂਕ ਵਿੱਚ ਜਮ੍ਹਾਂ ਨਹੀਂ ਹੋ ਸਕਦੇ।
ਗਾਹਕ  :  ਤੁਹਾਨੂੰ ਕੀ, ਤੁਸੀਂ ਕਰ ਲਉ, ਖਾਤੇ ਤਾਂ ਮੇਰੇ ਵਿੱਚ ਹੀ ਜਮ੍ਹਾਂ ਹੋਣੇ ਹਨ।