ਬਹੁਜਨ ਸਮਾਜ ਦਾ ਜੁਝਾਰੂ ਯੋਧਾ-ਸੁਖਵਿੰਦਰ ਸਿੰਘ ਭੱਟੀ ਚਲਾ ਗਿਆ

ਸੰਘਰਸ਼ ਦਾ ਦੂਜਾ ਨਾਂ ਸੀ ਸੁਖਵਿੰਦਰ ਸਿੰਘ ਭੱਟੀ, ਸੰਘਰਸ਼ ਜੋ ਉਸਨੇ ਸਮਾਜ ਦੀਆਂ ਊਣਤਾਈਆਂ ਵਿਰੁੱਧ ਕੀਤਾ, ਸਮੇਂ ਦੀ ਗਰਦਿਸ਼ ਨਾਲ ਕੀਤਾ, ਆਪਣੇ ਸ਼ਰੀਰ ਨਾਲ ਆਪਣੀ ਸਿਹਤ ਨਾਲ ਕੀਤਾ, ਮਨੁੱਖਤਾ ਵਿੱਚ ਵੰਡੀਆਂ ਪਾਕੇ ਪੈਦਾ ਕੀਤੇ ਟੋਏ-ਟਿੱਬਿਆਂ ਨਾਲ ਕੀਤਾ ਤੇ ਕਦੇ ਥਕਾਵਟ ਮਹਿਸੂਸ ਨਾ ਕੀਤੀ, ਕਦੇ ਹਾਰ ਨਾ ਮੰਨੀ। ਇਸ ਰਾਹ ਤੇ ਤੁਰਨਾ ਸ਼ੁਰੂ ਕੀਤਾ ਤਾਂ ਤੁਰੀ ਹੀ ਗਿਆ ਕਿਤੇ ਅਟਕਿਆ ਨਹੀਂ, ਪਿੱਛੇ ਮੁੜਕੇ ਨਹੀਂ ਵੇਖਿਆ, ਪਛਤਾਵਾ ਨਹੀਂ ਕੀਤਾ ਤੇ ਬੱਸ ਅੱਖਾਂ ਵਿੱਚ ਸਮਾਜ ਦੀ ਕਾਇਆ ਕਲਪ ਦਾ ਮਨੁੱਖਤਾ ਲਈ ਇਨਸਾਫ਼ ਦਾ ਸੁਫ਼ਨਾ ਲਟਕਾਈ ਉਹ ਤੁਰਦਾ ਹੀ ਚਲਿਆ ਗਿਆ। ਬੇਸ਼ੁਮਾਰ ਔਕੜਾਂ ਆਈਆਂ, ਚਲੀਆਂ ਗਈਆਂ ਉਸਨੂੰ ਡੁਲਾ ਨਹੀਂ ਸਕੀਆਂ। ਪਰਿਵਾਰਕ ਜਿੰਮੇਵਾਰੀਆਂ ਵੀ ਪੂਰੀਆਂ ਕੀਤੀਆਂ, ਨੌਕਰੀ ਵੀ ਧੱੜਲੇ ਨਾਲ ਕੀਤੀ। ਯੂਨੀਅਨਾਂ ਬਣਾਈਆਂ ਅਤੇ ਚਲਾਈਆਂ। ਲੋੜਵੰਦ ਦੀ ਲੋੜ ਵੇਖ ਹਿੱਲ ਜਾਂਦੇ, ਪਸੀਜ ਜਾਂਦੇ, ਲਗਦੀ ਵਾਹ ਮੱਦਦ ਜ਼ਰੂਰ ਕਰਦੇ, ਗੁਪਤ ਰੂਪ ਵਿੱਚ ਵਿਖਾਵਾ ਨਹੀਂ। ਸੰਘਰਸ਼ ਦੇ ਉੱਭੜ ਖਾਬੜ ਰਾਹ ‘ਤੇ ਤੁਰਦਿਆਂ ਪੈਰ ਪਿੱਛੇ ਗਏ, ਝੱਖੜ ਤੇ ਤੂਫਾਨ ਵੀ ਆਏ ਪਰ ਉਹ ਨਾ ਡੋਲਿਆ, ਨਾ ਰੁਕਿਆ, ਨਾ ਪ੍ਰਵਾਹ ਕੀਤੀ। ਅਜਿਹੀ ਸਖਸ਼ੀਅਤ ਦਾ ਮਾਲਕ ਸੀ ਸੁਖਵਿੰਦਰ ਸਿੰਘ ਭੱਟੀ।
ਪਿੰਡ ਭੱਟੀਆਂ (ਖੰਨਾ) ਜ਼ਿਲ੍ਹਾ ਲੁਧਿਆਣਾ ਵਿੱਚ 9 ਦਸੰਬਰ 1949 ਨੂੰ ਮਾਤਾ ਗੁਰਬਚਨ ਕੌਰ ਅਤੇ ਪਿਤਾ ਚੰਨਣ ਸਿੰਘ ਦੇ ਘਰ ਸੁਖਵਿੰਦਰ ਦੇ ਜਨਮ ਲਿਆ। ਘਰ ਦੀ ਹਾਲਤ ਆਰਥਿਕ ਪੱਖੋਂ ਬਹੁਤ ਮਾੜੀ ਸੀ। ਕੋਈ ਆਮਦਨ ਦਾ ਪੱਕਾ ਵਸੀਲਾ ਨਹੀਂ ਸੀ। ਪਰ ਮਾਪਿਆਂ ਨੇ ਫਿਰ ਵੀ ਜਿਵੇਂ ਕਿਵੇਂ ਔਖੇ-ਸੌਖੇ ਪੜ੍ਹਾਈ ‘ਤੇ ਜ਼ੋਰ ਰਖਿਆ ਅਤੇ ਆਪਣਾ ਪੇਟ ਕੱਟ-ਕੱਟ ਕੇ ਪੜ੍ਹਾਇਆ। ਮੁਢਲੀ ਵਿਦਿਆ ਪਿੰਡ ਵਿੱਚੋਂ ਬੀ.ਏ.ਖੰਨੇ ਤੋਂ ਐਮ ਏ. ਲੁਧਿਆਣੇ ਤੋਂ ਕੀਤੀ। ਦਸੰਬਰ 15,1976 ਨੂੰ ਲੋਕਲ ਆਡਿਟ ਡਿਪਾਰਟਮੈਂਟ ਵਿੱਚ ਨੌਕਰੀ ਮਿਲੀ ਅਤੇ ਇਥੋਂ ਹੀ ਦਸੰਬਰ 2007 ਵਿੱਚ ਬਤੌਰ ਆਡਿਟ ਅਫ਼ਸਰ ਰਿਟਾਇਰ ਹੋਏ। ਮੁੜ ਕੁਝ ਚਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਡਿਟ ਵਿਭਾਗ ਵਿੱਚ ਸੇਵਾ ਨਿਭਾਈ। ਸੁਭਾਅ ਤੋਂ ਮੁਢੋਂ ਹੀ ਸੰਘਰਸ਼ਸ਼ੀਲ ਸੀ। ਵਹਿਮਾਂ ਭਰਮਾਂ, ਜਾਦੂ ਟੂਣਿਆਂ, ਜੰਤਰਾਂ ਮੰਤਰਾਂ ਨਾਲ ਵੀ ਸ਼ੁਰੂ ਤੋਂ ਹੀ ਦੁਸ਼ਮਣੀ ਸੀ। ਇਹਨਾਂ ਖਿਲਾਫ਼ ਵੀ ਜੰਗ ਵਿਢੀ ਰੱਖੀ। ਕਾਲਜ ਸਮੇਂ ਵਿਦਿਆਰਥੀ ਯੂਨੀਅਨ ਵਿੱਚ ਵੱਧ ਚੜ੍ਹਕੇ ਕੰਮ ਕਰਦੇ ਰਹੇ। ਨੌਕਰੀ ਵੇਲੇ ਆਡਿਟ ਯੂਨੀਅਨ ਦੇ ਜਨਰਲ ਸਕੱਤਰ ਅਤੇ ਫਿਰ ਮੁਖੀ ਵੀ ਰਹੇ।
ਫਿਰ ਜਦੋਂ 1980 ਵਿੱਚ ਕਾਂਸ਼ੀ ਰਾਮ ਜੀ ਦੀ ‘ ਫੂਲੇ-ਅੰਬੇਡਕਰੀ’ ਲਹਿਰ ਚਲੀ ਤਾਂ ਇਹ ਉਸ ਨਾਲ ਜੁੜ ਗਏ। ‘ ਬਾਮਸੇਫ’ ਵਿੱਚ ਬੜੇ ਸਤਰਕ ਰਹੇ। ਦਿਨ ਰਾਤ ਕੰਮ ਕਰਦੇ ਰਹੇ। ਡੀ.ਐਸ.ਫੋਰ ਅਤੇ ਫਿਰ ਬਸਪਾ ਬਣਨ ਤਕ ਪੂਰੀ ਤਨਦੇਹੀ ਨਾਲ ਕੰਮ ਕੀਤਾ। ਪਿੰਡਾਂ ਸ਼ਹਿਰਾਂ ਤੇ ਕਸਬਿਆਂ ਵਿੱਚ ਘੁੰਮਦੇ ਜਾਗ੍ਰਿਤੀ ਦਾ ਸੰਦੇਸ਼ ਦਿੰਦੇ ਰਹੇ ਤੇ ਲੋਕਾਂ ਨੂੰ ਕਾਂਸ਼ੀ ਰਾਮ ਜੀ ਦੇ ਅੰਦੋਲਨ ਨਾਲ ਜੋੜਦੇ ਰਹੇ। ਕਾਂਸ਼ੀ ਰਾਮ ਜੀ ਬੜੀ ਕਦਰ ਕਰਦੇ ਸਨ ਤੇ ਕਈ ਵਾਰੀ ਇਨ੍ਹਾਂ ਕੋਲ ਘਰ ਵੀ ਆਏ। ਲਿਖਣ ਦਾ ਵੀ ਸ਼ੌਕ ਸੀ। ਸਮਾਜਕ ਸਮਸਿਆਵਾਂ ਅਤੇ ਅੰਦੋਲਨ ਬਾਰੇ ਲਿਖਦੇ ਰਹੇ। ਉਨ੍ਹਾਂ ਦਿਨਾਂ ਵਿੱਚ ਸਮਾਜਕ ਅੰਦੋਲਨ ਦੇ ਬੁਲਾਰੇ ਸਪਤਾਹਕ ‘ ਬਹੁਜਨ ਸੰਦੇਸ਼’ ਵਿੱਚ ਛਪਦੇ ਰਹੇ।
ਮੇਰੀ ਮੁਲਾਕਾਤ ਉਨ੍ਹਾਂ ਨਾਲ ‘ ਫੂਲੇ-ਅੰਬੇਡਕਰੀ’ ਅੰਦੋਲਨ ਵੇਲੇ ਹੀ ਹੋਈ। ਉਸ ਵੇਲੇ ਉਹ ਭਰ ਜਵਾਨੀ ਵਿੱਚ ਭਰਵੇਂ ਜੁੱਸੇ ਵਾਲਾ ਰੋਹਬਦਾਰ ਚਿਹਰੇ ਅਤੇ ਗਰਜਵੀਂ ਆਵਾਜ਼ ਵਾਲਾ ਉੱਚਾ ਲੰਮਾ ਗੱਭਰੂ ਸੀ। ਅੱਖਾਂ ਵਿੱਚ ਕੁਝ ਕਰ ਗੁਜ਼ਰਨ ਦਾ ਪੈਗਾਮ, ਜੋਸ਼ ਤੇ ਦ੍ਰਿੜਤਾ ਨਾਲ ਭਰਿਆ ਉਹ ਅੰਦੋਲਨ ਦੇ ਕਿਸੇ ਨਾ ਕਿਸੇ ਕੰਮ ਵਿੱਚ ਲਗਿਆ ਹੀ ਰਹਿੰਦਾ। ਵਧੀਆ ਬੁਲਾਰਾ, ਵਧੀਆ ਕਾਮਾ, ਮਿਹਨਤੀ ਅਹੁਦੇਦਾਰ, ਕਾਂਸ਼ੀ ਰਾਮ ਜੀ ਦੇ ਦਿੱਤੇ ਗਿਆਨ ਨਾਲ ਭਰੂਪਰ ਉਹ ਹਰ ਵੇਲੇ ਉਡੂੰ-ਉਡੂੰ ਕਰਦਾ ਮਸ਼ਰੂਫ਼ ਰਹਿੰਦਾ। ਜੋ ਵੀ ਜਿੰਮੇਵਾਰੀ ਸੌਂਪੀ ਗਈ ਪੂਰੀ ਤਨਦੇਹੀ ਨਾਲ ਨਿਭਾਈ। ਅੰਦੋਲਨ ਦੌਰਾਨ ਉਸਨੇ ਪੰਜਾਬ ਤੇ ਚੰਡੀਗੜ੍ਹ ਵਿੱਚ ਹੀ ਕੰਮ ਨਹੀਂ ਕੀਤਾ ਸਗੋਂ ਉਸਨੇ ਆਪਣੀਆਂ ਹੱਦਾਂ ਹਰਿਆਣਾ, ਹਿਮਾਚਲ, ਯੂ.ਪੀ ਤੱਕ ਵਧਾ ਲਈਆਂ ਸਨ। ਉਹ ਕਿਸ ਵੇਲੇ ਦਫ਼ਤਰ ਦਾ ਕੰਮ ਕਰਦੇ ਸਨ ਤੇ ਕਿਸ ਵੇਲੇ ਪਰਿਵਾਰਕ ਜਿੰਮੇਵਾਰੀਆਂ ਨਜਿੱਠਦੇ ਸਨ, ਕਿਸ ਵੇਲੇ ਆਪਣੇ ਆਪ ਤੇ ਧਿਆਨ ਦਿੰਦੇ ਸਨ-ਨਹੀਂ ਪਤਾ।
ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸਮਸ਼ੇਰ ਕੌਰ ਤੋਂ ਇਲਾਵਾ ਇਕ ਬੇਟੀ ਮਨਜੀਤ, ਬੇਟਾ ਲਵਜੀਤ ਹੈ। ਪਤਨੀ ਵੀ ਪੜ੍ਹੀ ਲਿਖੀ, ਸੁਘੜ ਸਿਆਣੀ ਹੈ ਜੋ ਅਧਿਆਪਨ ਦੇ ਕਿੱਤੇ ਨਾਲ ਜੁੜੀ ਰਹੀ ਅਤੇ ਨਾਲ ਦੀ ਨਾਲ ਅੰਦੋਲਨ ਵਿੱਚ ਪਤੀ ਦਾ ਸਾਥ ਦਿੰਦੀ ਰਹੀ। ਬੇਟੀ ਪੜ੍ਹਾਈ ਕਰਕੇ ਵਿਆਹ ਮਗਰੋਂ ਬਾਹਰਲੇ ਮੁਲਕ ਵੱਸੀ ਹੋਈ ਹੈ। ਬੇਟਾ ਹਾਲੇ ਉੱਚ ਸਿਖਿਆ ਲੈ ਰਿਹਾ ਹੈ। ਸਭ ਬਹੁਤ ਮਿਲਾਪੜੇ ਸੁਭਾਅ ਦੇ ਹਨ। ਬੇਟੇ ਦੀ ਪੜ੍ਹਾਈ ਕਾਰਣ ਹੀ ਪਰਿਵਾਰ ਮੁਹਾਲੀ ਵਿੱਚ ਰਹਿ ਰਿਹਾ ਹੈ।
ਫਿਰ ਮੇਰਾ ਕਾਫੀ ਦੇਰ ਸੰਪਰ ਟੁੱਟਿਆ ਰਿਹਾ। ਕਈ ਸਾਲਾਂ ਬਾਦ ਮੇਰੇ ਕੋਲ ਚੰਡੀਗੜ੍ਹ ਘਰ ਆਏ ਤਾਂ ਕਹਿਣ ਲੱਗ ਕੇ ਉਹ ਹੁਣ ਚਰਨ ਛੂਹ ਗੰਗਾ ਖੁਰਾਲਗੜ੍ਹ ਸਾਹਿਬ (ਗੜ੍ਹਸ਼ੰਕਰ ਨੇੜੇ ਗੁਰੂ ਰਵਿਦਾਸ ਜੀ ਨਾਲ ਸੰਬੰਧਤ ਮਸ਼ਹੂਰ ਤੀਰਥ ਸਥਾਨ) ਨਾਲ ਜੁੜ ਗਏ ਹਨ। ਕਹਿੰਦੇ ਉਥੇ ਬਹੁਜਨ ਸਮਾਜ ਦੇ ਬਹੁਤ ਲੋਕ ਆਉਂਦੇ ਹਨ। ਉਨ੍ਹਾਂ ਨੂੰ ਅਗਵਾਈ ਅਤੇ ਜਾਗ੍ਰਿਤੀ ਦੀ ਬਹੁਤ ਲੋੜ ਹੈ। ਇਸ ਸੰਬੰਧੀ ਉਹਨਾਂ ਨੇ ਮੈਨੂੰ ਕਾਫੀ ਜਾਣਕਾਰੀ ਦਿਤੀ ਅਤੇ ਉਥੋਂ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਇਕ ਵਾਰੀ ਜਾ ਕੇ ਵੇਖਣ ਦੀ ਤਾਕੀਦ ਕੀਤੀ। ਮੈਂ ਇਸ ਬਾਰੇ ਸੁਣਿਆ ਤਾਂ ਬਹੁਤ ਸੀ ਤੇ ਦਰਸ਼ਨ ਕਰਨ ਦਾ ਚਾਹਵਾਨ ਵੀ ਸੀ ਪਰ ਸਬੱਬ ਹੀ ਨਹੀਂ ਸੀ ਬਣ ਰਿਹਾ। ਫਿਰ ਸਾਡਾ ਸੰਪਰਕ ਟੁੱਟ ਗਿਆ ਤੇ ਕਾਫੀ ਦੇਰ ਟੁੱਟਿਆ ਰਿਹਾ। ਫਿਰ ਉਹ ਰਿਟਾਇਰਮੈਂਟ ਤੋਂ ਬਾਦ ਪੰਜਾਬ ਯੂਨੀਵਰਸਿਟੀ ਵਿੱਚ ਮੁੜ ਨੌਕਰੀ ਲੱਗੇ ਤਾਂ ਮੁਹਾਲੀ ਰਿਹਾਇਸ਼ ਕਰ ਲਈ। ਯੂਨੀਵਰਸਿਟੀ ਵਿੱਚ ਵੀ ਯੂਨੀਅਨਾਂ ਨਾਲ ਜੁੜਕੇ ਬਹੁਜਨ

ਸਮਾਜ ਦੇ ਵਿਦਿਆਰਥੀਆਂ ਨੂੰ ਜਾਗ੍ਰਿਤ ਕਰਦੇ ਰਹੇ ਅਤੇ ਥੋੜ੍ਹੇ ਸਮੇਂ ਵਿੱਚ ਹੀ ਬੜੇ ਹਰਮਨ ਪਿਆਰੇ ਹੋ ਗਏ। 2010 ਤੋਂ ਉਹ ਫਿਰ ਆਲ ਇੰਡੀਆ ਆਦਿ ਧਰਮ ਮਿਸ਼ਨ ਨਾਲ ਪੱਕੇ ਤੌਰ ਤੇ ਹੀ ਜੁੜ ਗਏ ਅਤੇ ਜਨਰਲ ਸਕੱਤਰ ਦੇ ਤੌਰ ਤੇ ਦੂਜੇ ਸੂਬਿਆਂ ਵਿੱਚ ਜਾ-ਜਾ ਕੇ ਪ੍ਰਚਾਰ ਦਾ ਕੰਮ ਕਰਦੇ ਰਹੇ। ਇੰਨੇ ਜੁੜ ਗਏ ਕਿ ਆਪਣੀ ਪਰਿਵਾਰਕ ਜਿੰਮੇਵਾਰੀਆਂ ਤੋਂ ਸੁਰਖਰੂ ਹੋ ਕੇ ਖੁਰਾਲਗੜ੍ਹ ਸਾਹਿਬ ਗੁਰਦੁਆਰੇ ਵਿੱਚ ਹੀ ਪੱਕੇ ਤੌਰ ‘ਤੇ ਰਹਿਣ ਦਾ ਇਰਾਦਾ ਬਣਾ ਲਿਆ। ਇਸ ਮਕਸਦ ਲਈ ਉਨ੍ਹਾਂ ਨੇ ਉਥੇ ਇਕ ਕਮਰਾ ਵੀ ਤਿਆਰ ਕਰਵਾ ਲਿਆ ਸੀ। ਉਨ੍ਹਾਂ ਦੀ ਪਤਨੀ ਨੇ ਦਸਿਆ ਕਿ ” ਉਹ ਕਹਿੰਦੇ ਹੁੰਦੇ ਸਨ ਕਿ ਜੇ ਮੈਨੂੰ ਕੁੱਝ ਹੋ ਗਿਆ ਤਾਂ ਬਾਦ ਵਿੱਚ ਤੂੰ ਪੂਰੇ ਧੱੜਲੇ ਨਾਲ ਰਹਿਣਾ ਹੈ ਕਿਸੇ ਤੋਂ ਦਬਣ ਦੀ ਲੋੜ ਨਹੀਂ। ਮੈਂ ਕਿਹਾ ਜੇ ਪਹਿਲਾਂ ਮੈਨੂੰ ਕੁਝ ਹੋ ਗਿਆ ਤਾਂ? ਕਹਿਣ ਲੱਗੇ ਮੈਂ ਤਾਂ ਖੁਰਾਲਗੜ੍ਹ ਸਾਹਿਬ ਜਾ ਰਹਿਣਾ ਹੈ। ਉਂਜ ਵੀ ਅਸੀਂ ਜਿੰਮੇਵਾਰੀਆਂ ਨਿਬੇੜ ਕੇ ਵੀ ਤਾਂ ਉਥੇ ਹੀ ਰਹਿਣਾ ਸੀ ਦੋਹਾਂ ਨੇ ਉਥੇ ਹੀ ਸੇਵਾ ਕਰਨੀ ਸੀ।”
ਫਿਰ ਇਕ ਦਿਨ ਉਹਨਾਂ ਦਾ ਫ਼ੋਨ ਆਇਆ ਕਿ ਉਹ ਮੈਨੂੰ ਮਿਲਣ ਆ ਰਹੇ ਹਨ। ਮੈਂ ਵੇਖਕੇ ਹੈਰਾਨ ਰਹਿ ਗਿਆ ਉਹਨਾਂ ਦੀ ਸਿਹਤ ਅੱਧੀ ਰਹਿ ਗਈ ਸੀ। ” ਯਾਰ ਦਿਲ ਦੀ ਬੀਮਾਰੀ ਨੇ ਰਗੜਾ ਲਾ ਤਾ…” ਉਵੇਂ ਬੇਪਰਵਾਹੀ ਵਿੱਚ ਦੱਸਿਆ। ਸਰੀਰਕ ਪੱਖੋਂ ਕਮਜ਼ੋਰ ਬਹੁਤ ਹੋ ਗਏ ਸੀ ਪਰ ਅਵਾਜ਼ ਵਿੱਚ ਉਵੇਂ ਗੜ੍ਹਕ ਸੀ ਤੇ ਦਰੜਿਤਾ ਸੀ। ਫਿਰ ਸਾਡੇ ਪਰਿਵਾਰ ਨਾਲ ਆਪਣੇ ਪਰਿਵਾਰ ਸਮੇਤ ਖੁਰਾਲਗੜ੍ਹ ਸਾਹਿਬ ਦਾ ਪ੍ਰੋਗਰਾਮ ਉਲੀਕ ਲਿਆ। ਅੰਤਾਂ ਦੀ ਕਮਜ਼ੋਰੀ, ਦਿਲ ਸਿਰਫ 18% ਹੀ ਕੰਮ ਕਰ ਰਿਹਾ ਸੀ। ਉਸ ਦਿਨ ਹੁੰਮਸ ਦੀ ਅੰਤਾਂ ਦਾ ਸੀ। ਗੱਡੀ ਦਾ ਏ.ਸੀ. ਖ਼ਰਾਬ ਹੋ ਗਿਆ ਸੀ। ਸਾਨੂੰ ਉਹਨਾਂ ਵੱਲੋਂ ਡਾਢੀ ਚਿੰਤਾ ਹੋ ਰਹੀ ਸੀ। ਅਸੀਂ ਆਪ ਵੀ ਹਾਲੋਂ ਬੇਹਾਲ ਹੋ ਰਹੇ ਸੀ। ਉਪਰੋਂ ਸੜਕ ਵੀ ਟੁੱਟੀ ਭੱਜੀ। ਪਰ ਉਹਦਾ ਗੁਰੂ ਜੀ ਪ੍ਰਤੀ ਵਿਸ਼ਵਾਸ , ਸ਼ਰਧਾ, ਸਿਰੜ ਉਸਨੂੰ ਠੀਕ ਠਾਕ ਵਾਪਸ ਲੈ ਆਈ। ਉਹਨਾਂ ਦੇ ਦਿਲ ਦਾ ਕੋਈ ਇਲਾਜ਼ ਨਹੀਂ ਸੀ। ਇਸਦਾ ਉਸਨੂੰ ਵੀ ਪਤਾ ਸੀ। ਪਤਾ ਸੀ ਕਿਸੇ ਵੇਲੇ ਵੀ ਕੁਝ ਵਾਪਰ ਸਕਦਾ ਹੈ ਪਰ ਫਿਰ ਵੀ ਉਹ ਹਮੇਸ਼ਾਂ ਚੜ੍ਹਦੀਆਂ ਕਲਾ ਵਿੱਚ ਰਹਿੰਦੇ ਸਨ, ਸੇਵਾ ਲਈ ਤਤਪਰ ਰਹਿੰਦੇ ਸੀ। ਉਨ੍ਹਾਂ ਦੀ ਜੀਵਨ ਸਾਥਣ ਨੇ ਦਸਿਆ ਕਿ ਤਿੰਨ ਸਾਲ ਪਹਿਲਾ ਹੀ ਪੀ.ਜੀ.ਆਈ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ। ਆਪਣੇ ਆਤਮ ਵਿਸਵਾਸ਼ ਸਦਕਾ ਇੰਨਾ ਚਿਰ ਕੱਢ ਗਏ ਤੇ ਫਿਰ ਇਕ ਦਿਨ ਮਨਹੂਸ ਖ਼ਬਰ ਆ ਹੀ ਗਈ ਸੁਖਵਿੰਦਰ ਸਿੰਘ 17.7.2016 ਨੂੰ ਸੁਖ ਸਾਗਰ ਵਿੱਚ ਲੀਨ ਹੋ ਗਿਆ। ਇਕ ਸੰਘਰਸ਼ ਸ਼ੀਲ, ਬਾਗੀ, ਦ੍ਰਿੜ ਵਿਸਵਾਸ਼ੀ, ਉਡੂੰ-ਉਡੂੰ ਕਰਦਾ ਲੰਮੀ ਉਡਾਰੀ ਮਾਰ ਗਿਆ ਜਿਥੋਂ ਕੋਈ ਵਾਪਸ ਨਹੀਂ ਮੁੜਦਾ। ਉਹਨਾਂ ਦੀ ਪਤਨੀ ਨੇ ਦਸਿਆ ਕਿ ਉਹਨਾਂ ਨੇ ਪਹਿਲਾਂ ਹੀ ਆਖ ਦਿੱਤਾ ਸੀ ਕਿ ” ਉਹਨਾਂ ਦੇ ਭੋਗ ‘ਤੇ ਖੁਰਾਲਗੜ੍ਹ ਸਾਹਿਬ ਤੋਂ ਕੀਰਤਨੀਏ ਅਤੇ ਅਰਦਾਸੀਏ ਮੰਗਵਾਉਣੇ ਹਨ ਅਤੇ ਆਦਿ ਧਰਮ ਗ੍ਰੰਥ ਦੇ ਭੋਗ ਪਾਏ ਜਾਣ।” ਉਹਨਾ ਦੀ ਆਖਰੀ ਇਛਿਆ ਪੂਰੀ ਕੀਤੀ ਗਈ। ਭੋਗ ਉਤੇ ਹਜ਼ਾਰਾ ਹੀ ਉਸਦੇ ਰਿਸ਼ਤੇਦਾਰ, ਦੋਸਤ ਮਿੱਤਰ, ਕਾਫਲੇ ਦੇ ਰਾਹੀ, ਨਮ ਅੱਖਾਂ ਨਾਲ ਸ਼ਰਧਾਂਜਲੀ ਦੇਣ ਪੁੱਜੇ ਹੋਏ ਸਨ। ਸੁਖਵਿੰਦਰ ਸਿੰਘ ਭੱਟੀ ਜਿਸ ਮਟਕ ਨਾਲ ਜਿੰਦਗੀ ਜੀਵਿਆ ਉਸੇ ਮਟਕ ਨਾਲ ਮੌਤ ਨੂੰ ਗਲੇ ਲਗਾਇਆ।
ਉਹਨਾਂ ਦੇ ਸੰਘਰਸ਼ ਦੇ ਅਤੇ ਪਰਿਵਾਰ ਦੇ ਨੇੜਲੇ ਅਤੇ ਲੰਬੇ ਸਮੇਂ ਦੇ ਸਾਥੀ ਸ. ਗੁਰਦੇਵ ਸਿੰਘ ਖਾਲਸਾ ਤਾਂ ਉਨ੍ਹਾਂ ਦੇ ਵਿਛੋੜੇ ਤੋਂ ਮੁਢੋਂ ਹੀ ਹਿੱਲ ਗਏ। ਜਦੋਂ ਬਹੁਤਾ ਕੁੱਝ ਕਹਿਣ ਲਈ ਹੋਵੇ ਤੇ ਦੁਖ ਅਤੇ ਗ਼ਮ ਦੀ ਡੂੰਘੀ ਸੱਟ ਵੱਜੀ ਹੋਵੇ ਤਾਂ ਅਕਸਰ ਜ਼ਬਾਨ ਚੁੱਪ ਹੀ ਰਹਿ ਜਾਂਦੀ ਹੈ। ਮੈਨੂੰ ਉਨ੍ਹਾਂ ਨੇ ਇਨ੍ਹਾਂ ਹੀ ਆਖਿਆ ਕਿ ਯਾਰ ਉਨ੍ਹਾਂ ਲਈ ਸ਼ਰਧਾਂਜਲੀ ਦੇ ਦੋ ਸ਼ਬਦ ਤਾਂ ਲਿਖ। ਅਸੀਂ

ਹੋਰ ਤਾਂ ਕੀ ਕਰ ਸਕਦੇ ਸਾਂ। ਅਲਵਿੰਦਾ… ਸਾਥੀ… ਅਲਵਿਦਾ!!!

ਫਤਿਹਜੰਗ ਸਿੰਘ
ਮੋਬਾਇਲ : 98726-70278