ਫੱਕਰ ਦੇ ਜੱਕੜ

ਪੱਤਰਕਾਰੀ ਦੇ ਖੇਤਰ ਵਿਚ ਵਿਚਰਦਿਆਂ ਮੈਨੂੰ ਤਾਂ ਨਵੇਂ-ਨਵੇਂ ਮਿੱਤਰਾਂ ਨਾਲ ਕਈ ਵਾਰ ਵਾਹ ਪੈਂਦਾ ਹੀ ਰਹਿੰਦਾ ਹੈ ਪਰ ਜਦ ਦੇ ਫੱਕਰ ਹੋਰੀਂ ਮਿਲੇ ਨੇ, ਬਸ ਬਹਿਜਾ-ਬਹਿਜਾ ਹੀ ਹੋ ਗਈ ਹੈ । ਫੱਕਰ ਦੇ ਜੱਕੜ ਸੁਣ ਕੇ ਕਦੀ-ਕਦੀ ਮੈਂ ਖੁਦ ਵੀ ਜਕੜੀਆਂ ਮਾਰਨ ਲੱਗ ਜਾਂਦਾ ਹਾਂ । ਕਹਿੰਦੇ ਨੇ ਨਾ ਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਨ ਲੱਗ ਜਾਂਦਾ ਹੈ । ਇਸੇ ਤਰ੍ਹਾਂ ਜਦੋਂ ਫੱਕਰ ਸਾਹਬ ਬਦਕਿਸਮਤੀ ਨਾਲ ਕਿਧਰੇ ਟੱਕਰ ਜਾਂਦੇ ਹਨ ਤਾਂ ਮੈਂ ਵੀ ਆਪਣਾ ਰੰਗ ਬਦਲਕੇ ਜੱਕੜ ਮਾਰਨ ਲੱਗ ਜਾਂਦਾ ਹਾਂ ਪਰ ਫੱਕਰ ਸਾਹਿਬ ਦੇ ਜੱਕੜ ਛੱਡਣੇ ਤਾਂ ‘ਸਕਾਈਲੈਬ’ ਡਿਗਣ ਬਰਾਬਰ ਹੁੰਦੇ ਹਨ । ਮਤਲਬ ਉਨ੍ਹਾਂ ਦੇ ਜੱਕੜਾਂ ਦਾ ਕੋਈ ਜਵਾਬ ਨਹੀਂ । ਉਹ ਬੜੇ ਮਜ਼ੇਦਾਰ ਜੱਕੜ ਛੱਡਦੇ ਹਨ । ਮਿਸਾਲ ਦੇ ਤੌਰ ‘ਤੇ ਫੱਕਰ ਸਾਹਿਬ ਮੈਨੂੰ ਕੱਲ੍ਹ ਮਿਲੇ ਤਾਂ ਮੇਰੇ ਨਾਲ ਇਕ ਮਿੱਤਰ ਸੀ, ਉਸ ਨੂੰ ਮਿਲਣ ‘ਤੇ ਫੱਕਰ ਸਾਹਿਬ ਹੋਰੀਂ ਪੁੱਛਣ ਲੱਗੇ, ‘ਤੁਸੀਂ ਕੀ ਕੰਮ ਕਰਦੇ ਹੋ।’ ਮੇਰਾ ਮਿੱਤਰ ਕਹਿਣ ਲੱਗਾ, ‘ਜੀ ਮੈਂ ਸਕੂਲ ਟੀਚਰ ਹਾਂ ।’
‘ਤੁਹਾਡੇ ਪਿਤਾ ਜੀ ਕੀ ਕਰਦੇ ਹਨ।’
‘ਇਨ੍ਹਾਂ ਦੇ ਪਿਤਾ ਜੀ ਡਾਕਟਰ ਹਨ’, ਮੈਂ ਵੀ ਉਨ੍ਹਾਂ ਦੀ ਵਾਰਤਾਲਾਪ ਵਿਚ ਸ਼ਾਮਲ ਹੁੰਦਿਆਂ ਕਿਹਾ ।
‘ਕੀ ਨਾਮ ਹੈ ਉਨ੍ਹਾਂ ਦਾ।’ ਲਗਦੇ ਹੱਥ ਫੱਕਰ ਸਾਹਿਬ ਨੇ ਇਕ ਹੋਰ ਸਵਾਲ ਛੱਡ ਦਿੱਤਾ । ਪਰ ਫਿਰ ਵੀ ਮੇਰੇ ਮਿੱਤਰ ਨੇ ਜਵਾਬ ਦਿੱਤਾ, ‘ਜੀ ਡਾ: ਰਾਮ ਸਿੰਘ ।’ ਬਸ ਏਨਾ ਹੀ ਕਹਿਣ ਦੀ ਦੇਰ ਸੀ ਕਿ ਪਤਾ ਨਹੀਂ ਫੱਕਰ ਹੋਰੀਂ ਮੇਰੇ ਮਿੱਤਰ ਨੂੰ ਘੁੱਟ-ਘੁੱਟ ਜੱਫੀਆਂ ਪਾਉਣ ਲੱਗ ਪਏ । ਮੈਂ ਬੜਾ ਹੈਰਾਨ ਹੋਇਆ ਅਤੇ ਇਸ ਦਾ ਕਾਰਨ ਪੁੱਛਿਆ । ਇਸ ਦੇ ਅੱਗੇ ਤਾਂ ਗੱਲ ਹੀ ਨਾ ਪੁੱਛੋ, ਫੱਕਰ ਸਾਹਿਬ ਕਹਿਣ ਲੱਗੇ, ‘ਡਾ: ਰਾਮ ਸਿੰਘ, ਉਹ ਤਾਂ ਆਪਣੇ ਬੜੇ ਪੱਕੇ ਯਾਰ ਬੇਲੀ ਨੇ, ਪਿਛੇ ਜਿਹੇ ਮੈਂ ਬਿਮਾਰ ਪੈ ਗਿਆ ਸਾਂ, ਬੜਾ ਬੁਰਾ ਹਾਲ ਸੀ ਮੇਰਾ, ਟੱਟੀਆਂ-ਉਲਟੀਆਂ ਅਤੇ ਬੁਖਾਰ ਬੜਾ ਤੇਜ਼ ਸੀ । ਇਨ੍ਹਾਂ ਦੇ ਪਿਤਾ ਕੋਲੋਂ ਹੀ ਤਾਂ ਮੈਂ ਇਲਾਜ ਕਰਵਾਇਆ ਸੀ । ਬਈ ਬੜੇ ਹੀ ਸਿਆਣੇ ਅਤੇ ਨੇਕ ਇਨਸਾਨ ਨੇ, ਬਹੁਤ ਹੀ ਸ਼ਰੀਫ਼… ।’
ਫੱਕਰ ਸਾਹਿਬ ਆਪਣਾ ਭਾਸ਼ਣ ਅਜੇ ਜਾਰੀ ਹੀ ਰੱਖਦੇ, ਪਰ ਸਾਡਾ ਹਾਸਾ ਬਦੋਬਦੀ ਨਿਕਲਣ ਲੱਗ ਪਿਆ । ‘ਕਿਉਂ ਬਈ ਕੀ ਗੱਲ ਹੋਈ, ਕਿਉਂ ਹੱਸੇ, ਮੈਨੂੰ ਵੀ ਕੁਝ ਦੱਸੋ।’ ਫੱਕਰ ਨੇ ਬੜਾ ਹੈਰਾਨ ਹੋ ਕੇ ਪੁੱਛਿਆ । ਮੈਂ ਛੇਤੀ ਹੀ ਹਾਸੇ ‘ਤੇ ਕਾਬੂ ਪਾਉਂਦਿਆਂ ਹੋਇਆਂ ਕਿਹਾ, ‘ਜਨਾਬ ਦਰਅਸਲ ਗੱਲ ਇਸ ਤਰ੍ਹਾਂ ਹੈ, ਇਨ੍ਹਾਂ ਦੇ ਪਿਤਾ ਜੀ ਡੰਗਰ ਡਾਕਟਰ ਨੇ, ਤੁਹਾਡੇ ਵਾਲੇ ਡਾਕਟਰ ਨਹੀਂ ।’ ‘ਉਹ… ਹੋ… ਅੱਛਾ…’, ਕਹਿੰਦੇ ਹੋਏ ਫੱਕਰ ਵੀ ਸਾਡੇ ਨਾਲ ਬਨਾਉਟੀ ਜਿਹਾ ਹਾਸਾ ਹੱਸਣ ਲੱਗ ਪਿਆ ਅਤੇ ਆਪਣੇ ਮਾਰੇ ਜੱਕੜ ਬਾਰੇ ਪਛਤਾਵਾ ਕਰਨ ਲੱਗ ਪਿਆ । ਜਲਦੀ ਹੀ ਅਸੀਂ ਵੀ ਸੰਭਲ ਗਏ ਅਤੇ ਮੈਂ ਕਿਹਾ, ‘ਕੋਈ ਨਹੀਂ, ਜਨਾਬ ਕਦੇ-ਕਦੇ ਇੰਜ ਭੁਲੇਖਾ ਪੈ ਹੀ ਜਾਂਦਾ ਹੈ ।’ ਪਰ ਲਗਦਾ ਸੀ ਕਿ ਫੱਕਰ ਸਾਨੂੰ ‘ਸਤਿ ਸ੍ਰੀ ਅਕਾਲ’ ਬੁਲਾ ਕੇ ਖਹਿੜਾ ਛੁਡਾਉਣ ਦੇ ਰਾਅ ਵਿਚ ਸੀ ਅਤੇ ਅਸੀਂ ਉਸ ਤੋਂ ਵੀ ਕਾਹਲੇ ਸਾਂ । ‘ਚੰਗਾ ਜੀ, ਚੰਗਾ ਜੀ’, ਨਾਲ ਗੱਲ ਖਤਮ ਹੋਈ ਅਤੇ ਫੱਕਰ ਸਾਹਿਬ ਅਗਾਂਹ ਤੁਰ ਪਏ । ਪਿਛੋਂ ਅਸੀਂ ਦੋਵੇਂ ਦੋਸਤ ਫੱਕਰ ਦੇ ਇਸ ਜੱਕੜ ‘ਤੇ ਇਕ ਵਾਰੀ ਖੂਬ ਹੱਸੇ ਅਤੇ ਫਿਰ ਕਿੰਨਾ ਚਿਰ ਹੱਸਦੇ ਹੀ ਰਹੇ ।

ਸ਼ੇਲਿੰਦਰਜੀਤ ਸਿੰਘ ਰਾਜਨ
ਮੋਬਾਈਲ : 98157 69164