ਪੰਜਾਬੀ ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ

ਵਿਸ਼ਵਕੋਸ਼ੀ ਗਿਆਨਧਾਰਾ ਨਾਲ ਜੁੜੇ ਬਹੁਮੁਖੀ ਚਿੰਤਕ ਤੇ ਖੋਜੀ ਭਾਈ ਕਾਨ੍ਹ ਸਿੰਘ ਨਾਭਾ ਨੂੰ ਸਿੱਖ ਕੌਮ ਵਿਚ ‘ਪੰਥ ਰਤਨ’, ‘ਭਾਈ ਸਾਹਿਬ’ ਅਤੇ ‘ਸਰਦਾਰ ਬਹਾਦਰ’ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਆਪ ਦੇ ਵਡੇਰੇ ਢਿਲੋਂ ਜੱਟ, ਜ਼ਿਲਾ ਬਠਿੰਡਾ ਦੇ ਪਿੰਡ ਪਿੱਥੋ ਦੇ ਵਸਨੀਕ ਸਨ।ਆਪ ਦੇ ਪਿਤਾ ਬਾਬਾ ਨਾਰਾਇਣ ਸਿੰਘ ਉਸ ਮੌਕੇ ਡੇਰਾ ਬਾਬਾ ਅਜਾਪਾਲ ਸਿੰਘ ਨਾਭਾ ਦੇ ਪ੍ਰਮੁੱਖ ਸੇਵਾਦਾਰ ਸਨ ਅਤੇ ਨਾਭਾ ਰਿਆਸਤ ਚ ਇਕ ਉਚ ਕੋਟੀ ਦੇ ਵਿਦਵਾਨ ਤੇ ਸੰਤ ਪੁਰਸ਼ ਵਜੋਂ ਜਾਣੇ ਜਾਂਦੇ ਸਨ। ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ 30 ਅਗਸਤ 1861 ਈਂ ਨੂੰ ਉਨ੍ਹਾਂ ਦੇ ਨਾਨਕੇ ਘਰ ਪਿੰਡ ਬਨੇਰਾ ਖੁਰਦ ਵਿਖੇ ਮਾਤਾ ਹਰਿ ਕੌਰ ਦੀ ਕੁੱਖੋ ਹੋਇਆ। ਬਚਪਨ ਦੀ ਚਾਰ ਸਾਲਾਂ ਦੀ ਛੋਟੀ ਉਮਰ ਤੋਂ ਹੀ ਬਾਬਾ ਨਾਰਾਇਣ ਸਿੰਘ ਨੇ ਆਪਣੇ ਬੇਟੇ ਕਾਨ੍ਹ ਸਿੰਘ ਨੂੰ ਆਪਣੇ ਪਾਸ ਨਾਭੇ ਬੁਲਾ ਕੇ ਵਿੱਦਿਆ ਆਰੰਭ ਕੀਤੀ। ਸਮਂੇ ਦੇ ਪ੍ਰਸਿੱਧ ਵਿਦਵਾਨਾਂ ਭਾਈ ਭੂਪ ਸਿੰਘ, ਰਾਮ ਸਿੰਘ, ਭਗਵਾਨ ਸਿੰਘ ਦੁੱਗ, ਜਵਾਹਰ ਸਿੰਘ, ਪੰਡਿਤ ਸ੍ਰੀ ਧਰ, ਬੰਸੀ ਧਰ, ਵੀਰ ਸਿੰਘ ਜਲਾਲਕੇ, ਬਾਵਾ ਕਲਿਆਣ ਦਾਸ ਤੇ ਮਹੰਤ ਗੱਜਾ ਸਿੰਘ ਪਾਸੋਂ ਸਰਬ ਪੱਖੀ ਵਿਦਿਆ ਹਾਸਿਲ ਕਰਕੇ ਜਵਾਨੀ ਦੀ ਉਮਰ ਤੱਕ ਪਹੁੰਚਦਿਆਂ ਭਾਈ ਸਾਹਿਬ ਸ਼ਬਦ ਅਤੇ ਅਰਥ ਦੇ ਚੰਗੇ ਕਾਰੀਗਰ ਬਣ ਚੁੱਕੇ ਸਨ। ਪਹਿਲੀਆਂ ਦੋ ਪਤਨੀਆਂ ਦੀ ਮੌਤ ਉਪਰੰਤ ਆਪ ਦਾ ਤੀਜਾ ਵਿਆਹ ਪਿੰਡ ਰਾਮਗੜ੍ਹ ਰਿਆਸਤ ਪਟਿਆਲਾ ਦੇ ਸਰਦਾਰ ਹਰਦਮ ਸਿੰਘ ਦੀ ਸਪੁੱਤਰੀ ਬੀਬੀ ਬਸੰਤ ਕੌਰ ਨਾਲ ਹੋਇਆ, ਜਿਸਦੀ ਕੁੱਖੋਂ ਭਾਈ ਸਾਹਿਬ ਦੇ ਇਕਲੌਤੇ ਬੇਟੇ ਭਗਵੰਤ ਸਿੰਘ ਹਰੀ ਦਾ ਜਨਮ 1892 ਈਂ ਚ ਹੋਇਆ।
ਪ੍ਰੋ. ਗੁਰਮੁਖ ਸਿੰਘ ਓਰੀਐਂਟਲ ਕਾਲਿਜ ਲਾਹੌਰ, ਮਹਾਰਾਜਾ ਹੀਰਾ ਸਿੰਘ ਰਿਆਸਤ ਨਾਭਾ ਅਤੇ ਉਸ ਸਮੇਂ ਦੀਆਂ ਸੁਧਾਰਕ ਸਿੱਖ ਲਹਿਰਾਂ ਦੇ ਆਗੂ ਭਾਈ ਸਾਹਿਬ ਦੀ ਵਿਦਵਤਾ ਤੋਂ ਬੇਹੱਦ ਪ੍ਰਭਾਵਿਤ ਹੋਏ। ਇਥੋਂ ਤੱਕ ਕਿ ਇਕ ਪ੍ਰਸਿੱਧ ਅੰਗਰੇਜ਼ ਵਿਦਵਾਨ ਮਿਸਟਰ ਮੈਕਸ ਆਰਥਰ ਮੈਕਾਲਫ ਗੁਰਬਾਣੀ ਦੀ ਸਿੱਖਿਆ ਲਈ ਭਾਈ ਸਾਹਿਬ ਦੇ ਸਿਸ਼ ਬਣੇ, ਜ਼ਿਸਨੇ ਬਾਦ ਵਿਚ ਅੰਗਰੇਜੀ ਭਾਸ਼ਾ ‘ਚ ਵਿਸ਼ਵ ਪ੍ਰਸਿੱਧ ਪੁਸਤਕ ‘ਦੀ ਸਿੱਖ ਰਿਲੀਜਨ’ ਦੀ ਰਚਨਾ ਕੀਤੀ।
ਆਰੰਭਲੇ ਦੌਰ ਦੀਆਂ ਰਚਨਾਵਾਂ ‘ਰਾਜ ਧਰਮ’, ‘ਟੀਕਾ ਜੈਮਨੀ ਅਸਵਮੇਧ’, ‘ਨਾਟਕ ਭਾਵਰਥ ਦੀਪਕਾ’ ਅਤੇ ‘ਬਿਜੈ ਸਵਾਮ ਧਰਮ’ ਆਦਿ ਗੰ੍ਰਥਾਂ ਚ ਮਹਾਰਾਜਾ ਹੀਰਾ ਸਿੰਘ ਦੇ ਖਿਆਲਾਂ ਨੂੰ ਪ੍ਰਮੁੱਖ ਰੱਖਿਆ। ਦੂਜੇ ਦੌਰ ਦੀਆਂ ਜ਼ਿਆਦਾਤਰ ਪੁਸਤਕਾਂ ‘ਹਮ ਹਿੰਦੂ ਨਹੀਂ’, ‘ਗੁਰੁਮਤ ਪ੍ਰਭਾਕਰ’, ‘ਗੁਰੁਮਤ ਸੁਧਾਕਰ’, ‘ਸਦ ਕਾ ਪਰਮਾਰਥ’, ‘ਗੁਰੁ ਗਿਰਾ ਕਸੌਟੀ’, ‘ਟੀਕਾ ਚੰਡੀ ਦੀ ਵਾਰ’, ‘ਗੁਰੁਮਤ ਮਾਰਤੰਡ’ ਤੇ ‘ਠੱਗ ਲੀਲ੍ਹਾ’ ਆਦਿ ਰਾਹੀਂ ਆਪ ਨੇ ਜ਼ਿਥੇ ਸਿੱਖ ਧਰਮ ਅਤੇ ਸਿਖੀ ਵਿਚਾਰਧਾਰਾ ਨੂੰ ਗੁੰਮਰਾਹ ਕੁੰਨ ਪ੍ਰਚਾਰ ਤੋਂ ਮੁਕਤ ਕਰਾਕੇ, ਤਰਕ ਦਲੀਲ ਅਤੇ ਵਿਗਿਆਨਕ ਸੋਚ ਅਨੁਸਾਰ ਪੇਸ਼ ਕੀਤਾ, ਉੱਥੇ ਸਿੱਖ ਸੰਗਠਨ ਦੀ ਧਾਰਮਿਕ ਵਿਲਖੱਣਤਾ ਅਤੇ ਰਾਜਨੀਤਕ ਤੇ ਸਮਾਜਕ ਵੱਖਰੇਵੇ ਨੂੰ ਵੀ ਦ੍ਰਿੜਾਇਆ। ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਜਿਥੇ ਸੁਧਾਰਕ ਦ੍ਰਿਸ਼ਟੀ ਨਾਲ ‘ਸ਼ਰਾਬ ਨਿਸ਼ੇਧ’ ਵਰਗੀਆਂ ਪੁਸਤਕਾਂ ਦੀ ਰਚਨਾ ਕੀਤੀ, ਉਥੇ ‘ਗੁਰੁਛੰਦ ਦਿਵਾਕਰ’ ਤੇ ‘ਗੁਰੁਸ਼ਬਦਾਲੰਕਾਰ’, ਪੁਸਤਕਾਂ ਦੀ ਰਚਨਾ ਨਾਲ ਛੰਦ ਸ਼ਾਸਤਰੀ ਤੇ ਅਲੰਕਾਰ ਸ਼ਾਸਤਰੀ ਵਜੋਂ ਵੀ ਪ੍ਰਸਿੱਧ ਹੋਏ। ‘ਰੂਪਦੀਪ ਪਿੰਗਲ’, ‘ਨਾਮ ਮਾਲਾ ਕੋਸ਼’ ਅਤੇ ‘ਅਨੇਕਾਰਥ ਕੋਸ਼’ ਆਦਿ ਗ੍ਰੰਥਾਂ ਦੀ ਸੋਧ ਸੁਧਾਈ ਦਾ ਕਾਰਜ਼ ਕਰਕੇ ਭਾਈ ਸਾਹਿਬ ਨੇ ਸੰਪਾਦਨ ਕਲਾ ‘ਚ ਵੀ ਜੌਹਰ ਦਿਖਾਏ।
ਪਰਾਚੀਨ ਕਾਲ ਤੋਂ ਹੀ ‘ਵਿਸ਼ਵ ਕੋਸ਼’ ਸ਼ਬਦ ਦੀ ਵਰਤੋਂ ਅਜਿਹੀਆਂ ਪੁਸਤਕਾਂ ਲਈ ਹੁੰਦੀ ਆ ਰਹੀ ਹੈ, ਜੋ ਮਨੁੱਖ ਨੂੰ ਸਰਵਪੱਖੀ ਗਿਆਨ ਪ੍ਰਦਾਨ ਕਰਦੀਆਂ ਹਨ। ਪੰਜਾਬੀ ਭਾਸ਼ਾ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਵਿਸ਼ਵਕੋਸ਼ ਦੀ ਰੂਪ ਰੇਖਾ ਦੀ ਝਲਕ ਪ੍ਰਸਤੁਤ ਕਰਦਾ ਹੈ, ਜਿਸ ਵਿੱਚ ਗਿਆਨ-ਵਿਗਿਆਨ ਦਾ ਵਿਸ਼ਾਲ ਵਰਣਨ ਮਿਲਦਾ ਹੈ। ਵਿਦਿਆ ਅਤੇ ਇਸਦੇ ਅੰਗਾਂ ਬਾਰੇ ਬਹੁਪੱਖੀ ਜਾਣਕਾਰੀ ਇਕੱਤਰ ਕਰਨ ਲਈ ਭਾਈ ਸਾਹਿਬ ਪੂਰੀ ਉਮਰ ਯਤਨਸ਼ੀਲ ਰਹੇ। ‘ਇਨਸਾਈਕਲੋਪੀਡੀਆ ਬ੍ਰਿਟਾਨਿਕਾ’ ਤੋ ਪ੍ਰੇਰਿਤ ਹੋ ਕੇ ਭਾਈ ਕਾਨ੍ਹ ਸਿੰਘ ਨੇ ਲਗਭਗ ਡੇਢ ਦਹਾਕੇ ਦੀ ਅਣਥੱਕ ਮਿਹਨਤ ਨਾਲ ‘ਗੁਰੁਸ਼ਬਦ ਰਤਨਕਾਰ ਮਹਾਨ ਕੋਸ਼’ ਦੀ ਰਚਨਾ ਕੀਤੀ, ਜੋ ਪੰਜਾਬੀ ਕੋਸ਼ਕਾਰੀ ਦੇ ਇਤਿਹਾਸ ਵਿਚ ਵਿਸ਼ਵਕੋਸ਼ ਦੇ ਨਾਂ ਨਾਲ ਪਛਾਣੀ ਜਾਣ ਵਾਲੀ ਪਹਿਲੀ ਕਿਰਤ ਹੈ। ਸਾਹਿਤਕ ਪੱਖਂੋ ਪੰਜਾਬੀ ਪਾਠਕਾਂ ਲਈ ਇਹ ਕੋਸ਼ ਇਕ ਅਨਮੋਲ ਖ਼ਜ਼ਾਨਾ ਤੇ ਗਿਆਨ ਦਾ ਭੰਡਾਰ ਹੈ, ਜਿਸ ਵਿਚ ਧਰਮ, ਇਤਿਹਾਸ, ਭੁਗੋਲ, ਬਨਸਪਤੀ, ਚਕਿਤਸਾ ਤੋਂ ਇਲਾਵਾ ਗੁਰਮਤਿ ਸੰਗੀਤ ਪਰੰਪਰਾ ਨੂੰ ਸਿਧਾਂਤਕ ਤੇ ਵਿਵਹਾਰਕ-ਰੂਪ ਵਿੱਚ, ਪ੍ਰਚਾਰਨ ਤੇ ਪੁਨਰ ਸਥਾਪਤ ਕਰਨ ਬਾਰੇ ਵੀ ਅਜਿਹੀ ਜਾਣਕਾਰੀ ਸਾਹਮਣੇ ਲਿਆਂਦੀ, ਜੋ ਵਰਤਮਾਨ ਵਿੱਚ ਵੀ ਸਾਰਥਕ ਤੇ ਪ੍ਰਸੰਗਿਕ ਹੈ।
ਆਪਣੇ ਜੀਵਨ ਕਾਲ ਦੌਰਾਨ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਭਾਈ ਸਾਹਿਬ ਅਨੇਕ ਅਖਬਾਰਾਂ ਮੈਗਜੀਨਾਂ ਲਈ ਸਮੇਂ ਦੀ ਮੰਗ ਅਨੁਸਾਰ ਨਿਬੰਧ ਵੀ ਲਿਖਦੇ ਰਹੇ ਜੋ ਹੁਣ ਸਾਡੇ ਪਾਸ ‘ਬਿਖਰੇ ਮੋਤੀ’ ਪੁਸਤਕ ਰੂਪ ਵਿਚ ਮੌਜੂਦ ਹਨ। ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਪੁਸਤਕ ‘ਗੁਰੁਮਤ ਮਾਰਤੰਡ’ ਵਿੱਚ ਗੁਰਬਾਣੀ ਦੇ ਹਵਾਲੇ ”ਵਿਦਿਆ ਵਿਚਾਰੀ ਤਾਂ ਪਰਉਪਕਾਰੀ” ਰਾਹੀਂ ਵਿਦਿਆ ਦੇ ਪ੍ਰਯੋਜਨ ਬਾਰੇ ਦੱਸਿਆ ਹੈ ਕਿ ”ਵਿਦਵਾਨ ਹੀ ਪੂਰਨ ਉਪਕਾਰ ਕਰ ਸਕਦਾ ਹੈ, ਮੂਰਖ ਉਪਕਾਰ ਦੀ ਇੱਛਾ ਰੱਖਣ ਪੁਰ ਭੀ ਜੁਗਤਿ ਅਰ ਸਮੱਗ੍ਰੀਹੀਨ ਹੋਣ ਕਰਕੇ ਲਾਭ ਨਹੀਂ ਪਹੁੰਚਾ ਸਕਦਾ ਅਤੇ ਵਿਦਵਾਨ ਤਦ ਹੈ, ਜੇ ਪਰੋਪਕਾਰੀ ਹੈ।”
ਭਾਈ ਸਾਹਿਬ ਦੀਆਂ ਲਿਖਤਾਂ ਦੇ ਅੰਗਰੇਜ਼ੀ, ਹਿੰਦੀ ਅਨੁਵਾਦ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵਾਧਾਈ ਦੇ ਹੱਕਦਾਰ ਹਨ। ਆਪਣੀ ਸੂਝ ਅਤੇ ਸੁਘੜਤਾ ਦੇ ਅਸਰ ਨਾਲ ਭਾਈ ਸਾਹਿਬ ਨੇ ਨਾਭਾ ਰਿਆਸਤ ਵਿੱਚ 1886 ਈ. ਤੋਂ 1923 ਈ. ਤੱਕ ਕਈ ਉੱਚ ਆਹੁਦਿਆਂ ਤੇ ਸ਼ਾਨਦਾਰ ਸੇਵਾ ਨਿਭਾਈ ਅਤੇ ਨਾਲੋ ਨਾਲ ਸਾਹਿਤ ਰਚਨਾ ਦਾ ਕੰਮ ਵੀ ਜਾਰੀ ਰੱਖਿਆ, ਜਿਹੜਾ ਕਿ ਉਨ੍ਹਾਂ ਦੇ ਦੇਹਾਂਤ 23 ਨੰਵਬਰ 1938 ਈ. ਤੱਕ ਨਿਰੰਤਰ ਜਾਰੀ ਰਿਹਾ। ਕਿਸੇ ਦੇਸ਼ ਜਾਂ ਕੌਮ ਦੀ ਸੰਸਾਰ ਵਿੱਚ ਤਰੱਕੀ ਲਈ ਕਲਾ ਅਤੇ ਵਿਦਿਆ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਇਕੀਵੀਂ ਸਿੱਖ ਐਜੂਕੇਸ਼ਨਲ ਕਾਨਫੰ੍ਰਸ (1931 ਈ.) ਦੌਰਾਨ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਭਾਈ ਸਾਹਿਬ ਨੇ ਦੱਸਿਆ ਕਿ ”ਜਿਸ ਦੇਸ਼ ਜਾਂ ਕੌਮ ਦੇ ਲੋਕ ਹੋਰਨਾਂ ਨਾਲੋਂ ਵਧੀਕ ਕਲਾਵਾਨ ਹਨ, ਉਹੀ ਪ੍ਰਤਾਪੀ ਤੇ ਸਭ ਤੇ ਹੁਕਮ ਚਲਾਉਣ ਵਾਲੇ ਹਨ, ਕਲਾਹੀਨ ਲੋਕ ਸਿਵਾਏ ਗੁਲਾਮੀ ਦੇ ਹੋਰ ਕੁਝ ਨਹੀਂ ਕਰ ਸਕਦੇ।” ਆਪ ਦੀਆਂ ਲਿਖਤਾਂ ਜਿੱਥੇ ਇਕ ਤਰਫ ਗੁਰਮਤਿ, ਸਿੱਖ ਇਤਿਹਾਸ ਤੇ ਸਿੱਖ ਅਧਿਆਤਮਵਾਦ ਨਾਲ ਸੰਬੰਧਤ ਡੂੰਘੀ ਖੋਜ ਦਾ ਬਹੁਮੁੱਲਾ ਖਜ਼ਾਨਾ ਹਨ, ਉਥੇ ਦੂਸਰੀ ਤਰਫ ਇਨ੍ਹਾਂ ਲਿਖਤਾਂ ਵਿਚੋਂ ਕਲਾ ਤੇ ਸੰਗੀਤ ਦੇ ਦਾਰਸ਼ਨਿਕ ਪੱਖ ਵੀ ਉਜਾਗਰ ਹੁੰਦੇ ਸਾਫ ਨਜ਼ਰ ਆਉਂਦੇ ਹਨ।
ਡਾ. ਰਵਿੰਦਰ ਕੌਰ ਰਵੀ