ਪੰਜਾਬੀਅਤ ਦਾ ਚਾਨਣ ਮੁਨਾਰਾ ਭਾਈ ਕਾਨ੍ਹ ਸਿੰਘ ਨਾਭਾ

ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਅਤੇ ਗੁਰਮਤਿ ਸਾਹਿਤ ਦੀ ਸਾਂਭ-ਸੰਭਾਲ ਤੇ ਵਿਆਖਿਆ ਲਈ ਜੋ ਕਾਰਜ ਭਾਈ ਕਾਨ੍ਹ ਸਿੰਘ ਨਾਭਾ ਨੇ ਇਕੱਲਿਆਂ ਕੀਤਾ, ਉਹ ਆਪਣੇ ਆਪ ਵਿੱਚ ਇੱਕ ਅਦੁੱਤੀ ਮਿਸਾਲ ਹੈ।।ਉਨ੍ਹਾਂ ਦਾ ਜਨਮ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ, ਉਨ੍ਹਾਂ ਦੇ ਨਾਨਕੇ ਘਰ 30 ਅਗਸਤ 1861 ਨੂੰ ਹੋਇਆ।।ਬਚਪਨ ਵਿੱਚ ਆਪਣੇ ਪਿਤਾ ਬਾਬਾ ਨਾਰਾਇਣ ਸਿੰਘ ਪਾਸੋਂ ਨਾਭਾ ਵਿਖੇ ਅਤੇ ਬਾਅਦ ਵਿੱਚ ਸਮੇਂ ਦੇ ਹੋਰ ਪ੍ਰਮੁੱਖ ਵਿਦਵਾਨਾਂ ਭਾਈ ਸਾਹਿਬ ਪਾਸੋਂ ਬਹੁ-ਪੱਖੀ ਵਿਦਿਆ ਗ੍ਰਹਿਣ ਕਰਨ ਦੇ ਨਾਲ ਹੀ ਦਿੱਲੀ ਤੇ ਲਖਨਊ ਦੇ ਵਿਦਵਾਨਾਂ ਪਾਸੋਂ ਉਨ੍ਹਾਂ ਨੇ ਫ਼ਾਰਸੀ ਦੀ ਸਿੱਖਿਆ ਵੀ ਲਈ। ਬੇਸ਼ੱਕ ਭਾਈ ਸਾਹਿਬ ਨੇ ਕਿਸੇ ਖ਼ਾਸ ਸਕੂਲ ਜਾਂ ਵਿਦਿਆਲੇ ਤੋਂ ਸਿੱਖਿਆ ਹਾਸਲ ਨਹੀਂ ਕੀਤੀ, ਪ੍ਰਤੂੰ  ਨਾਭੇ ‘ਚ ਮਹਾਂਪੁਰਸ਼ ਬਾਬਾ ਅਜਾਪਾਲ ਸਿੰਘ ਦੇ ਤਪ ਅਸਥਾਨ ਨਾਲ ਸਬੰਧਿਤ, ਜਿਸ ਇਤਿਹਾਸਕ ਗੁਰਦੁਆਰੇ ਵਿੱਚ ਛੋਟੀ ਉਮਰ ਤੋਂ ਵਿਦਿਆ ਪ੍ਰਾਪਤੀ ਦਾ ਮੌਕਾ ਮਿਲਿਆ, ਉਹ ਅਸਥਾਨ ਉਸ ਮੌਕੇ ਵਿਆਕਰਨ, ਨਿਆਏ, ਧਰਮ, ਇਤਿਹਾਸ, ਸਾਹਿਤ, ਵੇਦਾਂਤ, ਕਾਵਿ, ਸੰਗੀਤ ਅਤੇ ਬਹੁ-ਭਾਸ਼ਾਈ ਗਿਆਨ ਦਾ ਪ੍ਰਮੁੱਖ ਕੇਂਦਰ ਬਣ ਚੁੱਕਾ ਸੀ।। ਲਾਹੌਰ ਵਿਖੇ ਓਰੀਐਂਟਲ ਕਾਲਜ ਦੇ ਪ੍ਰੋਫੈਸਰ ਗੁਰਮੁਖ ਸਿੰਘ ਦੀ ਸੁਚੱਜੀ ਸੰਗਤ ਵਿੱਚ ਰਹਿੰਦਿਆਂ, ਉਨ੍ਹਾਂ ਦੀ ਰੁਚੀ ਧਰਮ ਅਧਿਐਨ ਅਤੇ ਸਮਾਜ ਸੁਧਾਰ ਲਈ ਪਰਿਪੱਕ ਹੋਈ।।

ਇੱਕ ਤੋਂ ਬਾਅਦ ਇੱਕ ਪਹਿਲੀਆਂ ਦੋ ਪਤਨੀਆਂ ਦੀ ਅਚਨਚੇਤੀ ਮੌਤ ਉਪਰੰਤ ਉਨ੍ਹਾਂ ਦਾ ਤੀਜਾ ਵਿਆਹ ਰਿਆਸਤ ਪਟਿਆਲਾ ਦੇ ਪਿੰਡ ਰਾਮਗੜ੍ਹ ਵਿੱਚ ਸ. ਹਰਦਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਇਆ।। ਇਸ ਵਿਆਹ ਤੋਂ ਉਨ੍ਹਾਂ ਦੇ ਇਕਲੌਤੇ ਬੇਟੇ ਭਗਵੰਤ ਸਿੰਘ (ਹਰੀ ਜੀ) ਦਾ ਜਨਮ 1892 ਵਿੱਚ ਹੋਇਆ।। ਭਾਈ ਸਾਹਿਬ ਨੇ ਰਿਆਸਤ ਨਾਭਾ ਅਤੇ ਪਟਿਆਲਾ ਵਿੱਚ ਕਈ ਉੱਚ ਅਹੁਦਿਆਂ ‘ਤੇ ਸੇਵਾ ਕੀਤੀ ਅਤੇ ਮਹਾਰਾਜਾ ਰਿਪੁਦਮਨ ਸਿੰਘ, ਉਨ੍ਹਾਂ ਦੀ ਮਹਾਰਾਣੀ ਸਰੋਜਨੀ ਦੇਵੀ ਤੇ ਪ੍ਰਸਿੱਧ ਅੰਗਰੇਜ਼ ਵਿਦਵਾਨ  ਮੈਕਸ ਆਰਥਰ ਮੈਕਾਲਿਫ ਉਨ੍ਹਾਂ ਦੇ ਪ੍ਰਮੁੱਖ ਸ਼ਿਸ਼ ਬਣੇ।।

ਇੱਕ ਲੇਖਕ ਦੇ ਤੌਰ ‘ਤੇ ਭਾਈ ਸਾਹਿਬ ਦਾ ਸਾਹਿਤਕ ਸਫ਼ਰ ਨਾਭਾ ਦਰਬਾਰ ਦੀ ਸੇਵਾ ਕਰਦਿਆਂ, ਮਹਾਰਾਜਾ ਹੀਰਾ ਸਿੰਘ ਦੀ ਪ੍ਰੇਰਨਾ ਸਦਕਾ 19ਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਹੋਇਆ।।ਉਨ੍ਹਾਂ ਦੀ ਸਾਹਿਤਕ ਦਿਲਚਸਪੀ ਦਾ ਘੇਰਾ ਅਤਿਵਿਸ਼ਾਲ ਸੀ, ਜਿਸ ਵਿੱਚ ਧਰਮ, ਖੰਡਨ-ਮੰਡਨ, ਇਤਿਹਾਸ, ਟੀਕਾਕਾਰੀ, ਕੋਸ਼ਕਾਰੀ ਅਤੇ ਰਾਜਨੀਤੀ ਆਦਿ ਅਨੇਕ ਵਿਸ਼ੇ ਸ਼ਾਮਲ ਹਨ। ਆਰੰਭਲੀਆਂ ਰਚਨਾਵਾਂ ‘ਰਾਜ ਧਰਮ’, ‘ਟੀਕਾ ਜੈਮਨੀ ਅਸ਼ਵਮੇਧ’, ਤੇ ‘ਨਾਟਕ ਭਾਵਾਰਥ ਦੀਪਕਾ’ ਆਦਿ ਉਨ੍ਹਾਂ ਨੂੰ ਪਰੰਪਰਾਗਤ ਵਿਦਿਆ ਦਾ ਧੁਰੰਤਰ ਵਿਦਵਾਨ ਸਿੱਧ ਕਰਦੀਆਂ ਹਨ।।ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਲਈ ‘ਹਮ ਹਿੰਦੂ ਨਹੀਂ’,’ਗੁਰੁਮਤ ਪ੍ਰਭਾਕਰ’,’ਗੁਰੁਮਤ ਸੁਧਾਕਰ’,’ਗੁਰੁ-ਗਿਰਾ ਕਸੌਟੀ’,’ਸੱਦ ਕਾ ਪਰਮਾਰਥ’, ‘ਠਗ-ਲੀਲ੍ਹਾ’, ‘ਗੁਰੁਮਤ ਮਾਰਤੰਡੇ’ ਤੇ ਹੋਰ ਅਨੇਕ ਪੁਸਤਕਾਂ ਦੀ ਰਚਨਾ ਨਾਲ ਭਾਈ ਸਾਹਿਬ ਸਿੱਖ ਧਰਮ ਦੇ ਮਹਾਨ ਵਿਆਖਿਆਕਾਰ ਵਜੋਂ ਸਥਾਪਤ ਹੋਏ।।ਇਨ੍ਹਾਂ ਲਿਖਤਾਂ ਨਾਲ ਉਨ੍ਹਾਂ ਨੇ ਪਹਿਲੀ ਵਾਰ ਸਿੱਖ ਇਤਿਹਾਸ, ਗੁਰਬਾਣੀ  ਤੇ ਸਿੱਖ ਸਾਹਿਤ ਨੂੰ  ਗੁਰਮਤਿ ਸਿਧਾਂਤਾਂ ਅਨੁਸਾਰ ਪਰਖ ਕੇ ਉਸ ਵਿੱਚ ਪਾਏ ਰਲਾਅ ਨੂੰ ਵੱਖਰਿਆ ਕੇ ਸਿੱਟਾ ਕੱਢਿਆ ਕਿ ‘ਗੁਰਬਾਣੀ’ ਸਨਾਤਨੀ ਵਿਚਾਰਾਂ ਦੀ ਪ੍ਰੋੜ੍ਹਤਾ ਨਹੀਂ ਕਰਦੀ ਅਤੇ ਨਾ ਹੀ ਗੁਰਬਾਣੀ ਧਰਮ ਸ਼ਾਸਤਰਾਂ ਦਾ ਖ਼ੁਲਾਸਾ ਹੈ। ‘ਗੁਰੁਛੰਦ ਦਿਵਾਕਰ’ ਤੇ ‘ਗੁਰੁਸ਼ਬਦਾਲੰਕਾਰ’ ਪੁਸਤਕਾਂ ਦੀ ਰਚਨਾ ਕਰਕੇ ਉਹ ਇੱਕ ਮਹਾਨ ਛੰਦ ਸ਼ਾਸਤਰੀ ਤੇ ਅਲੰਕਾਰ ਸ਼ਾਸਤਰੀ ਵਜੋਂ ਪ੍ਰਸਿੱਧ ਹੋਏ। ਗੁਰਬਾਣੀ ਨੂੰ ਸਾਹਿਤਕ ਪੱਖੋਂ ਸਮਝਣ ਲਈ ਇਨ੍ਹਾਂ ਦੋਵੇਂ ਗ੍ਰੰਥਾਂ ਦਾ ਵਿਸ਼ੇਸ਼ ਮਹੱਤਵ ਹੈ। ‘ਸ਼ਰਾਬ-ਨਿਸ਼ੇਧ’  ਵਰਗੀਆਂ ਸਮਾਜ ਸੁਧਾਰਕ ਪੁਸਤਕਾਂ ਲਿਖਣ ਦੇ ਨਾਲ ਨਾਲ ਭਾਈ ਕਾਨ੍ਹ ਸਿੰਘ ਨਾਭਾ ਨੇ ‘ਚੰਡੀ ਦੀ ਵਾਰ ਸਟੀਕ’ ਵਰਗੀਆਂ ਖੋਜ ਭਰਪੂਰ ਰਚਨਾਵਾਂ ਨਾਲ ਪੰਜਾਬੀ ਟੀਕਾਕਾਰੀ ਨੂੰ ਵੀ ਵਿਗਿਆਨਕ ਲੀਹਾਂ ‘ਤੇ ਤੋਰਿਆ ਅਤੇ ਸਮਕਾਲੀ ਅਖ਼ਬਾਰਾਂ ਤੇ ਰਸਾਲਿਆਂ ਲਈ ਅਨੇਕ ਨਿਬੰਧ ਲਿਖ ਕੇ ਪੰਜਾਬੀ ਨਿਬੰਧ ਦੇ ਆਰੰਭ ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ।।

ਭਾਈ ਸਾਹਿਬ ਦੇ ਜੀਵਨ ਭਰ ਦੀ ਤਪੱਸਿਆ ਦਾ ਫ਼ਲ ਤੇ ਉਨ੍ਹਾਂ ਦਾ ਸਭ ਤੋਂ ਵੱਡਾ ਸਾਹਿਤਕ ਕਾਰਜ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਹੈ, ਜਿਸ ਨੂੰ ਸਿੱਖ ਸਾਹਿਤ ਦਾ ਵਿਸ਼ਵਕੋਸ਼ ਜਾਂ ਐਨਸਾਈਕਲੋਪੀਡੀਆ ਕਿਹਾ ਜਾਂਦਾ ਹੈ।। ਪੰਜਾਬੀ ਕੋਸ਼ਕਾਰੀ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਵਜੋਂ ਜਾਣੇ ਜਾਂਦੇ ਇਸ ਅਨੂਪਮ ਗ੍ਰੰਥ ‘ਮਹਾਨ ਕੋਸ਼’ ਦੀ ਰਚਨਾ ਕਰਕੇ ਉਨ੍ਹਾਂ ਨੇ ਇਹ ਸਿੱਧ ਕੀਤਾ ਕਿ ਮਾਂ-ਬੋਲੀ ਪੰਜਾਬੀ ਵਿੱਚ ਕੋਈ ਵੀ ਵੱਡੇ ਤੋਂ ਵੱਡਾ ਕਾਰਜ ਕੀਤਾ ਜਾ ਸਕਦਾ ਹੈ।।