ਪਿੰਡ ਕਲੌਲੀ ਵਿੱਚ ਸਿੱਖਿਆ ਅਧਿਕਾਰੀ ਨੂੰ ਬਣਾਇਆ ਬੰਦੀ

ਬਨੂੜ ਬਲਾਕ ਦੀ ਪ੍ਰਾਇਮਰੀ ਸਿੱਖਿਆ ਅਫ਼ਸਰ ਕੁਲਦੀਪ ਕੌਰ ਨੂੰ ਅੱਜ ਪਿੰਡ ਕਲੌਲੀ ਵਿੱਚ ਦਰਜਨਾਂ ਲੋਕਾਂ ਨੇ ਸਕੂਲ ਦੇ ਕਮਰੇ ਵਿੱਚ ਦੋ ਘੰਟੇ ਤੋਂ ਵੱਧ ਸਮਾਂ ਬੰਧਕ ਬਣਾ ਕੇ ਰੱਖਿਆ। ਬੀਪੀਈਓ ਨਾਲ ਉਸ ਦਾ ਪੁੱਤਰ ਅਤੇ ਮਿਡ-ਡੇਅ ਮੀਲ ਦਾ ਬਲਾਕ ਮੈਨੇਜਰ ਹੇਮੰਤ ਸ਼ਰਮਾ ਵੀ ਮੌਜੂਦ ਸਨ। ਬੀਪੀਈਓ ਸਰਕਾਰੀ ਪ੍ਰਾਇਮਰੀ ਸਕੂਲ ਕਲੌਲੀ ਦੇ ਅਧਿਆਪਕ ਜਗਤਾਰ ਸਿੰਘ ਨੂੰ ਵਿਭਾਗ ਵੱਲੋਂ ਮੁਅੱਤਲ ਕਰਨ ਦੇ ਨਿਰਦੇਸ਼ਾਂ ਦੀ ਤਾਲੀਮ ਕਰਾਉਣ ਅਤੇ ਮਿਡ-ਡੇਅ ਮੀਲ ਦੇ ਖਾਣੇ ਦੀ ਜਾਂਚ ਕਰਨ ਲਈ ਸਵੇਰੇ ਦਸ ਵਜੇ ਪਿੰਡ ਪਹੁੰਚੇ ਸਨ। ਇਸ ਸਮੇਂ ਪਿੰਡ ਦੇ ਲੋਕ ਪਹਿਲਾਂ ਹੀ ਸਕੂਲ ਵਿੱਚ ਮੌਜੂਦ ਸਨ। ਦੁਪਹਿਰ ਸਾਢੇ ਬਾਰਾਂ ਵਜੇ ਦੇ ਕਰੀਬ ਬਨੂੜ ਦੀ ਨਾਇਬ ਤਹਿਸੀਲਦਾਰ-ਕਮ-ਡਿਊਟੀ ਮੈਜਿਸਟਰੇਟ ਜਸਬੀਰ ਕੌਰ ਅਤੇ ਥਾਣਾ ਬਨੂੜ ਦੇ ਏਐਸਆਈ ਬਲਕਾਰ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਪਿੰਡ ਵਾਸੀਆਂ ਨੂੰ ਸਮਝਾ ਕੇ ਬੰਧਕ ਬਣਾਈ ਗਈ ਬੀਪੀਈਓ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਵਾ ਕੇ ਉਨ੍ਹਾਂ ਦੀ ਬੰਦ ਖੁਲਾਸੀ ਕਰਾਈ। ਮੌਕੇ ’ਤੇ ਪਹੁੰਚੇ ਪੱਤਰਕਾਰਾਂ ਨੂੰ ਪਿੰਡ ਦੇ ਸਰਪੰਚ ਬਲਬੀਰ ਸਿੰਘ, ਪੰਚ ਸਤਪਾਲ ਸਿੰਘ, ਕਾਂਗਰਸੀ ਆਗੂ ਕੁਲਵਿੰਦਰ ਸਿੰਘ, ਪਸਵਕ ਦੇ ਚੇਅਰਮੈਨ ਜਸਪਾਲ ਕੁਮਾਰ ਤੇ ਹੋਰਾਂ ਦੀ ਅਗਵਾਈ ਹੇਠ ਇਕੱਤਰ ਹੋਏ ਪਿੰਡ ਵਾਸੀਆਂ ਨੇ ਆਖਿਆ ਕਿ ਉਨ੍ਹਾਂ ਦੇ ਪਿੰਡ ਦੇ ਸਕੂਲ ਦੇ ਮਿਹਨਤੀ ਅਧਿਆਪਕ ਨੂੰ ਬੇਵਜ਼੍ਹਾ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬੀਪੀਈਓ ਅਧਿਆਪਕ ਨੂੰ ਮੁੱਅਤਲ ਕਰਨ ਦੇ ਕਾਰਨਾਂ ਬਾਰੇ ਨਹੀਂ ਦੱਸਦੇ ਉਦੋਂ ਤੱਕ ਉਨ੍ਹਾਂ ਨੂੰ ਇੱਥੋਂ ਜਾਣ ਨਹੀਂ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਬੀਪੀਈਓ ਨੂੰ ਕਮਰੇ ਵਿੱਚ ਬੰਧਕ ਬਣਾਇਆ ਹੋਇਆ ਸੀ। ਪਿੰਡ ਵਾਸੀ ਸਿੱਖਿਆ ਵਿਭਾਗ ਦੇ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਬੀਪੀਈਓ ਨੇ ਦੋਸ਼ ਲਾਇਆ ਕਿ ਉਨ੍ਹਾਂ ਨਾਲ ਮਹਿਲਾਵਾਂ ਵੱਲੋਂ ਹੱਥੋਪਾਈ ਵੀ ਕੀਤੀ ਗਈ ਤੇ ਉਨ੍ਹਾਂ ਦਾ ਮੋਬਾਈਲ ਵੀ ਖੋਹ ਲਿਆ ਗਿਆ, ਜੋ ਕਿ ਬਾਅਦ ਵਿੱਚ ਮੋੜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਮਿਡ-ਡੇਅ ਮੀਲ ਦੇ ਖਾਣੇ ਦਾ ਨਿਰੀਖ਼ਣ ਕਰਨ ਤੇ ਉੱਚ ਅਧਿਕਾਰੀਆਂ ਵੱਲੋਂ ਅਧਿਆਪਕ ਜਗਤਾਰ ਸਿੰਘ ਨੂੰ ਮੁਅੱਤਲ ਕਰਨ ਦੇ ਨਿਰਦੇਸ਼ਾਂ ਦੀ ਕਾਪੀ ਦੇਣ ਲਈ ਕਲੌਲੀ ਆਏ ਸਨ। ਉਨ੍ਹਾਂ ਦੱਸਿਆ ਕਿ ਸਾਰੀ ਘਟਨਾ ਸਬੰਧੀ ਉਨ੍ਹਾਂ ਪੁਲੀਸ ਕੋਲ ਲਿਖਤੀ ਬਿਆਨ ਦਰਜ ਕਰਾ ਦਿੱਤੇ ਹਨ। ਨਾਇਬ ਤਹਿਸੀਲਦਾਰ ਜਸਬੀਰ ਕੌਰ ਅਤੇ ਏਐਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਜਾਵੇਗੀ। ਪੁਲੀਸ ਨੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਦੀ ਗੱਲ ਆਖੀ। ਇਸੇ ਦੌਰਾਨ ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਜੇਕਰ ਅਧਿਆਪਕ ਨੂੰ ਬਹਾਲ ਨਾ ਕੀਤਾ ਗਿਆ ਤਾਂ ਉਹ ਸਕੂਲ ਨੂੰ ਤਾਲਾ ਲਾਉਣ ਅਤੇ ਅਧਿਕਾਰੀਆਂ ਦੇ ਦਫ਼ਤਰਾਂ ਦਾ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਇਸੇ ਦੌਰਾਨ ਅਧਿਆਪਕ ਜਗਤਾਰ ਸਿੰਘ ਨੇ ਕਿਹਾ ਕਿ ਉਸ ਨੂੰ ਬੇਵਜ਼੍ਹਾ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਸਕੂਲ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਸੀ। ਉਨ੍ਹਾਂ ਕਿਹਾ ਕਿ ਮਿਡ-ਡੇਅ ਮੀਲ ਦੇ ਬੰਦ ਹੋਣ ਬਾਰੇ ਉਨ੍ਹਾਂ ਉਚ ਅਧਿਕਾਰੀਆਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਹੋਇਆ ਸੀ। ਸ਼ਿਕਾਇਤਾਂ ਦੇ ਆਧਾਰ ’ਤੇ ਅਧਿਆਪਕ ਨੂੰ ਕੀਤਾ ਮੁਅੱਤਲ: ਡੀਈਓ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਗੁਰਪ੍ਰੀਤ ਕੌਰ ਧਾਲੀਵਾਲ ਨੇ ਆਖਿਆ ਕਿ ਅਧਿਆਪਕ ਖਿਲਾਫ਼ ਅਨੇਕਾਂ ਸ਼ਿਕਾਇਤਾਂ ਆਈਆਂ ਸਨ ਜਿਨ੍ਹਾਂ ਦੀ ਪੜਤਾਲ ਮਗਰੋਂ ਹੀ ਉਸ ਨੂੰ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀਪੀਈਓ ਨੂੰ ਬੰਧਕ ਬਣਾਏ ਜਾਣ ਦੀ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਸਾਰਾ ਮਾਮਲਾ ਮੁਹਾਲੀ ਦੀ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਜਿਨ੍ਹਾਂ ਨੇ ਬਨੂੜ ਸਥਿਤ ਨਾਇਬ ਤਹਿਸੀਲਦਾਰ ਦੀ ਮੌਕੇ ਉੱਤੇ ਜਾਣ ਦੀ ਡਿਊਟੀ ਲਗਾਈ। ਡੀਈਓ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲੀਸ ਰਿਪੋਰਟ ਦਰਜ ਕਰਵਾਈ ਜਾ ਰਹੀ ਹੈ।