ਪਿਆਰਾ ਲਾਲ ਬੰਗੜ ਦੀਆਂ ਦੋ ਰਚਨਾਵਾਂ

            ਭਰ-ਭਰ ਪਿਆਲੇ ਪਿਲਾ ਸਾਕੀਆ
ਆ ਭਰ ਭਰ ਪਿਆਲੇ, ਪਿਲਾ ਦੇਹ ਜਾਮ ਸਾਕੀਆ
ਅੱਜ ਹੋਸ਼ ਭੁਲਾ ਦੇਹ, ਰਤਾ ਹੋਰ ਪਾ ਦੇਹ ਜਾਮ ਸਾਕੀਆ।
ਮੈਂ ਰਿੰਦਾ ਦੀ ਮਹਿਫਲ ਨੂੰ ਆਪਣਾ ਬਣਾ ਲਵਾਂ,
ਮਸਤੀ ਸਰੂਰ ਛਾਅ ਜਾਏ, ਰੰਗੇ ਅੰਜ਼ਾਮ ਸਾਕੀਆ।
ਉਹ ਮੇਰੇ ਸੰਗ, ਬੇਰੁਖੀ ਕਿਉਂ ਵਿਖਾ ਰਹੇ ਅੱਜ ਕੱਲ੍ਹ
ਮੈਂ ਤਾਂ ਉਨ੍ਹਾਂ ਦੀ ਅਮਾਨਤ ਹਾਂ, ਸ਼ਰੇਆਮ (ਤਮਾਮ) ਸਾਕੀਆ
ਕੇਹੜਾ ਨਾਪ ਸਕਿਐ ਪ੍ਰੀਤ ਕੀਹਨੇ ਤੋਲ ਵੇਖੀ ਪੀੜ,
ਏਹ ਤਾਂ ਦਿਲਾਂ ਵਾਲੇ ਜਾਨਣ, ਦਿਲੀ ਅਰਮਾਨ ਸਾਕੀਆ।
ਉਹ ਮੇਰੀ ਨਗਰੀ ਆਏ, ਮਤੇ ਮੁੜ ਜਾਣ ਨਾ ਖਾਲੀ,
ਹਾੜਾ ਕੁਰਬਾਨ ਹੋ ਜਾਵੈ, ਮਿਰਾ ਕੁਲ ਜਹਾਨ ਸਾਕੀਆ।
ਕਿਉਂ ਹੁੱਸਾ ਹੁੱਸਾ ਦਿਲ, ਤੇ ਚੇਤੰਨਤਾ ‘ਚ ਲਟਕਦੈ ਭੈਅ
ਕੇਹੜੀ ਭਾਣੀ ਕੋਈ ਵਿਰਤ ਗਈ, ਚਮਨ ਹੋਇਐ ਗੁਲਤਾਨ ਸਾਕੀਆ।
ਕਾਹਤੋਂ ਪੀ ਰਿਹੈਂ ਸਾਕੀ, ਕਿਸੇ ਦਾ ਗ਼ਮ ਛੁਪਾਉਣ ਲਈ,
ਪੀ ਐਸਾ ਮਦੁਰਾ ਪੀਅ ਜੋ ਦਰਦ ਵੰਡਾਣ ਸਾਕੀਆ।
ਮੈਂ ਪੀਂਦਾ ਨਹੀਂ ਹਾਂ ਉਂਝ ਇਹ ਤਾਂ ਜੀਊਣ ਦਾ ਬਹਾਨਾ,
ਦੋ ਪਲ ਵਿਸਰ ਜਾਣ ਪਿਆਰੇ, ਹੋÂੈ ਗੁਜ਼ਰਾਨ ਸਾਕੀਆ।
ਆ ਭਰ-ਭਰ ਪਿਆਲੇ, ਪਿਲਾ ਦੇਹ ਜਾਮ ਸਾਕੀਆ,
ਅੱਜ ਹੋਸ਼ ਭੁਲਾ ਦੇਹ, ਰਤਾ ਹੋਰ ਪਾ ਦੇਹ ਜਾਮ ਸਾਕੀਆ।

               ਕ੍ਰਾਂਤੀ ਦੀ ਲਹਿਰ
ਸ਼ਬਦਾਂ ਦੀ ਕੁੱਖ ‘ਚ ਤਾਹਿਉਂ ਕ੍ਰਾਂਤੀ ਪਨਪਦੀ ਰਹਿੰਦੀ,
ਨੰਗੇ ਭੁੱਖਿਆਂ ਦੇ ਸੀਨੇ ‘ਚ ਲਹਿਰ ਧੜਕਦੀ ਰਹਿੰਦੀ।
ਕੰਬ ਜਾਣੈ ਸੀ ਅੰਬਰ ਕੁਰਸੀ ਸੀ ਡੋਲ ਜਾਣੀ,
ਅੱਗ ਵਿਚਾਰਾਂ ਦੀ ਜੇ ਮਨਾਂ ਅੰਦਰ ਭੜਕਦੀ ਰਹਿੰਦੀ।
ਨਿੱਤ ਗੱਲੀਂ ਬਾਤੀ ਬਾਪ ਬਣੈ ਉਹ ਤਰਕ ਦਾ ਅਕਸਰ,
ਅਮਲ ‘ਚ ਪਰ ਫੋਕੇ ਵਹਿਮਾਂ ਦੀ ਕਾਣ ਝਲਕਦੀ ਰਹਿੰਦੀ।
ਲਾਜ਼ਮੀ ਹੈ, ਵੱਡਾ ਮਕਸਦ, ਮਿੱਥਣਾ ਏ ਜ਼ਰੂਰੀ ਸਾਥੀਓ,
ਨਹੀਂ ਤਾਂ ਬੇ-ਮਕਸਦ ਐਵੇਂ ਹੀ ਰੂਹ ਖਲਾਅ ‘ਚ ਭਟਕਦੀ ਰਹਿੰਦੀ।
ਆ ਮੰਜ਼ਲ ਦੀ ਸੇਧ ਕਰੀਏ ਕੋਈ ਟੀਚਾ ਧਰੀਏ,
ਕਲਪਣਾ ਸਾਹਵੇਂ ਹਮੇਸ਼ਾ ਆਸ ਬੇਲੋੜੀ ਕਿਧਰੇ ਲਟਕਦੀ ਰਹਿੰਦੀ।
ਦੋਸਤਾ, ਬਣ ਫੌਲਾਦ ਵਿਚਾਰਾਂ ਦੀ, ਸਥਿਰਤਾ ਥਿੜ੍ਹਕੇ ਨਾ ਕਿਰਦਾਰਾਂ ਦੀ,
ਤੇਰੇ ਹੱਕ ਤੈਨੂੰ ਕਿਸ ਨਹੀ ੰਦੇਣੇ, ਤੇਰੀ ਹੋਂਦ ਸਵੈਅ-ਸੰਗ ਕਾਹਤੋਂ ਖੜਕਦੀ ਰਹਿੰਦੀ।
ਪਿਆਰੇ ਇਕੱਠ ਲੋਹੇ ਦੀ ਲੱਠ ਜਾਣਦੈ ਜਹਾਨ ਸਾਰੇ,
ਏਕਤਾ ਬਾਝੋਂ ਸਫਲਤਾ ਨੇਹਫਲ, ਤੇਰੇ ਦਰੀ ਤੁੜਕ ਜਰਕਦੀ ਰਹਿੰਦੀ।
ਸ਼ਬਦਾਂ ਦੀ ਕੁੱਖ ‘ਚ ਤਾਹੀਉਂ ਕ੍ਰਾਂਤੀ ਪਨਪਦੀ ਰਹਿੰਦੀ,
ਨੰਗੇ ਭੁੱਖਿਆਂ ਦੇ ਸੀਨੇ ‘ਚ ਜੇ ਲਹਿਰ ਧੜਕਦੀ ਰਹਿੰਦੀ।