ਪਰਦੇਸ ਵਸਦਾ ਚੰਨ ਜੰਡਿਆਲਵੀ

ਤਰਲੋਚਨ ਸਿੰਘ ‘ਚੰਨ ਜੰਡਿਆਲਵੀ’

ਗੁਰਭਜਨ ਗਿੱਲ

ਤਰਲੋਚਨ ਸਿੰਘ ‘ਚੰਨ ਜੰਡਿਆਲਵੀ’ ਪਰਦੇਸ ਵੱਸਦਾ ਪੰਜਾਬੀ ਮਾਂ ਬੋਲੀ ਦਾ ਉਹ ਸੁਲੱਗ ਪੁੱਤਰ ਹੈ, ਜਿਸ ਨੇ ਆਪਣੇ ਮਿੱਠੇ ਗੀਤਾਂ ਰਾਹੀਂ ਪਿਛਲੀ ਅੱਧੀ ਸਦੀ ਦੀ ਜ਼ਿੰਦਗੀ ਨੂੰ ਮਹਿਕਵੰਤਾ ਬਣਾਇਆ ਹੈ।।ਦੋਆਬੇ ਦੇ ਮੰਝਕੀ ਖੇਤਰ ਦੀ ਧੁੰਨੀ ਜੰਡਿਆਲਾ ਨੂੰ ਛੱਡ ਕੇ ਇੰਗਲੈਂਡ ਵੱਸੇ ਚੰਨ ਜੰਡਿਆਲਵੀ ਦੇ ਗੀਤਾਂ ਵਿੱਚ ਰਸੀਲੇ ਅੰਬਾਂ ਜਿਹੀ ਮਿਠਾਸ ਭਰਪੂਰ ਮਹਿਕ ਹੈ।।ਇਹ ਧਰਤੀ-ਪੁੱਤਰ ਹੋਣ ਦਾ ਹੀ ਪ੍ਰਮਾਣ ਹੈ ਕਿ ਚੰਨ ਦੇ ਲਿਖੇ ਸੈਂਕੜੇ ਗੀਤਾਂ ‘ਚੋਂ ਬਹੁਤਿਆਂ ਨੂੰ ਲੋਕ ਗੀਤਾਂ ਵਰਗੇ ਮੁਹਾਂਦਰੇ ਕਾਰਨ ਲੋਕ ਗੀਤਾਂ ਦੀ ਸ਼੍ਰੇਣੀ ਵਿੱਚ ਹੀ ਗਿਣਿਆ ਤੇ ਗਾਇਆ ਜਾਂਦਾ ਹੈ। ਜਿਵੇਂ ਕਿ
ਮਧਾਣੀਆਂ:
ਹਾਏ ਓਇ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ।
ਸੁਰਿੰਦਰ ਕੌਰ ਤੇ ਮੁਸੱਰਤ ਨਜ਼ੀਰ ਦੀ ਆਵਾਜ਼ ਵਿੱਚ ਇਹ ਗੀਤ ਹਰ ਘਰ ਦੀ ਕਹਾਣੀ ਬਣ ਚੁੱਕਾ ਹੈ।। ਇਹੋ ਜਿਹੇ ਹੀ ਦਰਜਨਾਂ ਗੀਤ ਹੋਰ ਹਨ ਜੋ ਚੰਨ ਦੇ ਲਿਖੇ ਹੋਏ ਹਨ, ਪਰ ਆਮ ਸਰੋਤੇ ਇਨ੍ਹਾਂ ਨੂੰ ਲੋਕ ਗੀਤ ਹੀ ਸਮਝਦੇ ਹਨ।। ਚੰਨ ਦਾ ਨਵਾਂ ਗੀਤ ਸੰਗ੍ਰਹਿ ਭਾਈ ਚਤਰ ਸਿੰਘ ਜੀਵਨ ਸਿੰਘ ਵੱਲੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।। ਗੀਤਾਂ ਦੇ ਦੋ ਵੱਡ ਆਕਾਰੀ ਸੰਗ੍ਰਹਿ ਪਹਿਲਾਂ ਵੀ ਪਾਠਕਾਂ ਦੀ ਝੋਲੀ ਪੈ ਚੁੱਕੇ ਹਨ। ਇਸ ਗੀਤ ਸੰਗ੍ਰਹਿ ਦੇ ਕੁਝ ਚੋਣਵੇਂ ਗੀਤ ਮੈਨੂੰ ਚੰਨ ਹੁਰਾਂ ਨੇ ਭੇਜੇ ਸਨ,। ਪੜ੍ਹ ਕੇ ਲੱਗਾ ਕਿ ਇਸ ਪੰਜਾਬ ਦੀ ਮਰਿਆਦਾ ਜੀਵਨ-ਜਾਚ, ਬੋਲੀ ਦੀ ਮਿਠਾਸ, ਰਹਿਤਲ ਦਾ ਗੂੜ੍ਹ ਗਿਆਨ ਜਿੰਨਾ ਚੰਨ ਜੰਡਿਆਲਵੀ ਨੂੰ ਹੈ, ਉਹ ਸਾਨੂੰ ਪੰਜਾਬ ਵੱਸਦਿਆਂ ਨੂੰ ਵੀ ਨਹੀਂ ਹੈ।। ਕਾਰਨ ਇਹੀ ਹੈ ਕਿ ਚੰਨ ਦੀ ਹਾਲਤ ਵੀ ਉਸ ਲੋਕ-ਬੋਲੀ ਵਰਗੀ ਹੈ, ਜਿਸ ‘ਚ ਮੁਟਿਆਰ ਆਖਦੀ ਹੈ:
ਵੱਜੇ ‘ਵਾਜ ਬਨੇਰੇ ਤੇ।
ਬੁੱਤ ਸਾਡਾ ਏਥੇ ਨੀ ਪਿਆ,
ਰੂਹ ਸੱਜਣਾਂ ਦੇ ਡੇਰੇ ‘ਤੇ।
ਚੰਨ ਦੀ ਰੂਹ ਵੀ ਸੱਜਣਾਂ ਦੇ ਡੇਰੇ ‘ਤੇ ਹੀ ਰਹਿੰਦੀ ਹੈ,।ਤਨ ਜ਼ਰੂਰ ਵਲਾਇਤ ‘ਚ ਕਿਰਤ ਕਰਦਾ ਹੈ।। ਹਿੰਦ-ਪਾਕ ਰਿਸ਼ਤਿਆਂ ਦੀ ਕੁੱੜਤਣ ਨੂੰ ਮਿਠਾਸ ਵਿੱਚ ਤਬਦੀਲ ਕਰਨ ਦਾ ਜਿੰਨਾ ਖ਼ੂਬਸੂਰਤ ਉਪਰਾਲਾ ਚੰਨ ਨੇ ਕੀਤਾ ਹੈ, ਉਹ ਦੋਹਾਂ ਦੇਸ਼ਾਂ ਦੀਆਂ ਹਕੂਮਤਾਂ ਵੀ ਮਿਲ ਕੇ ਨਹੀਂ ਕਰ ਸਕਦੀਆਂ।
ਵਾਘੇ ਦੀਏ ਸਰਹੱਦੇ
ਨੀ ਤੈਨੂੰ ਤੱਤੀ ਵਾਅ ਨਾ ਲੱਗੇ
ਤੇਰੇ ਦੋਹੀਂ ਪਾਸੀਂ ਵੱਸਦੇ ਅੜੀਏ,
ਪੁੱਤ ਪੰਜਾਬ ਦੇ।
ਇਸ ਗੀਤ ਨੂੰ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਨੇ ਵੀ ਗਾਇਆ ਹੈ ਅਤੇ ਗੋਲਡਨ ਸਟਾਰ ਮਲਕੀਤ ਸਿੰਘ ਨੇ ਵੀ।ਇਹ ਗੀਤਕਾਰ ਦੀ ਖ਼ੁਸ਼ਕਿਸਮਤੀ ਹੀ ਕਹੀ ਜਾ ਸਕਦੀ ਹੈ।।
ਨਵੇਂ ਗੀਤ ਸੰਗ੍ਰਹਿ ਵਿੱਚ ਚੰਨ ਜੰਡਿਆਲਵੀ ਨੇ ਮੁਹੱਬਤ, ਅੰਤਰਰਾਸ਼ਟਰੀ ਪੰਜਾਬੀ ਭਾਈਚਾਰਾ, ਮਾਂ ਬੋਲੀ ਅਤੇ ਪਹਿਰਾਵਾ ਕੇਂਦਰ ਵਿੱਚ ਰੱਖਿਆ ਹੈ।। ਇਸ ਕਵੀ ਦੀ ਸਿਫ਼ਤ ਇਹੀ ਹੈ ਕਿ ਇਹ ਮੂਲ ਧੁਰੇ ਤੋਂ ਨਹੀਂ ਥਿੜਕਦਾ ਸਗੋਂ ਧੁਰੇ ਦੁਆਲੇ ਸ਼ਬਦ ਬੁਣਤੀ ਕਰਦਾ ਹੈ।। ਵੁਲਵਰਹੈਂਪਟਨ (ਯੂ.ਕੇ.) ‘ਚ ਵੱਸਦਾ ਚੰਨ ਜੰਡਿਆਲਵੀ ਇਸ ਕਥਨ ਦਾ ਪ੍ਰਮਾਣਿਕ ਹਸਤਾਖ਼ਰ ਹੈ ਕਿ ਮਾਂ-ਬੋਲੀ ਦਾ ਖ਼ਜ਼ਾਨਾ ਹੋਰ ਭਰੇ।-
ਹਰਜਿੰਦਰ ਕੰਗ ਵੀ ਉਸ ਵਾਂਗ ਪਰਦੇਸੀ ਪੁੱਤਰ ਹੈ, ਪਰ ਗੀਤਕਾਰੀ ‘ਚ ਪੂਰਾ ਦੇਸੀ।।ਉਸ ਦਾ ਉਦੇਸ਼ ਵੀ ਵੱਡੇ ਵੀਰ ਚੰਨ ਨਾਲ ਮੇਲ ਖਾਂਦਾ ਹੈ—। ਹਰਜਿੰਦਰ ਆਖਦਾ ਹੈ:
ਆਪਣੀ ਜ਼ੁਬਾਨ ਉੱਤੇ ਮਾਣ ਹੋਣਾ ਚਾਹੀਦਾ,
ਬੋਲੇ ਜਦੋਂ ਬੰਦਾ ਤਾਂ ਪਛਾਣ ਹੋਣਾ ਚਾਹੀਦਾ।
ਮੇਰਾ ਆਪਣਾ ਵਿਸ਼ਵਾਸ ਹੈ ਕਿ ਮਨੁੱਖ ਦੀਆਂ ਤਿੰਨ ਮਾਵਾਂ-ਮਾਂ ਬੋਲੀ, ਮਾਂ ਧਰਤੀ ਅਤੇ ਜਣਨੀ ਮਾਂ ਕਦੇ ਵੀ ਕਿਤੇ  ਵੀ ਖ਼ਤਰੇ ਅਧੀਨ ਨਹੀਂ ਹੋਣੀਆਂ ਚਾਹੀਦੀਆਂ, ਪਰ ਅਫ਼ਸੋਸਨਾਕ ਪਹਿਲੂ ਇਹ ਹੈ ਕਿ ਸਾਡੀਆਂ ਤਿੰਨੇ ਮਾਵਾਂ ਹੀ ਖ਼ਤਰੇ ਹੇਠ ਹਨ।।ਮਾਂ-ਧਰਤੀ ਵੀ ਜ਼ਹਿਰੀਲੇ ਤੱਤਾਂ ਨਾਲ ਪੀੜਤ  ਹੈ,। ਮਾਂ-ਜਣਨੀ ਦੀ ਕੁੱਖ ਦੀ ਤਲਾਸ਼ੀ ਅਸੀਂ ਲੈ ਰਹੇ ਹਾਂ।।ਪੁੱਤਰ-ਪੁੱਤਰ ਛਾਂਟਣ ‘ਚ ਪੰਜਾਬ ਮੋਹਰੀ ਹੈ, ਧੀਆਂ-ਧੀਆਂ ਕੂੜੇਦਾਨ ‘ਚ ਪਾ ਰਹੇ ਹਾਂ,। ਮਾਂ-ਬੋਲੀ ਵੱਲ ਪਰਿਵਾਰ, ਸਰਕਾਰ ਤੇ ਵਪਾਰ ਦੀ ਪਿੱਠ ਸਾਫ਼ ਦਿਸਦੀ ਹੈ।। ਇਸ ਸਥਿਤੀ ਵਿੱਚ ਚੰਨ ਜੰਡਿਆਲਵੀ ਵਰਗੇ ਰਸੀਲੇ ਗੀਤਕਾਰਾਂ ਦੇ ਗੀਤ ਸੰਦਲੀ ਪੌਣ ਬਣ ਕੇ ਸਾਡਾ ਮਨ ਮੰਦਰ ਮਹਿਕਾਉਂਦੇ ਹਨ—।
ਉਸ ਦੇ ਗੀਤਾਂ ‘ਚ ਭੈਣਾਂ ਆਪਣੇ ਕਿਹੋ ਜਿਹੇ ਵੀਰਾਂ ‘ਤੇ ਮਾਣ ਕਰਦੀਆਂ ਨੇ ਜ਼ਰਾ ਨਮੂਨਾ ਵੇਖੋ:
ਸੋਹਣਾ ਗੱਭਰੂ ਸ਼ਰਬਤੀ ਅੱਖੀਆਂ
ਪੱਗ ਪੋਚਵੀਂ ਤੇ ਦਾੜ੍ਹੀ ਮੁੱਛਾਂ ਰੱਖੀਆਂ
ਨੀ ਉਹ ਮੇਰਾ ਵੀਰ ਕੁੜੀਓ।
ਹੈਗਾ ਸਿੱਖ ਪਰ ਅੰਧ-ਵਿਸ਼ਵਾਸੀ ਨਹੀਂ।
ਧਾਗੇ ਟੂਣੇ ਮੰਤਰਾਂ ਲਈ ਮੁਤਲਾਸ਼ੀ ਨਹੀਂ।
ਢੌਂਗੀ ਬਾਬਿਆਂ ਨੂੰ ਝੱਲਦਾ ਨਹੀਂ ਪੱਖੀਆਂ
ਨੀ ਉਹ ਮੇਰਾ ਵੀਰ ਕੁੜੀਓ।
ਪੰਜਾਬੀ ਗਲਵੱਕੜੀ ਨੂੰ ਗੀਤ ‘ਚ ਢਾਲਣ ਵਾਲਾ ਚੰਨ ਜੰਡਿਆਲਵੀ ਨਿੱਕੇ-ਨਿੱਕੇ ਕੋਮਲ ਅਹਿਸਾਸਾਂ ਦੀ ਮਾਲਾ ਪਰੋਂਦਾ ਹੈ।।ਖਿੱਲਰੇ ਮੋਤੀ ਜਦ ਉਸ ਦੀ ਸ਼ਬਦ ਮਾਲਾ ‘ਚ ਪੁਰੱਚ ਜਾਂਦੇ ਹਨ ਤਾਂ ਦਿਲਕਸ਼ ਹਾਰ ਬਣ ਜਾਂਦਾ ਹੈ।। ਇਸ ਕੋਮਲ ਜਜ਼ਬੇ ਨੂੰ ਗੀਤ ਵਿੱਚ ਪਹਿਲੀ ਵਾਰ ਪੜ੍ਹ ਰਿਹਾ ਹਾਂ:
ਸ਼ੁਕਰ ਓ ਰੱਬਾ ਮੇਰਿਆ, ਦਿੱਤਾ ਯਾਰ ਨੂੰ ਯਾਰ ਮਿਲਾ।
ਓ ਯਾਰਾ ਛੱਡ ਹੈਲੋ ਸ਼ੈਲੋ, ਆਨੇ ਵਾਲੀ ਥਾਂ ‘ਤੇ ਆ।
ਪੰਜਾਬਣ ਦਾ ਦੁੱਧ ਪੀਤਾ ਓ, ਪੰਜਾਬੀ ਜੱਫੀ ਪਾ।
ਤੇਰੇ ਹੱਥਾਂ ਵਿੱਚ ਸਭ ਬਰਕਤਾਂ, ਤੇਰੇ ਬੋਲਾਂ ਵਿੱਚ ਮਿਠਾਸ।
ਤੈਨੂੰ ਮਾਣ ਪੰਜਾਬੀ ਹੋਣ ਦਾ, ਬੇਬੇ ਬਾਪੂ ਦੀ ਤੂੰ ਆਸ।
ਪੌਂਡਾਂ ਦਿਆਂ ਪਲੇਚਿਆਂ ਵਿੱਚ ਨਾ, ਪਿੱਛਾ ਭੁੱਲਦਾ ਜਾਹ।
ਮੇਰਾ ਸੁਭਾਗ ਹੈ ਕਿ ਇਸ ਗੀਤ ਸੰਗ੍ਰਹਿ ਦੇ ਬਹਾਨੇ ਚੰਨ ਜੰਡਿਆਲਵੀ ਦੇ ਗੀਤਾਂ ਬਾਰੇ ਮੈਂ ਵੀ ਕੁਝ ਕਹਿ
ਸਕਿਆ ਹਾਂ।

ਗੁਰਭਜਨ ਗਿੱਲ