ਨਿਵੇਕਲੀ ਗੀਤਕਾਰੀ ਦਾ ਪ੍ਰਤੀਕ ਸੀ ਸਾਹਿਰ ਲੁਧਿਆਣਵੀ

ਸਾਹਿਰ ਅਸਲ ਵਿੱਚ ਇਸ਼ਕ-ਮੁਸ਼ਕ ਦਾ ਸ਼ਾਇਰ ਨਹੀਂ ਸੀ, ਉਹ ਤਾਂ ਦੱਬਿਆਂ, ਲੁੱਟਿਆਂ ਤੇ ਲਤਾੜਿਆਂ ਦਾ ਸ਼ਾਇਰ ਸੀ। ਉਹ ਕਰਜ਼ੇ ਹੇਠ ਦੱਬੇ ਕਿਸਾਨ, ਯੁੱਧ ਲੜਨ ਲਈ ਮਜਬੂਰ ਕੀਤੇ ਗਏ ਸੈਨਿਕ, ਤਨ ਵੇਚਣ ਲਈ ਮਜਬੂਰ ਔਰਤ, ਬੇਕਾਰੀ ਦੇ ਭੰਨੇ ਨੌਜਵਾਨਾਂ ਅਤੇ ਫੁੱਟਪਾਥ ’ਤੇ ਜ਼ਿੰਦਗੀ ਬਸਰ ਕਰਦੇ ਤੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੇ ਰੂਬਰੂ ਇਨਸਾਨਾਂ ਦਾ ਸ਼ਾਇਰ ਸੀ। ਉਰਦੂ ਦੇ ਮਸ਼ਹੂਰ ਸ਼ਾਇਰ ਫ਼ੈਜ਼ ਦੀ ਤਰ੍ਹਾਂ ਸਾਹਿਰ ਨੇ ਵੀ ਉਰਦੂ ਸ਼ਾਇਰੀ ਨੂੰ ਇੱਕ ਖ਼ਾਸ ਕਿਸਮ ਦੇ ਉੱਚੇ ਦਰਜੇ ਦੀ ਸੂਝ ਦੀ ਛੋਹ ਪ੍ਰਦਾਨ ਕੀਤੀ ਸੀ। ਸਾਹਿਰ ਆਪਣੇ ਸਮਕਾਲੀ ਸ਼ਾਇਰਾਂ ਤੋਂ ਕਈ ਗੱਲਾਂ ਵਿੱਚ ਵੱਖਰਾ ਸੀ। ਉਹ ਦੂਜੇ ਸ਼ਾਇਰਾਂ ਦੀ ਤਰ੍ਹਾਂ ਖ਼ੁਦਾ, ਹੁਸਨ ਅਤੇ ਜਾਮ ਨੂੰ ਸਮਰਪਿਤ ਸ਼ਾਇਰੀ ਕਰਨ ਵਾਲਾ ਸ਼ਾਇਰ ਨਹੀਂ ਸੀ, ਸਗੋਂ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਲਫ਼ਜ਼ਾਂ ਵਿੱਚ ਗੁੰਨ ਕੇ ਲੋਕਾਈ ਦੀ ਪੀੜ ਬਿਆਨ ਕਰਨ ਵਾਲਾ ਦਿਲਦਾਰ ਸ਼ਾਇਰ ਸੀ। ਉਸ ਦੀ ਸ਼ਾਇਰੀ ਦੀ ਪਹਿਲੀ ਕਿਤਾਬ ਦਾ ਨਾਂ ਹੀ ‘ਤਲਖ਼ੀਆਂ’ ਸੀ ਜੋ 1945 ਵਿੱਚ ਛਪੀ ਸੀ।
8 ਮਾਰਚ, 1921 ਨੂੰ ਲੁਧਿਆਣਾ ਦੇ ਮੁਹੱਲਾ ਕਰੀਮਪੁਰਾ ਵਿਖੇ ਵਸਦੀ ਮਾਂ ਸਰਦਾਰ ਬੇਗ਼ਮ ਦੀ ਕੁੱਖੋਂ ਜਨਮੇ ਸਾਹਿਰ ਲੁਧਿਆਣਵੀ ਨੇ ਆਪਣੀ ਮਾਂ ਨਾਲ ਉਸ ਦੇ ਸ਼ੌਹਰ ਵੱਲੋਂ ਕੀਤੇ ਜਾਂਦੇ ਬੁਰੇ ਸਲੂਕ ਨੂੰ ਆਪਣੀ ਅੱਖੀਂ ਤੱਕਿਆ ਸੀ ਤੇ ਮਾਪਿਆਂ ਦੀ ਤਕਰਾਰ ਨੇ ਉਸਨੂੰ ਜ਼ਿੰਦਗੀ ਦੀਆਂ ਤਲਖ਼ੀਆਂ ਨਾਲ ਬਚਪਨ ਤੋਂ ਹੀ ਵਾਬਸਤਾ ਕਰ ਦਿੱਤਾ ਸੀ। ਖ਼ਾਲਸਾ ਹਾਈ ਸਕੂਲ ਲੁਧਿਆਣਾ ਤੋਂ ਵਿੱਦਿਆ ਪ੍ਰਾਪਤ ਕਰਨ ਪਿੱਛੋਂ ਸਰਕਾਰੀ ਕਾਲਜ ਲੁਧਿਆਣਾ ਵਿਖੇ ਦਾਖ਼ਲ ਹੋਇਆ ਸਾਹਿਰ ਆਪਣੀਆਂ ਦਿਲਕਸ਼ ਗ਼ਜ਼ਲਾਂ, ਨਜ਼ਮਾਂ ਅਤੇ ਤਕਰੀਰਾਂ ਕਰਕੇ ਖ਼ਾਸਾ ਮਕਬੂਲ ਹੋ ਗਿਆ ਸੀ। 1947 ਦੀ ਮੁਲਕ ਵੰਡ ਉਸ ਨੂੰ ਪਾਕਿਸਤਾਨ ਲੈ ਗਈ ਤੇ ਉਹ ਲਾਹੌਰ ਜਾ ਵਸਿਆ। ਲਾਹੌਰ ਵਿਖੇ ਆਪਣੀ ਉਰਦੂ ਸ਼ਾਇਰੀ ਦੀ ਪਹਿਲੀ ਕਿਤਾਬ ‘ਤਲਖ਼ੀਆਂ’ ਛਪਵਾਉਣ ਤੋਂ ਬਾਅਦ ਉਹ ਸੰਪਾਦਕੀ ਵੱਲ ਆ ਗਿਆ ਤੇ ਆਉਣ ਵਾਲੇ ਸਾਲਾਂ ਵਿੱਚ ਉਸਨੇ ‘ਅਦਬ-ਏ-ਲਤੀਫ਼’, ‘ਸ਼ਾਹਕਾਰ’, ‘ਸਵੇਰਾ’ ਆਦਿ ਸਮੇਤ ਕੁਝ ਹੋਰ ਰਸਾਲਿਆਂ ਦਾ ਸੰਪਾਦਨ ਕਾਰਜ ਕੀਤਾ। ਉਹ ‘ਪ੍ਰੀਤਲੜੀ’ ਨਾਲ ਵੀ ਜੁੜਿਆ ਸੀ।
1949 ਵਿੱਚ ਉਹ ਲਾਹੌਰ ਤੋਂ ਭੱਜ ਕੇ ਦਿੱਲੀ ਆ ਗਿਆ ਸੀ। ਪਾਕਿਸਤਾਨ ਵਿੱਚ ਉਸਨੇ ਕਮਿਊਨਿਜ਼ਮ ਨੂੰ ਉਭਾਰਦੇ ਕੁਝ ਬਿਆਨ ਦੇ ਦਿੱਤੇ ਸਨ ਜੋ ਪਾਕਿਸਤਾਨੀ ਹਾਕਮਾਂ ਨੂੰ ਨਾਗਵਾਰ ਗੁਜ਼ਰੇ ਸਨ ਤੇ ਉਨ੍ਹਾਂ ਨੇ ਉਸ ਦੇ ਵਾਰੰਟ ਜਾਰੀ ਕਰ ਦਿੱਤੇ ਸਨ। ਸਾਹਿਰ ਕਿਉਂਕਿ ਇਸਲਾਮਿਕ ਪਾਕਿਸਤਾਨ ਦੀ ਥਾਂ ਧਰਮ-ਨਿਰਪੱਖ ਹਿੰਦੋਸਤਾਨ ਦਾ ਹਾਮੀ ਸੀ, ਇਸ ਲਈ ਉਹ ਭਾਰਤ ਆ ਗਿਆ ਤੇ ਦੋ ਮਹੀਨਿਆਂ ਤਕ ਦਿੱਲੀ ਵਿੱਚ ਕਿਆਮ ਕਰਨ ਤੋਂ ਬਾਅਦ ਮੁੰਬਈ ਚਲਾ ਗਿਆ। ਉਹ ਨਾਮਵਰ ਸਾਹਿਤਕਾਰਾਂ ਗੁਲਜ਼ਾਰ ਅਤੇ ਕ੍ਰਿਸ਼ਨ ਚੰਦਰ ਦਾ ਗੁਆਂਢੀ ਜਾ ਬਣਿਆ।
ਸ਼ਾਇਰੀ ਪੱਖੋਂ ਰੱਜਿਆ ਸਾਹਿਰ ਮੁਹੱਬਤ ਪੱਖੋਂ ਪਿਆਸਾ ਹੀ ਰਿਹਾ ਸੀ। ਅੰਮ੍ਰਿਤਾ ਪ੍ਰੀਤਮ ਨਾਲ ਉਸ ਦੀ ਪ੍ਰੀਤ ਦੇ ਕਿੱਸੇ ਮਸ਼ਹੂਰ ਹੋਏ, ਪਰ ਅੰਮ੍ਰਿਤਾ ਉਸਦੀ ਜ਼ਿੰਦਗੀ ਦੀ ਹਮਸਫ਼ਰ ਨਾ ਬਣ ਸਕੀ। ਲਤਾ ਮੰਗੇਸ਼ਕਰ ਨਾਲ ਕਿਸੇ ਗੱਲੋਂ ਤਕਰਾਰ ਹੋ ਜਾਣ ’ਤੇ ਸਾਹਿਰ ਨੇ ਗਾਇਕਾ ਤੇ ਅਦਾਕਾਰਾ ਸੁਧਾ ਮਲਹੋਤਰਾ ਨੂੰ ਉਭਾਰਨਾ ਸ਼ੁਰੂ ਕਰ ਦਿੱਤਾ ਤੇ ਇਸ ਦੌਰਾਨ ਹੀ ਸੁਧਾ ਮਲਹੋਤਰਾ ਨਾਲ ਉਸ ਦੀ ਮੁਹੱਬਤ ਦੀ ਗੱਲ ਉੱਡੀ ਤਾਂ ਜ਼ਰੂਰ, ਪਰ ਕਿਸੇ ਤਣ-ਪੱਤਣ ਨਾ ਲੱਗ ਸਕੀ ਤੇ ਅਖ਼ੀਰ ਉਹ ਇਕੱਲਾ ਹੀ ਰਹਿ ਗਿਆ ਤੇ ਕੁਆਰਾ ਹੀ ਇਸ ਫ਼ਾਨੀ ਜਹਾਨ ਤੋਂ ਰੁਖ਼ਸਤ ਹੋ ਗਿਆ। 1970 ਵਿੱਚ ਉਸ ਨੇ ‘ਪਰਛਾਈਆਂ’ ਨਾਂ ਹੇਠ ਛਪੀ ਆਪਣੀ ਕਿਤਾਬ ਦੇ ਨਾਂ ਨੂੰ ਵਰਤ ਕੇ ਇੱਕ ਬੰਗਲਾ ਬਣਵਾਇਆ ਤੇ ਆਖ਼ਰੀ ਸਾਹ ਤਕ ਉਸ ਬੰਗਲੇ ਵਿੱਚ ਵਸਦਾ ਰਿਹਾ। ਅਖ਼ੀਰ ਆਪਣੇ ਦੋਸਤ ਜਾਵੇਦ ਅਖ਼ਤਰ ਦੀ ਹਾਜ਼ਰੀ ਵਿੱਚ 25 ਅਕਤੂਬਰ, 1980 ਨੂੰ ਉਹ ਦਿਲ ਦਾ ਦੌਰਾ ਪੈਣ ਕਰਕੇ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਿਆ।
ਬਤੌਰ ਫ਼ਿਲਮੀ ਗੀਤਕਾਰ ਸਾਹਿਰ ਲੁਧਿਆਣਵੀ ਦਾ ਬੌਲੀਵੁੱਡ ਵਿੱਚ ਇੱਕ ਵੱਖਰਾ ਮੁਕਾਮ ਸੀ। ਉਸ ਨੇ ਸੈਂਕੜੇ ਹਿੱਟ ਗੀਤ ਰਚ ਕੇ ਸਰੋਤਿਆਂ ਦੇ ਦਿਲਾਂ ਵਿੱਚ ਥਾਂ ਬਣਾ ਲਈ ਸੀ ਤੇ ਕਈ ਸਾਰੇ ਇਨਾਮ ਤੇ ਸਨਮਾਨ ਹਾਸਿਲ ਕਰਨ ਵਿੱਚ ਕਾਮਯਾਬ ਰਿਹਾ ਸੀ। ਉਸ ਦੇ ਦੋਸਤ ਦੱਸਦੇ ਹਨ ਕਿ ਉਹ ਹੱਦ ਦਰਜੇ ਦਾ ਜ਼ਿੱਦੀ ਵੀ ਸੀ। ਲਤਾ ਮੰਗੇਸ਼ਕਰ ਨਾਲ ਉਸ ਦੀ ਇਸ ਕਦਰ ਲੱਗਦੀ ਸੀ ਕਿ ਉਹ ਜ਼ਿੱਦ ਨਾਲ ਲਤਾ ਵੱਲੋਂ ਬਤੌਰ ਗਾਇਕਾ ਲਏ ਜਾਂਦੇ ਮਿਹਨਤਾਨੇ ਤੋਂ ਆਪਣੀ ਫੀਸ ਹਮੇਸ਼ਾਂ ਹੀ ਇੱਕ ਰੁਪਿਆ ਵੱਧ ਵਸੂਲ ਕਰਦਾ ਸੀ। ਫ਼ਿਲਮ ‘ਤਾਜ ਮਹਿਲ’ ਦੇ ਗੀਤ ‘ਜੋ ਵਾਅਦਾ ਕੀਆ ਵੋ ਨਿਭਾਨਾ ਪੜੇਗਾ’ ਲਈ 1964 ਵਿੱਚ ਅਤੇ ਫ਼ਿਲਮ ‘ਕਭੀ-ਕਭੀ’ ਦੇ ਗੀਤ ‘ਕਭੀ ਕਭੀ ਮੇਰੇ ਦਿਲ ਮੇਂ ਖ਼ਿਆਲ ਆਤਾ ਹੈ’ ਲਈ 1977 ਵਿੱਚ ਸਾਹਿਰ ਨੂੰ ਸਰਵੋਤਮ ਗੀਤਕਾਰ ਵਜੋਂ ਫ਼ਿਲਮਫੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਂਜ ਇਸ ਤੋਂ ਪਹਿਲਾਂ 1958 ਵਿੱਚ ਉਸਨੂੰ ਫ਼ਿਲਮ ‘ਸਾਧਨਾ’ ਦੇ ਗੀਤ ‘ਔਰਤ ਨੇ ਜਨਮ ਦੀਆ ਮਰਦੋਂ ਕੋ’ ਲਈ ਸਰਵੋਤਮ ਗੀਤਕਾਰ ਦੇ ਫ਼ਿਲਮਫੇਅਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।
ਸਾਹਿਰ ਨੇ ਬਤੌਰ ਗੀਤਕਾਰ ਆਪਣੀ ਪਹਿਲੀ ਹੀ ਫ਼ਿਲਮ ‘ਆਜ਼ਾਦੀ ਕੀ ਰਾਹ ਪਰ’ ਲਈ 1949 ਵਿੱਚ ਚਾਰ ਗੀਤ ਰਚੇ ਸਨ। ਇਹ ਫ਼ਿਲਮ ਕੁਝ ਖ਼ਾਸ ਨਾ ਚੱਲੀ ਤੇ ਇਸ ਵਿਚਲੇ ਗੀਤ ਲੋਕਾਂ ਦੀ ਜ਼ੁਬਾਨ ’ਤੇ ਨਾ ਚੜ੍ਹ ਸਕੇ। 1951 ਵਿੱਚ ਸੰਗੀਤਕਾਰ ਐੱਸ.ਡੀ.ਬਰਮਨ ਵੱਲੋਂ ਸੰਗੀਤਬੱਧ ਕੀਤੇ ਤੇ ਫ਼ਿਲਮ ‘ਨੌਜਵਾਨ’ ਲਈ ਉਸ ਦੇ ਲਿਖੇ ਗੀਤ ਖ਼ਾਸੇ ਮਕਬੂਲ ਹੋਏ ਤੇ ਉਸ ਨੂੰ ਬੌਲੀਵੁੱਡ ਵਿੱਚ ਲੋਕ ਜਾਣਨ ਲੱਗ ਪਏ। ਇਸੇ ਹੀ ਸਾਲ ਅਦਾਕਾਰ ਤੇ ਨਿਰਦੇਸ਼ਕ ਗੁਰੂਦੱਤ ਦੀ ਫ਼ਿਲਮ ‘ਬਾਜ਼ੀ’ ਲਈ ਸਾਹਿਰ ਦੇ ਰਚੇ ਗੀਤਾਂ ਨੇ ਬਾਜ਼ੀ ਮਾਰ ਲਈ ਸੀ। ਫ਼ਿਲਮ ‘ਪਿਆਸਾ’ ਲਈ ਸਾਹਿਰ ਦੇ ਰਚੇ ਗੀਤਾਂ ਨੇ ਧੁੰਮਾਂ ਪਾ ਦਿੱਤੀਆਂ ਸਨ।
ਆਪਣੇ ਸਮੁੱਚੇ ਕਰੀਅਰ ਦੌਰਾਨ ਸਾਹਿਰ ਨੇ ਜਿਹੜੇ ਅਨੇਕਾਂ ਹੀ ਯਾਦਗਾਰੀ ਨਗ਼ਮੇ ਰਚੇ ਸਨ ਉਨ੍ਹਾਂ ਵਿੱਚੋਂ ਕੁਝ ਹਨ: ‘ਜਾਨੇ ਕਿਆ ਤੂਨੇ ਕਹੀ’, ‘ਜਾਨੇ ਵੋ ਕੈਸੇ ਲੋਗ ਥੇ ਜਿਨ ਕੇ ਪਿਆਰ ਕੋ ਪਿਆਰ ਮਿਲਾ’, ‘ਯੇ ਦੁਨੀਆਂ ਅਗਰ ਮਿਲ ਭੀ ਜਾਏ ਤੋ ਕਿਆ ਹੈ’ (ਪਿਆਸਾ) ,‘ਤੂ ਹਿੰਦੂ ਬਨੇਗਾ ਨਾ ਮੁਸਲਮਾਲ ਬਨੇਗਾ’ (ਧੂਲ ਕਾ ਫੂਲ) ,‘ਅੱਲ੍ਹਾ ਤੇਰੋ ਨਾਮ ਈਸ਼ਵਰ ਤੇਰੋ ਨਾਮ’ (ਹਮ ਦੋਨੋਂ), ‘ਯੇ ਇਸ਼ਕ ਇਸ਼ਕ ਹੈ’ (ਬਰਸਾਤ ਕੀ ਰਾਤ), ‘ਤੁਮ ਅਗਰ ਸਾਥ ਦੇਨੇ ਕਾ ਵਾਅਦਾ ਕਰੋ’ (ਹਮਰਾਜ਼), ‘ਮਨ ਰੇ ਤੂ ਕਾਹੇ ਨਾ ਧੀਰ ਧਰੇ’ (ਚਿੱਤਰਲੇਖਾ), ‘ਤੋਰਾ ਮਨ ਦਰਪਣ ਕਹਿਲਾਏ’ (ਕਾਜਲ), ‘ਸਾਥੀ ਹਾਥ ਬੜ੍ਹਾਨਾ’ (ਨਯਾ ਦੌਰ), ‘ਐ ਮੇਰੀ ਜ਼ੋਹਰਾ ਜ਼ਬੀਂ’ (ਵਕਤ), ‘ਮੈਂ ਪਲ ਦੋ ਪਲ ਕਾ ਸ਼ਾਇਰ ਹੂੰ’ (ਕਭੀ ਕਭੀ), ‘ਪਾਂਓ ਛੂ ਲੇਨੇ ਦੋ ਫੂਲੋਂ ਕੋ ਇਨਾਇਤ ਹੋਗੀ’ (ਤਾਜ ਮਹਿਲ), ‘ਯੇ ਰਾਤ ਯੇ ਚਾਂਦਨੀ ਫਿਰ ਕਹਾਂ’ (ਜਾਲ), ‘ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਿਆ’, ‘ਅਭੀ ਨਾ ਜਾਓ ਛੋੜਕਰ ਕਿ ਦਿਲ ਅਭੀ ਭਰਾ ਨਹੀਂ’,‘ਕਭੀ ਖ਼ੁਦ ਪੇ ਕਭੀ ਹਾਲਾਤ ਪੇ ਰੋਨਾ ਆਇਆ’ (ਹਮ ਦੋਨੋਂ), ‘ਨੀਲੇ ਗਗਨ ਕੇ ਤਲੇ’ (ਹਮਰਾਜ਼), ‘ਚਲੋ ਇੱਕ ਬਾਰ ਫਿਰ ਸੇ ਅਜਨਬੀ ਬਨ ਜਾਏ ਹਮ ਦੋਨੋਂ’ (ਗੁੰਮਰਾਹ)।
ਬਾਜ਼ੀ (1951), ਪਿਆਸਾ (1957), ਨਯਾ ਦੌਰ (1957), ਫਿਰ ਸੁਬ੍ਹਾ ਹੋਗੀ (1958), ਧੂਲ ਕਾ ਫੂਲ (1959), ਹਮ ਦੋਨੋਂ (1961), ਮੁਝੇ ਜੀਨੇ ਦੋ (1963), ਤਾਜ ਮਹਿਲ (1963), ਸ਼ਗੁਨ (1964), ਚਿੱਤਰਲੇਖਾ (1964), ਨੀਲਕਮਲ (1968), ਦਾਗ਼ (1973), ਲੈਲਾ ਮਜਨੂੰ (1976) ਅਤੇ ਤ੍ਰਿਸ਼ੂਲ (1978) ਆਦਿ ਜਿਹੀਆਂ ਅਨੇਕਾਂ ਸੁਪਰਹਿੱਟ ਫ਼ਿਲਮਾਂ ਲਈ ਯਾਦਗਾਰੀ ਗੀਤ ਰਚਣ ਵਾਲਾ ਸਾਹਿਰ ਲੁਧਿਆਣਵੀ ਸਚਮੁੱਚ ਹੀ ਇੱਕ ਲਾਮਿਸਾਲ ਤੇ ਲਾਜਵਾਬ ਸ਼ਾਇਰ ਸੀ।