ਨਾਜ਼ੀਆਂ ਦੇ ਜ਼ੁਲਮਾਂ ਮੂਹਰੇ ਈਨ ਨਾ ਮੰਨਣ ਵਾਲੀ ਨੂਰ

ਨੂਰ-ਉਨ-ਨਿਸਾ ਇਨਾਇਤ ਖ਼ਾਨ

Balwinder Singh Bhullar-BATHINDA

ਭਾਰਤੀ ਲੋਕ ਸ਼ਾਂਤੀ, ਏਕਤਾ ਤੇ ਭਾਈਚਾਰਕ ਸਾਂਝ ਦੇ ਮੁੱਦਈ ਹਨ। ਉਹ ਨਾ ਕਿਸੇ ‘ਤੇ ਜ਼ੁਲਮ ਕਰਦੇ ਹਨ ਅਤੇ ਨਾ ਹੀ ਕਿਸੇ ਵੱਲੋਂ ਕੀਤਾ ਜ਼ੁਲਮ ਬਰਦਾਸ਼ਤ ਕਰਦੇ ਹਨ। ਇਹ ਗੁਣ ਉਨ੍ਹਾਂ ਨੂੰ ਪੀੜ੍ਹੀ-ਦਰ-ਪੀੜ੍ਹੀ ਮਿਲਦਾ ਰਿਹਾ ਹੈ। ਇਸੇ ਗੁਣ ਸਦਕਾ ਭਾਰਤੀ ਮੂਲ ਦੀ ਸ਼ਾਂਤ ਸੁਭਾਅ ਵਾਲੀ, ਸ਼ਰਮੀਲੀ ਅਤੇ ਸੰਵੇਦਨਸ਼ੀਲ ਮੁਟਿਆਰ ਨੂਰ ਇਨਾਇਤ ਖ਼ਾਨ ਨੇ ਜਰਮਨ ਦੇ ਨਾਜ਼ੀਆਂ ਵੱਲੋਂ ਫਰਾਂਸ ‘ਤੇ ਹਮਲਾ ਕਰਕੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਮਹਿਸੂਸ ਕਰਦਿਆਂ ਨਾਜ਼ੀਆਂ ਖ਼ਿਲਾਫ਼ ਲੜਾਈ ਵਿੱਚ ਆਪਣਾ ਜੀਵਨ ਕੁਰਬਾਨ ਕਰ ਦਿੱਤਾ।
ਇਸ ਮਹਾਨ ਤੇ ਦਲੇਰ ਔਰਤ ਨੂਰ-ਉਨ-ਨਿਸਾ ਇਨਾਇਤ ਖ਼ਾਨ ਦਾ ਪਿਤਾ ਹਜ਼ਰਤ ਇਨਾਇਤ ਭਾਰਤੀ ਮੁਸਲਮਾਨ ਸੀ ਜੋ ਅਠਾਰ੍ਹਵੀਂ ਸਦੀ ਦੇ ਮੈਸੂਰ ਸ਼ਾਸਕ ਟੀਪੂ ਸੁਲਤਾਨ ਦਾ ਪੜਪੋਤਰਾ ਸੀ। ਉਹ ਭਾਰਤ ਛੱਡ ਕੇ ਪਹਿਲਾਂ ਲੰਡਨ ਅਤੇ ਫਿਰ ਫਰਾਂਸ ਦੇ ਸ਼ਹਿਰ ਪੈਰਿਸ ਜਾ ਕੇ ਰਹਿਣ ਲੱਗਿਆ ਸੀ। ਇੱਥੇ ਉਸ ਨੇ ਇੱਕ ਅਮਰੀਕੀ ਔਰਤ, ਜਿਸ ਨੇ ਮੁਸਲਿਮ ਧਰਮ ਗ੍ਰਹਿਣ ਕਰ ਕੇ ਆਪਣਾ ਨਾਂ ਪਿਰਾਨੀ ਅਮੀਨਾ ਬੇਗ਼ਮ ਰੱਖ ਲਿਆ ਸੀ, ਨਾਲ ਨਿਕਾਹ ਕਰ ਲਿਆ। ਇਸ ਉਪਰੰਤ ਉਹ ਮਾਸਕੋ ਚਲੇ ਗਏ ਜਿੱਥੇ 1 ਜਨਵਰੀ 1914 ਨੂੰ ਨੂਰ ਨੇ ਜਨਮ ਲਿਆ। ਪਹਿਲੇ ਸੰਸਾਰ ਯੁੱਧ ਉਪਰੰਤ ਉਨ੍ਹਾਂ ਦਾ ਪਰਿਵਾਰ ਇੰਗਲੈਂਡ ਦੇ ਸ਼ਹਿਰ ਲੰਡਨ ਆ ਵਸਿਆ। ਇੱਥੇ ਹੀ ਨੂਰ ਦਾ ਬਚਪਨ ਆਪਣੇ ਦੋ ਭਰਾਵਾਂ ਵਿਲਾਇਤ ਤੇ ਹਿਦਾਇਤ ਅਤੇ ਭੈਣ ਖੈਰ-ਉਨ-ਨਿਸਾ ਨਾਲ ਗੁਜ਼ਰਿਆ।
ਨੂਰ ਦਾ ਪਿਤਾ ਸੂਫ਼ੀ ਸੀ ਤੇ ਆਪਣੀ ਕਲਾ ਨੂੰ ਵਿਦੇਸ਼ਾਂ ਵਿੱਚ ਪ੍ਰਚਾਰਨ ਲਈ ਯਤਨਸ਼ੀਲ ਸੀ। ਇਸ ਕਾਰਨ ਨੂਰ ‘ਤੇ ਵੀ ਬਚਪਨ ‘ਚ ਹੀ ਸੂਫ਼ੀ ਕਲਾ ਦਾ ਪ੍ਰਭਾਵ ਪਿਆ। 1920 ਵਿੱਚ ਉਹ ਵਿੱਦਿਆ ਹਾਸਲ ਕਰਨ ਲਈ ਫਰਾਂਸ ਚਲੀ ਗਈ ਅਤੇ ਉਸ ਦੇ ਪਰਿਵਾਰ ਨੇ ਵੀ ਪੈਰਿਸ ਨੇੜੇ ਸਰੇਸਨੇਸ ਵਿੱਚ ਰਿਹਾਇਸ਼ ਕਰ ਲਈ।  1927 ਵਿੱਚ ਉਸ ਦੇ ਪਿਤਾ ਦਾ ਅਚਾਨਕ ਦੇਹਾਂਤ ਹੋ ਗਿਆ। ਇਸ ਕਾਰਨ ਘਰ ਦੀਆਂ ਜ਼ਿੰਮੇਵਾਰੀਆਂ ਨੂਰ ਦੇ ਸਿਰ ਪੈ ਗਈਆਂ, ਪਰ ਇਸ ਸਮੇਂ ਤਕ ਉਹ ਸੂਫ਼ੀ ਕਲਾ ਵਿੱਚ ਪੂਰੀ ਤਰ੍ਹਾਂ  ਭਿੱਜ ਚੁੱਕੀ ਸੀ। ਇਸ ਲਈ ਸੰਗੀਤ ਵਾਦਨ ਦੀ ਸ਼ੌਕੀਨ ਨੂਰ ਨੇ ਵੀ ਆਪਣੇ ਪਿਤਾ ਦੀ ਇੱਛਾ ਮੁਤਾਬਿਕ ਆਪਣੀ ਕਲਾ ਨੂੰ ਵਿਦੇਸ਼ਾਂ ਵਿੱਚ ਵਧਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਸਨ। ਇਸ ਸਮੇਂ ਦੌਰਾਨ ਉਸ ਨੇ ਕੁਝ ਕਹਾਣੀਆਂ ਲਿਖੀਆਂ ਅਤੇ ਇੱਕ ਕਿਤਾਬ ਵੀ ਪ੍ਰਕਾਸ਼ਿਤ ਕਰਵਾਈ, ਪਰ ਘਰ ਦੇ ਗੁਜ਼ਾਰੇ ਲਈ ਉਹ ਰੇਡੀਓ ਲਈ ਵੀ ਕੰਮ ਕਰਦੀ ਰਹੀ।
ਲੰਡਨ ਦੇ ਸਮਾਰਕ ਵਿੱਚ ਸਥਾਪਤ ਨੂਰ ਦਾ ਬੁੱਤ।
ਦੂਜਾ ਸੰਸਾਰ ਯੁੱਧ ਸੁਰੂ ਹੋਇਆ ਤਾਂ ਉਹ 22 ਜੂਨ 1940 ਨੂੰ ਪਰਿਵਾਰ ਸਮੇਤ ਸਮੁੰਦਰੀ ਰਸਤੇ ਇੰਗਲੈਂਡ ਦੇ ਸ਼ਹਿਰ ਫਾਲਮਾਊਥ ਕੌਰਨਵਾਲ ਪਹੁੰਚ ਗਈ। ਇਸ ਯੁੱਧ ਸਮੇਂ ਜਰਮਨ ਦੇ ਨਾਜ਼ੀਆਂ ਨੇ ਫਰਾਂਸ ਦੇ ਲੋਕਾਂ ‘ਤੇ ਭਾਰੀ ਅੱਤਿਆਚਾਰ ਕੀਤੇ। ਇਸ ਕੋਮਲ ਹਿਰਦੇ ਵਾਲੀ ਲੜਕੀ ਤੋਂ ਇਹ ਸਭ ਬਰਦਾਸ਼ਤ ਨਾ ਹੋਇਆ ਤੇ ਉਸ ਅੰਦਰ ਉੱਠਿਆ ਗੁੱਸਾ ਵਿਦਰੋਹ ਦਾ ਰੂਪ ਅਖਤਿਆਰ ਕਰ ਗਿਆ। ਉਸ ਨੇ ਆਪਣੇ ਭਰਾ ਵਿਲਾਇਤ ਨਾਲ ਮਿਲ ਕੇ ਨਾਜ਼ੀਆਂ ਖ਼ਿਲਾਫ਼ ਲੜਨ ਦਾ ਪ੍ਰਣ ਲੈ ਲਿਆ। ਇਸ ਆਸ਼ੇ ਨਾਲ 19 ਨਵੰਬਰ 1940 ਨੂੰ ਉਹ ਹਵਾਈ ਸੈਨਾ ਵਿੱਚ ਦੂਜੇ ਦਰਜੇ ਦੇ ਏਅਰ ਕਰਾਫਟ ਅਧਿਕਾਰੀ ਵਜੋਂ ਭਰਤੀ ਹੋ ਗਈ। ਇਸ ਉਪਰੰਤ ਫਰਵਰੀ 1943 ਵਿੱਚ ਨੂਰ ਨੂੰ ਫਰਾਂਸ ਦੀ ਹਵਾਈ ਸੈਨਾ ਵਿੱਚ ਐੱਫ ਸੈਕਸ਼ਨ ਏਜੰਟ ਵਜੋਂ ਭਰਤੀ ਕਰ ਲਿਆ ਗਿਆ ਅਤੇ ਜਲਦੀ ਹੀ ਉਹ ਮੁੱਖ ਏਜੰਟ ਦੇ ਅਹੁਦੇ ‘ਤੇ ਪਹੁੰਚ ਗਈ। ਇਸ ਤੋਂ ਬਾਅਦ ਉਸ ਨੂੰ ਜਾਸੂਸ ਬਣਨ ਲਈ ਤਿਆਰ ਕੀਤਾ ਗਿਆ।17 ਜੂਨ 1943 ਨੂੰ ਉਸ ਨੂੰ ਰੇਡੀਓ ਅਪਰੇਟਰ ਬਣਾ ਕੇ ਜਾਸੂਸੀ ਦਾ ਕੰਮ ਸੌਂਪ ਦਿੱਤਾ ਗਿਆ।। ਇਸ ਕੰਮ ਲਈ ਉਸ ਦਾ ਕੋਡ ਨਾਂ ‘ਮੈਡੇਲਿਨ’ ਰੱਖਿਆ ਗਿਆ। ਉਹ ਭੇਸ ਬਦਲ ਬਦਲ ਕੇ ਸੰਦੇਸ਼ ਭੇਜਦੀ ਰਹਿੰਦੀ।।ਇਸ ਤੋਂ ਬਾਅਦ ਉਹ ਦੋ ਹੋਰ ਔਰਤਾਂ ਡਿਆਨਾ ਰਾਓਡੈਨ ਜਿਸ ਦਾ ਕੋਡ ਨਾਂ ਪਾਦਰੀ ਸੀ ਅਤੇ ਸੇਸਿਲੀ ਲਿਓਫੋਰ ਜਿਸ ਦਾ ਕੋਡ ਨਾਂ ਟੀਚਰ ਸੀ, ਨਾਲ  ਫਰਾਸਿਸ ਸੁਤਿਲ ਦੀ ਅਗਵਾਈ ਵਿੱਚ ਨਰਸ ਦੇ ਰੂਪ ਵਾਲੇ ਇੱਕ ਨੈੱਟਵਰਕ ਵਿੱਚ ਸ਼ਾਮਿਲ ਹੋ ਗਈ।।ਇਸ ਸਮੇਂ ਉਹ ਨਾਜ਼ੀਆਂ ਵਿਰੁੱਧ ਪੂਰੀ ਤਰ੍ਹਾਂ ਸਰਗਰਮ ਸੀ ਕਿ ਇੱਕ ਕੈਦੀ ਮਾਈਕਲ ਪੈਲਿਸ ਨੇ ਉਸ ਦੀ ਕਾਰਜਸ਼ੈਲੀ ਦੀ ਪਛਾਣ ਕਰ ਲਈ।। ਇਸ ਕੈਦੀ ਵੱਲੋਂ ਦੱਸਣ ‘ਤੇ ਉਸ ਦੇ ਇੱਕ ਸਾਥੀ ਦੀ ਪ੍ਰੇਮਿਕਾ ਨੇ ਈਰਖਾ ਵੱਸ ਹੋ ਕੇ ਨੂਰ ਦੀ ਦੁਸ਼ਮਣਾਂ ਕੋਲ ਮੁਖਬਰੀ ਕਰ ਦਿੱਤੀ।।
ਇਸ ਕਾਰਨ 13 ਅਕਤੂਬਰ 1943 ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।। ਇਸ ਸਮੇਂ ਤਕ ਉਹ ਏਸ਼ੀਆ ਦੀ ਪਹਿਲੀ ਮਹਿਲਾ ਜਾਸੂਸ ਸੀ।। ਉਸ ਨੇ ਦੋ ਵਾਰ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਸਫ਼ਲ ਨਾ ਹੋ ਸਕੀ।।
ਨੂਰ ਨਾਲ ਖ਼ਤਰਨਾਕ ਕੈਦੀਆਂ ਵਾਲਾ ਵਿਵਹਾਰ ਕੀਤਾ ਗਿਆ।। ਨਾਜ਼ੀ ਜਰਮਨੀ ਦੀ ਖ਼ੁਫ਼ੀਆ ਪੁਲੀਸ ‘ਗੇਸਟਾਪੋ’ ਦੇ ਇੱਕ ਸੇਵਾਮੁਕਤ ਉੱਚ ਅਧਿਕਾਰੀ ਹਾਂਸਕੀਫਰ ਦੀ ਦੇਖਰੇਖ ਹੇਠ ਉਸ ਤੋਂ ਪੁੱਛਗਿੱਛ ਕੀਤੀ ਗਈ।। ਉਸ ‘ਤੇ ਭਾਰੀ ਤਸ਼ੱਦਦ ਕੀਤਾ ਗਿਆ, ਪਰ ਉਹ ਨੂਰ ਤੋਂ ਉਸ ਦੀਆਂ ਗੁਪਤ ਗਤੀਵਿਧੀਆਂ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਨਾ ਕਰ ਸਕੇ।। 25 ਨਵੰਬਰ 1943 ਨੂੰ ਦੋ ਐੱਸਓਈ ਏਜੰਟਾਂ ਨਾਲ ਉਹ ਪੁਲੀਸ ਦੇ ਪੈਰਿਸ ਸਥਿਤ ਹੈੱਡਕੁਆਰਟਰ ਤੋਂ ਭੱਜ ਨਿਕਲੀ, ਪਰ ਥੋੜ੍ਹੀ ਦੂਰ ਤੋਂ ਹੀ ਉਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ। 27 ਨਵੰਬਰ 1943 ਨੂੰ ਉਸ ਨੂੰ ਪੈਰਿਸ ਤੋਂ ਜਰਮਨੀ ਲਿਜਾਇਆ ਗਿਆ ਤੇ ਨਵੰਬਰ 1944 ‘ਚ ਉਸ ਨੂੰ ਉੱਥੋਂ ਦੀ ਇੱਕ ਜੇਲ੍ਹ ਵਿੱਚ ਭੇਜ ਦਿੱਤਾ ਗਿਆ।। ਉਸ ਉੱਤੇ ਮਹੀਨਿਆਂ ਬੱਧੀ ਤਸ਼ੱਦਦ ਕੀਤਾ ਗਿਆ, ਪਰ ਉਸ ਨੇ ਆਪਣੇ ਮਿਸ਼ਨ ਸਬੰਧੀ ਭੋਰਾ ਵੀ ਜਾਣਕਾਰੀ ਦੁਸ਼ਮਣ ਨੂੰ ਨਾ ਦਿੱਤੀ।।ਜਰਮਨੀ ਵਿੱਚ 11 ਸਤੰਬਰ 1944 ਨੂੰ ਤਿੰਨ ਸਾਥੀਆਂ ਸਮੇਤ ਨੂਰ ਨੂੰ ਉੱਥੋਂ ਦੇ ਤਸੀਹਾ ਕੇਂਦਰ ਵਿੱਚ ਲਿਜਾਇਆ ਗਿਆ ਅਤੇ 13 ਨਵੰਬਰ 1944 ਨੂੰ ਸਵੇਰੇ ਚਾਰਾਂ ਨੂੰ ਗੋਲੀ ਮਾਰਨ ਦਾ ਹੁਕਮ ਸੁਣਾਇਆ ਗਿਆ।।ਪਹਿਲਾਂ ਨੂਰ ਨੂੰ ਛੱਡ ਕੇ ਬਾਕੀ ਤਿੰਨਾਂ ਸਾਥੀਆਂ ਦੇ ਸਿਰਾਂ ਵਿੱਚ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ।। ਫਿਰ ਉਸ ਨੂੰ ਡਰਾ ਕੇ ਕੁਝ ਪੁੱਛਣ ਦੀ ਆਖ਼ਰੀ ਕੋਸ਼ਿਸ਼ ਕੀਤੀ ਗਈ। ਜਦੋਂ ਭਾਰਤੀ ਮੂਲ ਦੀ ਇਸ ਬਹਾਦਰ ਮੁਟਿਆਰ ਨੇ ਕੁਝ ਵੀ ਨਾ ਦੱਸਿਆ ਤਾਂ ਉਸ ਦੇ ਵੀ ਸਿਰ ‘ਚ ਗੋਲੀ ਮਾਰ ਦਿੱਤੀ ਗਈ। ਉਸ ਸਮੇਂ ਉਸ ਦੀ ਉਮਰ ਸਿਰਫ਼ 30 ਸਾਲ ਸੀ।।
ਇਸ ਤਰ੍ਹਾਂ ਇਸ ਬਹਾਦਰ ਮੁਟਿਆਰ ਨੇ ਸ਼ਹੀਦੀ ਪ੍ਰਾਪਤ ਕੀਤੀ।। ਨੂਰ ਇਨਾਇਤ ਖ਼ਾਨ ਦੀ ਕੁਰਬਾਨੀ ਸਦਕਾ 1949 ‘ਚ ਬ੍ਰਿਟਿਸ਼ ਸਰਕਾਰ ਨੇ ਉਸ ਨੂੰ ਮਰਨ ਉਪਰੰਤ ਯੂਕੇ ਦੇ ਸਭ ਤੋਂ ਵੱਡੇ ਸਨਮਾਨ ਚਿੰਨ੍ਹ ‘ਜੌਰਜ ਕਰੌਸ’ ਨਾਲ ਸਨਮਾਨਿਤ ਕੀਤਾ ਅਤੇ ਉਸ ਦੇ ਨਾਂ ਦੀ ਟਿਕਟ ਵੀ ਜਾਰੀ ਕੀਤੀ।। ਫਰਾਂਸ ਸਰਕਾਰ ਨੇ ‘ਕਰੋਕਸ ਡੀ ਗੇਅਰ’ ਨਾਲ ਸਨਮਾਨਿਆ। ਲੰਡਨ ਵਿੱਚ ਉਸ ਦੀ ਯਾਦ ਵਿੱਚ ਸਮਾਰਕ ਬਣਾ ਕੇ ਤਾਂਬੇ ਦਾ ਬੁੱਤ ਸਥਾਪਿਤ ਕੀਤਾ ਗਿਆ ਜਿਸ ਦਾ ਉਦਘਾਟਨ 8 ਨਵੰਬਰ 2012 ਨੂੰ ਮਹਾਰਾਣੀ ਐਲਿਜ਼ਬੈੱਥ ਦੂਜੀ ਦੀ ਧੀ ਰਾਜਕੁਮਾਰੀ ਏਨੀ ਨੇ ਕੀਤਾ।।ਜ਼ਿਕਰਯੋਗ ਹੈ ਕਿ ਫਰਾਂਸ ਤੇ ਇੰਗਲੈਂਡ ਵਿੱਚ ਨੂਰ ਸਬੰਧੀ ਕਹਾਣੀਆਂ ਤੇ ਲਿਖਤਾਂ ਨੂੰ ਬੜੇ ਮਾਣ ਨਾਲ ਪੜ੍ਹਿਆ ਸੁਣਿਆ ਜਾਂਦਾ ਹੈ।।