ਧੌਣ’ਚ ਕਿੱਲਾ

ਅਕਲ ਦੇ ਮਗਰ ਛਿੱਤਰ ਲੈ ਕੇ ਪੈਣ ਵਾਲੇ ਨੂੰ ਜੇ ਧੌਣ ‘ਚ ਕਿੱਲੇ ਬਾਰੇ ਪੁੱਛਿਆ ਜਾਵੇ, ਉਹ ਮਜ਼ਾਕੀਏ ਲਹਿਜ਼ੇ ਵਿਚ ਸਵਾਲ ਕਰੇਗਾ, ਕੀ ਕਿਤੇ ਧੌਣ ‘ਚ ਵੀ ਕਿੱਲਾ ਹੋਇਐ । ਮੈਂ ਤਾਂ ਕਿਤੇ ਵੇਖਿਆ ਨਹੀਂ, ਪਰ ਅਨਾੜੀਆਂ, ਬੇਸਮਝਾਂ ਨੂੰ ਜਦ ਧੌਣ ‘ਚ ਕਿੱਲੇ ਬਾਰੇ ਚਾਨਣਾ ਕਰਾਇਆ ਜਾਵੇਗਾ ਫਿਰ ਮੂੰਹ ਵਿਚ ਉਂਗਲਾਂ ਪਾ ਕੇ ਕਹਿਣਗੇ, ‘ਅੱਛਾ, ਹੈਂਕੜਬਾਜ਼ਾਂ ਨੂੰ ਧੌਣ ‘ਚ ਕਿੱਲੇ ਦੀ ਉਪਾਧੀ ਦਿੱਤੀ ਜਾਂਦੀ ਹੈ ।’
ਧੌਣ ‘ਚ ਕਿੱਲਾ ਨਾਢੂ ਖਾਂ ਦੇ ਖਾਨਦਾਨ ਨਾਲ ਸਬੰਧ ਰੱਖਦਾ ਹੈ । ਇਸ ਨੂੰ ਪੁਆੜੇ ਦੀ ਜੜ੍ਹ ਵੀ ਕਿਹਾ ਜਾ ਸਕਦਾ ਹੈ । ਜਿਸ ਦੀ ਧੌਣ ‘ਚ ਕਿੱਲਾ ਨਿਵਾਸ ਕਰਦਾ ਹੈ, ਆਪ ਤੋਂ ਛੋਟੇ ਰੁਤਬੇ, ਹੈਸੀਅਤ ਵਾਲੇ ਨੂੰ ਟੁੱਕ ‘ਤੇ ਡੇਲਾ ਸਮਝਦਾ ਹੈ । ਉਸ ਨੂੰ ਇੱਜ਼ਤ ਦੀ ਦ੍ਰਿਸ਼ਟੀ ਨਾਲ ਦੇਖਣ ਵਿਚ, ਉਸ ਨਾਲ ਸਿੱਧੇ ਮੂੰਹ ਗੱਲ ਕਰਨ ਵਿਚ ਆਪਣੀ ਸ਼ਾਨ ਦੇ ਖਿਲਾਫ਼ ਸਮਝਦਾ ਹੈ । ਹੋਰਾਂ ਦੀ ਗੱਲ ਛੱਡੋ, ਆਮ ਗਲੀ-ਗੁਆਂਢ ਨਾਲ ਦਿਲ ਲਾ ਕੇ ਅੱਖਾਂ ਮਿਲਾਉਣ ਤੋਂ ਸੰਕੋਚ ਕਰਦਾ ਹੈ । ਇਨ੍ਹਾਂ ਦੇ ਸੁੱਖ-ਦੁੱਖ ਵਿਚ ਬੁੱਤਾ ਪੂਰਾ ਕਰਨ ਤੱਕ ਹੀ ਸੀਮਤ ਰਹਿੰਦਾ ਹੈ ।  ਜੋ, ਉਤਲੀ ਹਵਾ ਵਿਚ ਰਹਿੰਦਾ ਹੈ । ਬੰਦੇ ਨੂੰ ਬੰਦਾ ਨ੍ਹੀਂ ਸਮਝਦਾ ਹੈ । ਆਕੜ ਦਾ ਫੂਕਿਆ, ਇਨਸਾਨੀਅਤ ਤੋਂ ਦੂਰ, ਹੱਸਣ-ਖੇਡਣ, ਮਜ਼ਾਕ ਕਰਨ ਤੋਂ ਟਾਲਾ ਵੱਟਦਾ ਰਹਿੰਦਾ ਹੈ । ਇਸ ਤਰ੍ਹਾਂ ਦੇ ਸਿਰਫਿਰੇ ਘੁਮੰਡੀ ਵਿਚ ਸਮਝੋ ਧੌਣ ‘ਚ ਕਿੱਲਾ ਹੈ ।
ਧੌਣ ‘ਚ ਕਿੱਲੇ ਦੇ ਮਾਲਕ ਇਨਸਾਨੀ ਗੁਣਾਂ ਤੋਂ ਸੱਖਣੇ ਹੋਣ ਕਰਕੇ ਨਫ਼ਰਤ ਦੇ ਪਾਤਰ ਬਣਦੇ ਹਨ । ਆਕੜਬਾਜ਼ਾਂ ਪਾਸ ਗਰਜ਼/ਮਜਬੂਰੀਵਸ ਮਨ ਮਾਰ ਕੇ ਜਾਣਾ ਪੈਂਦਾ ਹੈ । ਇਨ੍ਹਾਂ ਦੇ ਪਰਛਾਵੇਂ ਤੋਂ ਆਮ ਤੌਰ ‘ਤੇ ਆਮ ਆਦਮੀ ਦੂਰ ਹੀ ਰਹਿੰਦਾ ਹੈ । ਸਿੱਧੇ ਮੂੰਹ ਗੱਲ ਕਰਨੀ, ਪਿਆਰ ਦੀ ਮਹਿਕ ਨਾਲ ਵਾਸਤਾ ਪਾਉਣਾ, ਅਚਾਰ-ਵਿਹਾਰ ਵਿਚ ਪ੍ਰਸ਼ੰਸਾ ਦਾ ਪਾਤਰ ਬਣਨਾ, ਹੰਕਾਰੀਆਂ ਦਾ ਕਿਰਦਾਰ ਨਹੀਂ ਹੁੰਦਾ ।
ਪੁਲਿਸ ਵਾਲਿਆਂ ਦਾ ਧੌਣ ‘ਚ ਕਿੱਲਾ ਜੱਗ ਜ਼ਾਹਰ ਹੈ । ਜੁਲਮ ਕਰਨ ਵਿਚ ਚੰਗੇਜ਼ ਖਾਂ ਤੋਂ ਵੀ ਅੱਗੇ ਛਾਲ ਮਾਰ ਜਾਂਦੇ ਹਨ । ਧੱਕੇਸ਼ਾਹੀ, ਬੇਇਨਸਾਫ਼ੀ ਦਾ ਕਹਿਰ ਕਮਾਉਣਾ, ਭੈੜੇ ਮੂੰਹੋਂ ਮਿਆਰੋਂ ਗਿਰੀ ਨੀਚ ਬੋਲਬਾਣੀ ਤੋਂ ਬਾਜ਼ ਨਾ ਆਉਣਾ, ਲਾਲਚ, ਸਿਆਸੀ ਸ਼ਹਿ ‘ਤੇ ਧੌਣ ‘ਚ ਕਿੱਲੇ ਦੀ ਦਹਿਸ਼ਤ ਫੈਲਾਉਣਾ ਹੈ । ਪੀੜਤ ਨੂੰ ਇਨਸਾਫ਼ ਦੀ ਦ੍ਰਿਸ਼ਟੀ ਨਾਲ ਵੇਖਣ ਤੋਂ ਮੁੱਖ ਮੋੜਨਾ, ਇਨ੍ਹਾਂ ਨਾਲ ਕੀਤੇ ਜ਼ੁਲਮ ਵਾਲਿਆਂ ਨੂੰ ਹੱਥ ਨਾ ਪਾਉਣਾ, ਉਲਟੀ ਗੰਗਾ ਬਹਾਉਣਾ, ਇਨ੍ਹਾਂ ਦੇ ਹੰਕਾਰ ਦਾ ਆਮ ਵਰਤਾਰਾ ਹੈ । ਖਾਕੀ ਵਰਦੀ ਦੇ ਧੌਣ ‘ਚ ਕਿੱਲਾ ਹੋਣ ਕਰਕੇ ਸਿਫਾਰਸ਼, ਮਾਇਆ ਨਾਗਣੀ ਬਿਨਾਂ ਪੀੜਤ ਨਾਲ ਅੱਖ ਮਿਲਾਉਣ ਨੂੰ ਤਿਆਰ ਨਹੀਂ ਹੁੰਦੇ । ਲੀਡਰਾਂ, ਜ਼ੋਰਾਵਰਾਂ ਅੱਗੇ ਇਨ੍ਹਾਂ ਦੀ ਧੌਣ ‘ਚ ਕਿੱਲਾ ਬੈੱਡ ‘ਤੇ ਪਏ ਮਰੀਜ਼ ਵਰਗਾ ਹੋ ਜਾਂਦਾ ਹੈ । ਧੌਣ ‘ਚ ਕਿੱਲੇ ਤੋਂ ਡਰਦੇ ਆਮ, ਗਰੀਬ, ਸ਼ਰੀਫ਼ ਖਾਕੀ ਵਰਦੀ ਦੇ ਮੱਥੇ ਲੱਗਣਾ ਨਹੀਂ ਚਾਹੁੰਦੇ ।
ਬਹੁਤੇ ਅਫ਼ਸਰ ਵੀ ਹੈਂਕੜ ਦੇ ਮਾਰੇ ਸਿੱਧੇ ਮੂੰਹ ਗੱਲ ਕਰਨ ਤੋਂ ਸੰਕੋਚ ਕਰਦੇ ਹਨ । ਇਨ੍ਹਾਂ ਦੇ ਅਧੀਨ ਮਾਮਲਾ ਵੀ ਮਜਬੂਰੀ ਵਿਚ ਮੱਥੇ ਲੱਗਦਾ ਹੈ । ਮਾੜੀ ਜਿਹੀ ਗ਼ਲਤੀ ‘ਤੇ ਆਪਣੇ ਅਧੀਨ ਮੁਲਾਜ਼ਮ ਨੂੰ ਅਫ਼ਸਰ ਸੂਈ ਕੁੱਤੀ ਵਾਂਗ ਭੱਜ ਕੇ ਪੈ ਜਾਂਦਾ ਹੈ । ਅਫ਼ਸਰੀ ਦੀ ਹੈਂਕੜੀ ਵਿਚ ਸ਼ਿਕਾਇਤ ਕਰਨ, ਆਪਣੀ ਸਮੱਸਿਆ ਦੱਸਣ, ਇਨਸਾਫ਼ ਲਈ ਆਉਣ ਵਾਲਿਆਂ ਦੀ ਤਸੱਲੀ ਕਰਾਉਣ ਦਾ ਆਪਣਾ ਫ਼ਰਜ਼ ਨਹੀਂ ਸਮਝਦੇ । ਜਿਸ ਅਫਸਰ ਦਾ ਸਿਆਸੀ ਜ਼ੋਰ ਹੁੰਦਾ ਹੈ, ਲੀਡਰਾਂ ਦੀ ਜੀ ਹਜ਼ੂਰੀ ਕਰਨ ਵਿਚ ਚੈਂਪੀਅਨ ਹੁੰਦਾ ਹੈ, ਉਹ ਦੂਸਰਿਆਂ ਦੀ ਸਮੇਂ ਸਿਰ ਆਉਣ ਦੀ ਪ੍ਰਵਾਹ ਨਹੀਂ ਕਰਦਾ । ਭ੍ਰਿਸ਼ਟਾਚਾਰ ਵਿਚ ਵੀ ਲੰਡੀ ਹੁੰਦੀ ਹੈ ।
ਆਟੇ ਵਿਚ ਲੂਣ ਸਮਾਨ ਕਲਰਕਾਂ ਤੇ ਹੋਰ ਅਮਲੇ ਨੂੰ ਛੱਡ ਕੇ ਬਾਕੀ ਸਭ ਧੌਣ ‘ਚ ਕਿੱਲੇ ਕਰਕੇ ਕੋਈ ਰਾਹ ਨੀ ਦਿੰਦੇ । ਨਾ ਹੀ ਮੱਥਾ ਡੰਮ੍ਹੇ ਬਿਨਾਂ ਫਾਈਲ ਤੋਰਦੇ ਹਨ । ਅਫਸਰ ਨਾਲ ਸੀਟੀ ਮਿਲਾਉਣ ਕਰਕੇ ਕੰਮ ਵਾਲੇ ਨਾਲ ਮੁਫ਼ਤ ‘ਚ ਗੱਲ ਕਰਨੀ ਆਪਣੀ ਹੱਤਕ ਸਮਝਦੇ ਹਨ । ਮਾਹਾਂ ਦੇ ਆਟੇ ਵਾਂਗ ਆਕੜੇ ਰਹਿਣ ਵਿਚ ਅਤੇ ਅੱਖ ਨਾ ਮਿਲਾਉਣ ਵਿਚ ਆਪਣੀ ਸ਼ਾਨ ਸਮਝਦੇ ਹਨ । ਕੰਮ ਕਰਾਉਣ ਵਾਲੇ ਨੂੰ ਇਹ ਬੰਦਾ ਨ੍ਹੀਂ ਸਮਝਦੇ ।
ਧੌਣ ‘ਚ ਕਿੱਲੇ ਦੇ ਮਾਮਲੇ ਵਿਚ ਲੀਡਰ ਨੰਬਰ ਵੰਨ ਹਨ । ਕਾਨੂੰਨ ਨੂੰ ਛਿੱਕੇ ਟੰਗਣ ਵਿਚ ਸਿੱਧੇ/ਅਸਿੱਧੇ ਤੌਰ ‘ਤੇ ਫਿਰਕੂ ਜ਼ਹਿਰ ਘੋਲਣ ਵਿਚ, ਆਪਣੇ ਵਿਰੋਧੀਆਂ ‘ਤੇ ਝੂਠੇ ਪਰਚੇ ਦਰਜ ਕਰਾਉਣ, ਆਪਣੇ ਚਹੇਤਿਆਂ ਨੂੰ ਸਿਰ ਚੜ੍ਹਾਉਣ ਵਿਚ, ਖਾਕੀ ਵਰਦੀ ਤੋਂ ਧੱਕਾ ਕਰਾਉਣ, ਗੁੰਡਾਗਰਦੀ ਨੂੰ ਥਾਪੀ ਦੇਣ ਵਿਚ, ਆਪਣੇ ਧੌਣ ‘ਚ ਕਿੱਲੇ ਦਾ ਮਿਆਰੋਂ ਗਿਰਿਆ ਸਿੱਕਾ ਜਮਾਉਂਦੇ ਹਨ । ਇਨ੍ਹਾਂ ਹੰਕਾਰੀਆਂ, ਬੇਅਸੂਲੇ ਲੀਡਰਾਂ ਦੀ ਸ਼ਹਿ ‘ਤੇ ਅੱਗੋਂ ਮਾਫੀਆ ਗਰੁੱਪ, ਭ੍ਰਿਸ਼ਟ ਅਫ਼ਸਰ, ਗੁੰਡੇ ਵੀ ਚੰਮ ਦੀਆਂ ਚਲਾਉਂਦੇ ਹਨ । ਇਸੇ ਕਿੱਲੇ ਕਰਕੇ ਚਾਰੇ ਪਾਸੇ ਹਾਹਾਕਾਰ ਦਾ, ਹਿੰਸਾ ਦਾ ਅਤੇ ਬੇਇਨਸਾਫ਼ੀ ਦਾ ਬੋਲਬਾਲਾ ਹੈ । ਲੀਡਰਾਂ ਦੀ ਬਿਆਨਬਾਜ਼ੀ, ਵਿਰੋਧੀਆਂ ‘ਤੇ ਸ਼ਬਦੀ ਤੀਰ ਪੁਆੜੇ ਪਾਉਂਦੇ ਹਨ । ਕਿਤੇ ਦੂਸ਼ਣਬਾਜ਼ੀ ਮਾਨਹਾਨੀ ਦਾ ਕੇਸ ਵੀ ਕਰਾ ਦਿੰਦੀ ਹੈ । ਕਿਤੇ ਧੌਣ ‘ਚ ਕਿੱਲਾ ਕਤਲ ਕਰਾ ਦਿੰਦਾ ਹੈ । ਵਿਰੋਧੀਆਂ ‘ਤੇ ਦੇਸ਼ ਧ੍ਰੋਹੀ ਦਾ ਕੇਸ ਬਣਵਾ ਕੇ ਸੀਖਾਂ ਅੰਦਰ ਕਰਾ ਦਿੰਦਾ ਹੈ । ਕੋਈ ਸੱਸ ਆਪਣੀ ਨੂੰ ਹ ਨੂੰ ਬੇਹੀ ਰੋਟੀ ਸਮਝਦੀ ਹੈ । ਨੂੰ ਹ ਨੂੰ ਬੋਲ-ਕਬੋਲ ਕਰਨ ਵਿਚ, ਅੱਖਾਂ ਵਿਖਾਉਣ ਵਿਚ, ਤਾਹਨੇ-ਮਿਹਣੇ ਮਾਰਨ ਵਿਚ ਧੌਣ ‘ਚ ਕਿੱਲੇ ਕਰਕੇ ਦਾਦਾਗਿਰੀ ਵਾਲਾ ਕਿਰਦਾਰ ਨਿਭਾਉਂਦੀ ਹੈ । ਦੂਸਰੇ ਪਾਸੇ ਆਧੁਨਿਕਤਾ ਦੇ ਖੰਭ ਲੱਗਣ ਕਰਕੇ ਪੜ੍ਹੀ-ਲਿਖੀ ਨੂੰ ਹ ਵੀ ਹੰਕਾਰ-ਵੱਸ ਹੋਣ ਕਰਕੇ ਆਪਣੀ ਸੱਸ ਨਾਲ ਸਾਕਣ ਵਾਲਾ ਵਰਤਾਰਾ ਕਰਕੇ ਸੱਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ । ਕਿਤੇ ਪਤੀ, ਕਿਤੇ ਪਤਨੀ ਆਪਸ ਵਿਚ ਧੌਣ
‘ਚ ਕਿੱਲੇ ਕਰਕੇ, ਮਹਾਂਭਾਰਤ ਲਾਈ ਰੱਖਦੇ ਹਨ । ਕਿਤੇ ਧੌਣ ‘ਚ ਕਿੱਲਾ, ਘਰੇਲੂ ਹਿੰਸਾ ਕਰਵਾ ਕੇ ਮਸਲਾ ਕਚਹਿਰੀ ਦੇ ਦਰ ਤੱਕ ਪਹੁੰਚ ਜਾਂਦਾ ਹੈ । ਕਾਟੋ-ਕਲੇਸ਼ ਕਰਾਉਣ ਕਰਕੇ ਧੌਣ ‘ਚ ਕਿੱਲਾ ਵਧਦਾ-ਵਧਦਾ ਘਰ ਨਰਕ ਬਣਾ ਦਿੰਦਾ ਹੈ । ਇਸ ਤਰ੍ਹਾਂ ਧੌਣ ‘ਚ ਕਿੱਲਾ ਰਿਸ਼ਤਿਆਂ ਦੀ ਬਰਬਾਦੀ ਦਾ ਮੁੱਖ ਕਾਰਨ ਬਣ ਕੇ ਨੀਵਾਂ ਦਿਖਾਉਂਦਾ ਹੈ ।
ਅਖੌਤੀ ਧਾਰਮਿਕ ਆਗੂ, ਸ਼ਰਧਾਲੂ ਧੌਣ ਦੇ ਕਿੱਲੇ ਤੋਂ ਮੁਕਤ ਨਹੀਂ ਹਨ । ਧਾਰਮਿਕ ਭਾਵਨਾ ਤੋਂ ਕੋਰੇ, ਖਾਲੀ ਭਾਂਡਿਆਂ ਵਰਗੇ ਹੋਣ ਕਰਕੇ, ਨਫ਼ਰਤ ਦੀ ਜ਼ਹਿਰ ਉਗਲਦੇ ਹਨ । ਧਾਰਮਿਕ ਸਹਿਣਸ਼ੀਲਤਾ ਨੂੰ ਧੌਣ ‘ਚ ਕਿੱਲਾ ਨੇੜੇ ਨੀ ਆਉਣ ਦਿੰਦਾ । ਧਾਰਮਿਕ ਝਗੜੇ, ਦੰਗੇ, ਫਸਾਦ ਪਿੱਛੇ ਕਾਰਨ ਕੋਈ ਵੀ ਹੋਵੇ, ਪਰ ਮੁੱਖ ਸੂਤਰਧਾਰ ਧੌਣ ‘ਚ ਕਿੱਲਾ ਹੀ ਮਾਰੂ, ਖੂਨੀ ਰੋਲ ਅਦਾ ਕਰਦਾ ਹੈ ।
ਅੰਤ ਵਿਚ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਧੌਣ ‘ਚ ਕਿੱਲਾ ਇਨਸਾਨੀਅਤ ਤੋਂ ਦੂਰ ਰਹਿੰਦਾ ਹੋਇਆ ਹੰਕਾਰ ਵਿਚ ਫੁੰਕਾਰੇ ਮਾਰਦਾ ਰਹਿੰਦਾ ਹੈ । ਇਨਸਾਨੀ ਕਦਰਾਂ-ਕੀਮਤਾਂ ਨਾਲ ਇੱਟ-ਕੁੱਤੇ ਵਾਂਗ ਵੈਰ ਕਮਾਉਂਦਾ ਹੈ । ਧੌਣ ‘ਚ ਕਿੱਲਾ ਬਰਾਬਰ ਦਿਆਂ ਨਾਲ ਮੇਲ-ਮਿਲਾਪ ਰੱਖਣ ਦੀ ਕੋਸ਼ਿਸ਼ ਕਰਦਾ ਹੈ । ਆਪ ਤੋਂ ਛੋਟੇ ਨਾਲ ਸਰੋਕਾਰ ਘੱਟ ਹੀ ਰੱਖਦਾ ਹੈ । ਧੌਣ ‘ਚ ਕਿੱਲੇ ਨੇ ਰਾਵਣ ਦੀ ਲੰਕਾ ਦਾ ਨਾਸ ਕਰਵਾਇਆ । ਆਪਣੇ ਮਹਾਂਬਲੀ ਭਰਾ ਕੁੰਭਕਰਨ, ਪੁੱਤਰਾਂ ਦੀ ਜ਼ਿੰਦਗੀ ਮਿੱਟੀ ਵਿਚ ਮਿਲਾਈ । ਦੁਰਯੋਧਨ ਦੇ ਰਾਜਭਾਗ ਨੂੰ ਹੀ ਨਹੀਂ, ਕੌਰਵਾਂ ਦਾ ਬੀ ਨਾਸ। ਕੁਰੂਕਸ਼ੇਤਰ ਦੇ ਮੈਦਾਨ ਵਿਚ ਕਰਾਇਆ ।
ਸੁੰਦਰਪਾਲ ਪ੍ਰੇਮੀ