ਦੁਸਹਿਰਾ-ਦਿਵਾਲੀ

ਲੱਗੇ ਝੱਖੜ ਦੁਸਹਿਰਾ, ‘ਤੇ ਤਬਾਹੀ ਇਹ ਦਿਵਾਲੀ।
ਕਿਹੜੇ ਚਾਵਾਂ ਨਾਲ ਦੱਸੋ, ਮੈਂ ਮਨਾਵਾਂ ਇਹ ਦਿਵਾਲੀ।।

ਕਾਲ੍ਹਾ-ਦੌਰ ਅਸੀਂ ਆਪਣੇ ਹੈ ਪਿੰਡੇ ਤੇ ਹੰਢਾਇਆ,
ਜਿਹਨੇ ਚੱੜਦੀ ਜਵਾਨੀ ਨੂੰ ਰਾਹ ਸਿਵਿਆਂ ਦੇ ਪਾਇਆ,
ਮਾਂ,ਬਾਪ,ਧੀਆਂ,ਭੈਣਾਂ ਨੂੰ ਜਾ ਠਾਣੇ ਸੀ ਬਿਠਾਇਆ,
ਝੂਠ ਚੰਦਰੇ ਨੇਂ ਸੱਚ ਨੂੰ ਸੀ ਫਾਂਸੀ ਲਟਕਾਇਆ,
ਛਾਇਆ ਘਰ-ਘਰ ਮਾਤਮ ਤੇ ਪਿੰਡ ਹੋਏ ਖਾਲ਼ੀ,
ਕਿਹੜੇ ਚਾਵਾਂ ਨਾਲ ਦੱਸੋ, ਮੈਂ ਮਨਾਵਾਂ ਇਹ ਦਿਵਾਲੀ।।

ਹਵਾਵਾਂ ਵਿੱਚ ਹੈ ਕੁੜੱਤਣ, ਜ਼ਹਿਰ ਘੁਲ੍ਹੀ ਵਿੱਚ ਪਾਣੀ,
ਮਾਰੂਥਲ ਬਣੀ ਜਾਂਦੀ, ਪਿਆਸੀ ਧਰਤੀ ਨਿਮਾਣੀ,
ਖੇਤੀ ਜੱਟ ਲਈ ਹੈ ਬਣੀ, ਬਘਿਆੜੀ ਬੰਦੇ ਖਾਣੀ,
ਤਾਹੀਉਂ ਰੱਸਾ ਗੱਲ੍ਹ ਪਾਕੇ ਕਰੇ ਖਤਮ ਕਹਾਣੀ,
ਉਡ ਗਈ ਫਸਲਾਂ ਦੇ ਉਤੋਂ, ਜਿਹੜੀ ਆਈ ਹਰਿਆਲੀ।
ਕਿਹੜੇ ਚਾਵਾਂ ਨਾਲ ਦੱਸੋ, ਮੈਂ ਮਨਾਵਾਂ ਇਹ ਦਿਵਾਲੀ।।

ਸਮੇਂ ਦੀ ਹਕੂਮਤ ਨੇ, ਬੜੀ ਲੁੱਟ-ਖੋਹ ਮਚਾਈ,
ਡੇਰੇ ਵਾਲ਼ਿਆਂ ਤੋਂ ਡਰੀ ਹੋਈ ਖੁਦਾ ਦੀ ਖੁਦਾਈ,
ਲੱਚਰ ਗਾਇਕਾਂ, ਬੇਸ਼ਰਮੀਂ ਦੀ ਹੱਦ ਹੈ ਮੁਕਾਈ,
ਜ਼ਿਹਨਾਂ ਢੋਲ ਦੀ ਧਮਾਲ ਤੇ ਪੰਜਾਬਣ ਨੱਚਾਈ,
ਸੁੱਚੇ ਵਿਰਸੇ ਦੇ ਮੂੰਹ ਤੇ ਲਾਉਣ ਕਾਲਖ ਇਹ ਕਾਲ੍ਹੀ।
ਕਿਹੜੇ ਚਾਵਾਂ ਨਾਲ ਦੱਸੋ, ਮੈਂ ਮਨਾਵਾਂ ਇਹ ਦਿਵਾਲੀ।।

ਬੇਅਦਬੀ ਸ਼ਬਦ ਗੁਰੂ ਦੀ, ਸੋਚੀ ਸਮਝੀ ਸੀ ਚਾਲ,
ਭਾਵਨਾਵਾਂ ਦਾ ਕਤਲ, ਰੂਹ ਕੀਤੀ ਸੀ ਹਲਾਲ,
ਅਕਾਲ ਤੱਖਤ ਉਡਾਇਆ, ਸ਼ਰੇਆਮ ਤੋਪਾਂ ਨਾਲ,
ਨਹੀਂਉ ਭੁੱਲਣਾ “ਚੁਰਾਸੀ”, ਹੋਇਆ ਕੌਮ ਦਾ ਜੋ ਹਾਲ,
“ਨਛੱਤਰ ਭੋਗਲ” ਰੱਖੂ ਚੇਤੇ, ਗੱਲ ਨਹੀਂ ਭਲਾਉਣ ਵਾਲੀ।
ਕਿਹੜੇ ਚਾਵਾਂ ਨਾਲ ਦੱਸੋ, ਮੈਂ ਮਨਾਵਾਂ ਇਹ ਦਿਵਾਲੀ।।

ਲੇਖਕ:- ਨਛੱਤਰ ਸਿੰਘ ਭੋਗਲ
“ਭਾਖੜੀਆਣਾ”