ਦਿੱਲੀ ਦੇ ਲਾਲ ਕਿਲੇ ਤੋਂ

ਕਮਲਜੀਤ ਨੌਧਰਾਣੀ
ਸੰਪਰਕ: 98765 26467

ਸਾਡੇ ਤਾਏ ਦਾ ਸੀਨਾ
ਉਦੋਂ ਫੁੱਲ ਕੇ
ਛਪਿੰਜਾ ਇੰਚ ਦਾ ਹੋ ਗਿਆ ਸੀ
ਜਦੋਂ ਉਹਨੇ
ਕਈ ਸਾਲ ਪਹਿਲਾਂ
ਆਜ਼ਾਦੀ ਮਨਾਉਣ ਦੇ ਦਿਨਾਂ ‘ਚ
ਦਿੱਲੀ ਦੇ ਲਾਲ ਕਿਲੇ ਤੋਂ ਸੁਣਿਆ ਸੀ
‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ।
ਸੱਚਮੁੱਚ ਸਭ ਤੋਂ ਉੱਚਾ ਖੂੰਡਾ ਲੈ ਕੇ
ਬਹਿੰਦਾ ਹੁੰਦਾ ਸੀ ਸਾਡਾ ਤਾਇਆ!
ਬਹਿੰਦਾ ਵੀ ਕਿਉਂ ਨਾ
ਜੀਹਦਾ ਇੱਕ ਪੁੱਤ ਸਰਹੱਦਾਂ ‘ਤੇ
ਮੌਤ ਦੇ ਸਾਏ ‘ਚ ਵੀ
ਦੁਸ਼ਮਣਾਂ ਨਾਲ ਲੋਹਾ ਲੈਂਦਾ
ਲਿਖਦਾ ਰਹਿੰਦਾ ਸੀ ਖ਼ਤ
ਮੌਜਾਂ ਮਾਣਨ ਦੇ…।
ਤੇ ਦੂਜਾ
ਖੇਤਾਂ ‘ਚ ਰਾਤਾਂ ਨੂੰ
ਸੱਪਾਂ ਦੀਆਂ ਸਿਰੀਆਂ ਮਿੱਧਦਾ ਵੀ
ਮਿਰਜ਼ੇ ਦੀਆਂ ਹੇਕਾਂ ਲਾਉਂਦਾ
ਲੱਗਾ ਰਹਿੰਦਾ ਸੀ
ਭਾਰਤ ਦੀ ਭੁੱਖ ਹਰਾਉਣ।
ਫ਼ੌਜੀ
ਜੋ ਹੌਸਲੇ ਦੀ ਪੰਡ ਲੈ ਕੇ ਆਇਆ ਸੀ
ਫ਼ੌਜ ਨੂੰ ਪੱਕੀ ਅਲਵਿਦਾ ਕਹਿ
ਚੈਨ ਦੀ ਜ਼ਿੰਦਗੀ ਗੁਜ਼ਾਰਨ ਲਈ
ਪਿੰਡ ਆਪਣੇ
ਆਪਣੇ ਲੋਕਾਂ ‘ਚ
ਢੇਰ ਸਾਰੀਆਂ
ਜ਼ਿੰਦਾਦਿਲਾਂ ਦੀਆਂ ਕਹਾਣੀਆਂ ਲੈ ਕੇ,
ਪਰ ਉਹਨੂੰ ਤਾਂ ਪਤਾ ਹੀ ਨਾ ਲੱਗਿਆ
ਕਦੋਂ ਉਹ ਆਪਣੇ ਜੁਆਕਾਂ ਨੂੰ
ਕਰਨਲ ਵਾਂਗ ਅੰਗਰੇਜ਼ੀ ਬੁਲਾਉਣ ਦੇ ਚੱਕਰ ‘ਚ
ਗਵਾ ਬੈਠਾ ਆਪਣੀ ਜ਼ਿੰਦਗੀ ਦੀ ਅੱਧੀ ਕਮਾਈ
ਕਿਸੇ ਚਮਕ ਦਮਕ ਵਾਲੇ ਸਕੂਲ ‘ਚ
ਤੇ ਬਾਕੀ ਦੀ ਅੱਧੀ ਜਾ ਵੜੀ ਸੀ
ਵਕੀਲਾਂ ਦੇ ਢਿੱਡੀਂ
ਜਦੋਂ ਉਹਨੂੰ ਭੰਨਣੀ ਪਈ ਸੀ ਲੱਤ
ਪਿੰਡ ਦੇ ਵਿਹਲੜ ਨਸ਼ੇੜੀ ਦੀ
ਜੋ ਬੁਰੀ ਨਜ਼ਰ ਰੱਖਦਾ ਸੀ
ਉਹਦੇ ਘਰ
ਉਹਦੇ ਸਰਹੱਦੀਂ ਬੈਠੇ।
ਤੇ ਦੂਜੇ
ਕਿਸਾਨ ਦੀ ‘ਜੈ’ ਵੀ ਦੱਬ ਗਈ ਸੀ
ਇੱਕ ਸਬਜ਼ੀ ਵਾਲੇ ਦੀ ਫੜ ਹੇਠਾਂ
ਜਦ ਉਹਦੀ
ਤਿੰਨ ਮਹੀਨਿਆਂ ਦੀ ਕਮਾਈ ਗੋਭੀ
ਤਿੰਨ ਘੰਟਿਆਂ ‘ਚ ਹੀ
ਵਿਕ ਗਈ ਸੀ
ਪੰਜਾਂ ਤੋਂ ਪੱਚੀਆਂ ਦੀ ਹੋ ਕੇ,
ਸਰਕਾਰੀ ਬੋਰੀਆਂ ‘ਚ ਪਈ ਫ਼ਸਲ
ਚਿੜ੍ਹਾ ਰਹੀ ਸੀ
ਉਹਦੀ ਆਸਾਂ ਦੀ ਉਡੀਕ ਨੂੰ।
ਬਾਕੀ ਰਹਿੰਦੀ ਦੋ-ਦੋ ਕਿੱਲੇ,
ਉਹ ਵੀ ਸਿਮਟ ਗਈ ਸੀ
ਇੱਜ਼ਤ ਦੀ ‘ਨੱਕ’ ਨੂੰ ਸੰਭਾਲਦੀ
ਤਾਏ ਦੀਆਂ ਜਵਾਨ ਪੋਤੀਆਂ ਦੇ
ਲਾਲ ਸ਼ਾਲੂਆਂ ‘ਚ…।
ਖਾਲੀ ਹੱਥਾਂ ਵਾਲੇ
ਤਾਏ ਦੇ ਦੋਵੇਂ
ਜਵਾਨ ਤੇ ਕਿਸਾਨ
ਦੋ ਸਰੀਰ ਸਨ ਰੂਹਾਂ ਤੋਂ ਸੱਖਣੇ
ਟਾਹਲੀ ਵਾਲੇ ਖੇਤ ਟਾਹਲੀ ‘ਤੇ ਲਟਕਦੇ।
ਤਾਏ ਦਾ ਖੂੰਡਾ
ਪੁੱਛ ਰਿਹਾ ਸੀ
ਮੰਜੇ ‘ਤੇ ਪਏ ਤਾਏ ਨੂੰ
ਕਿਹੜੇ ਰਾਹਾਂ ‘ਚ ਅਟਕ ਗਈ
ਦਿੱਲੀ ਦੇ ਲਾਲ ਕਿਲੇ ਤੋਂ ਤੁਰੀ
‘ਜੈ’