ਦਲਾਈ ਲਾਮਾ ਨੇ ਨਹਿਰੂ ਬਾਰੇ ਬਿਆਨ ਲਈ ਮੰਗੀ ਮੁਆਫ਼ੀ

ਤਿੱਬਤ ਦੇ ਰੂਹਾਨੀ ਆਗੂ ਦਲਾਈ ਲਾਮਾ ਨੇ ਬੀਤੇ ਦਿਨੀਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਦੇਸ਼ ਦੀ ਵੰਡ ਲਈ ਜ਼ਿੰਮੇਵਾਰ ਠਹਿਰਾਉਣ ਵਾਲੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ ਤੇ ਤਿੱਬਤ ਤੋਂ ਕੱਢੇ ਗਏ ਸੈਂਕੜੇ ਲੋਕਾਂ ਨੂੰ ਸ਼ਰਨ ਦੇਣ ਲਈ ਸ੍ਰੀ ਨਹਿਰੂ ਦਾ ਧੰਨਵਾਦ ਕੀਤਾ। ਨੋਬੇਲ ਪੁਰਸਕਾਰ ਜੇਤੂ 83 ਸਾਲਾ ਰੂਹਾਨੀ ਆਗੂ ਨੇ ਅੱਜ ਇੱਥੇ ਸੈਂਟਰਲ ਤਿੱਬਤੀਅਨ ਐਡਮਨਿਸਟਰੇਸ਼ਨ ਵੱਲੋਂ ਕਰਵਾਏ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਕਿਹਾ, ‘ਮੇਰੇ ਬਿਆਨ (ਨਹਿਰੂ ਬਾਰੇ) ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਮੈਂ ਜੇਕਰ ਕੁਝ ਗ਼ਲਤ ਕਿਹਾ ਹੋਵੇ ਤਾਂ ਉਸ ਲਈ ਮੁਆਫ਼ੀ ਮੰਗਦਾ ਹਾਂ।’ ਜ਼ਿਕਰਯੋਗ ਹੈ ਅੱਠ ਅਗਸਤ ਨੂੰ ਗੋਆ ਦੀ ਮੈਨੇਜਮੈਂਟ ਸੰਸਥਾ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦਲਾਈ ਲਾਮਾ ਨੇ ਕਿਹਾ ਸੀ ਕਿ ਮਹਾਤਮਾ ਗਾਂਧੀ ਤਾਂ ਮੁਹੰਮਦ ਅਲੀ ਜਿਨਾਹ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸਨ, ਪਰ ਸ੍ਰੀ ਨਹਿਰੂ ਨਹੀਂ ਮੰਨੇ, ਕਿਉਂਕਿ ਉਹ ਖੁਦ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸਨ।
ਦਲਾਈ ਲਾਮਾ ਨੇ ਕਿਹਾ ਸੀ ਕਿ ਜੇਕਰ ਮੁਹੰਮਦ ਅਲੀ ਜਿਨਾਹ ਪ੍ਰਧਾਨ ਮੰਤਰੀ ਬਣਦੇ ਤਾਂ ਭਾਰਤ ਤੇ ਪਾਕਿਸਤਾਨ ਕਦੀ ਵੱਖ ਨਾ ਹੁੰਦੇ। ਦਲਾਈ ਲਾਮਾ ਨੇ ਅੱਜ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੀ ਤੇ ਨਾਲ ਹੀ 1950 ’ਚ ਚੀਨ ਵੱਲੋਂ ਤਿੱਬਤ ਤੋਂ ਕੱਢੇ ਗਏ ਸੈਂਕੜੇ ਆਮ ਲੋਕਾਂ ਤੇ ਭਿਕਸ਼ੂਆਂ ਨੂੰ ਪਨਾਹ ਦੇਣ ਲਈ ਜਵਾਹਰ ਲਾਲ ਨਹਿਰੂ ਦਾ ਧੰਨਵਾਦ ਕੀਤਾ।