ਟੈਕਸ ਬਚਾਓ

ਭਾਰਤ ਸਰਕਾਰ ਚਾਲੂ ਵਿੱਤੀ ਸਾਲ (2015-2016) ਤੋਂ ਡੇਢ ਲੱਖ ਦੀ ਬੱਚਤ ਤੋਂ ਇਲਾਵਾ 30 ਹਜ਼ਾਰ ਤੱਕ ਦੀਆਂ ਦਵਾਈਆਂ ਦੇ ਬਿਲ ਪੇਸ਼ ਕਰਨ ਦੀ ਸੂਰਤ ਵਿਚ ਆਮਦਨ ਟੈਕਸ ਦੇਣ ਵਾਲਿਆਂ ਨੂੰ ਆਮਦਨ ਅਨੁਸਾਰ ਟੈਕਸ ਤੋਂ ਛੋਟ ਦੇ ਰਹੀ ਹੈ । ਇਸ ਛੋਟ ਨਾਲ 10 ਫੀਸਦੀ ਟੈਕਸ ਦੇਣ ਵਾਲਿਆਂ ਨੂੰ 3 ਹਜ਼ਾਰ­ 20 ਫੀਸਦੀ ਵਾਲਿਆਂ ਨੂੰ ਛੇ ਹਜ਼ਾਰ ਤੇ 30 ਫੀਸਦੀ ਵਾਲਿਆਂ ਨੂੰ 9 ਹਜ਼ਾਰ ਦੀ ਬੱਚਤ ਹੋਵੇਗੀ । ਸਰਕਾਰ ਨੇ ਸ਼ਾਇਦ ਹਰ ਘਰ ਵਿਚ ਹਰ ਮਹੀਨੇ ਢਾਈ ਹਜ਼ਾਰ ਦੀਆਂ ਵਰਤੀਆਂ ਜਾਂਦੀਆਂ ਦਵਾਈਆਂ ਦੇ ਅੰਦਾਜ਼ੇ ਨਾਲ ਸਾਲਾਨਾ 30 ਹਜ਼ਾਰ ਰੁਪਏ ਦੀ ਰਕਮ ਨਿਰਧਾਰਿਤ ਕੀਤੀ ਹੈ । ਪਰ ਸਰਕਾਰ ਦਾ ਇਹ ਅੰਦਾਜ਼ਾ ਘੱਟ ਹੈ । ਕਈਆਂ ਘਰਾਂ ਵਿਚ ਹਰ ਜੀਅ ਮਹੀਨੇ ਦੀਆਂ ਢਾਈ ਹਜ਼ਾਰ ਤੋਂ ਵੱਧ ਦੀਆਂ ਦਵਾਈਆਂ ਖਾ ਰਿਹਾ ਹੈ । ਕਈਆਂ ਦੀ ਦਵਾਈਆਂ ਖਾਣਾ ਮਜ਼ਬੂਰੀ ਹੋ ਸਕਦੀ ਹੈ ਪਰ ਜ਼ਿਆਦਾਤਰ ਤਾਂ ਸ਼ੌਕ ਵਜੋਂ ਦਵਾਈਆਂ ਖਾ ਰਹੇ ਹਨ । ਮਹਿੰਗੀਆਂ­ ਤੇਜ਼ ਦਵਾਈਆਂ ਖਾਣੀਆਂ ਅਤੇ ਮਹਿੰਗੇ ਡਾਕਟਰਾਂ ਕੋਲ ਜਾਣਾ ਰੁਤਬੇ ਦਾ ਪ੍ਰਤੀਕ (ਸਟੇਟਸ ਸਿੰਬਲ) ਬਣ ਗਿਆ ਹੈ ।
ਮੇਰੇ ਦੋਸਤ ਦੇ ਪਿਤਾ ਕਈਆਂ ਬਿਮਾਰੀਆਂ ਦੀਆਂ ਦਵਾਈਆਂ ਖਾਂਦੇ ਹਨ । ਉਹ ਯਾਦਾਸ਼ਤ ਦੀ ਦਵਾਈ ਵੀ ਖਾਂਦੇ ਹਨ । ਡਾਕਟਰ ਉਨ੍ਹਾਂ ਦੀ ਪਰਚੀ ‘ਤੇ ਕੋਈ ਦਵਾਈ ਲਿਖਣ ਲੱਗਿਆਂ ਬੋਲਿਆ­ ਮੈਂ ਦਵਾਈ ਕਿੱਥੇ ਲਿਖਾਂ­ ਤੁਹਾਡੀ ਪਰਚੀ ‘ਤੇ ਤਾਂ ਲਿਖਣ ਲਈ ਜਗ੍ਹਾ ਨਹੀਂ ਬਚੀ। ਉਹ ਬੋਲੇ­ ਮੇਰੇ ਹੱਥ ‘ਤੇ ਲਿਖ ਦਿਓ । ਮੈਂ ਹੁਣੇ ਇਸਦਾ ਨਾਂਅ ਯਾਦ ਕਰ ਲੈਣਾ ਹੈ । ਮੈਨੂੰ ਬਾਕੀ ਦਵਾਈਆਂ ਦੇ ਨਾਂਅ ਵੀ ਯਾਦ ਹਨ । ਦੇਖੋ­ ਹੋਰਨਾਂ ਗੱਲਾਂ ਨੂੰ ਯਾਦ ਰੱਖਣ ਲਈ ਯਾਦਾਸ਼ਤ ਦੀ ਦਵਾਈ ਖਾ ਰਹੇ ਹਨ ਪਰ ਦਵਾਈਆਂ ਦੇ ਨਾਂਅ ਜ਼ੁਬਾਨੀ ਯਾਦ ਹਨ । ਇਹ ਦਵਾਈਆਂ ਖਾਣ ਦੇ ਸ਼ੌਕੀਨ ਨਹੀਂ ਤਾਂ ਹੋਰ ਕੀ ਹਨ।
ਇਕ ਔਰਤ ਨੇ ਦੂਸਰੀ ਨੂੰ ਪੁੱਛਿਆ­ ਤੁਸੀਂ ਸ਼ੂਗਰ ਦੀ ਕਿੰਨੇ ਮਿਲੀਗ੍ਰਾਮ ਦੀ ਗੋਲੀ ਖਾਂਦੇ ਹੋ। ਦੂਸਰੀ ਔਰਤ ਬੋਲੀ, 10 ਮਿਲੀਗ੍ਰਾਮ । ਅੱਗੋਂ ਪਹਿਲੀ ਔਰਤ ਮਜ਼ਾਜ਼ ਨਾਲ ਬੋਲੀ­ ਮੈਂ ਤਾਂ ਪੰਜਾਹ ਮਿਲੀਗ੍ਰਾਮ ਦੀ ਖਾਂਦੀ ਹਾਂ । ਇਹ ਮਹਿੰਗੀ ਤੇ ਤੇਜ਼ ਵੀ ਹੈ । ਘੱਟ ਅਸਰ ਵਾਲੀ ਗੋਲੀ ਨਾਲ ਮੈਨੂੰ ਫਰਕ ਨਹੀਂ ਪੈਂਦਾ । ਉਹਨੂੰ ਕੀ ਪਤਾ ਕਿ ਇਸ ਵਿਚ ਰੁਤਬੇ ਵਾਲੀ ਕੋਈ ਗੱਲ ਨਹੀਂ­ ਸਗੋਂ ਉਸਦੀ ਬਿਮਾਰੀ ਪੰਜ ਗੁਣਾ ਵੱਧ ਖਤਰਨਾਕ ਹੋਣ ਕਰਕੇ ਉਸ ਨੂੰ 50 ਮਿਲੀਗ੍ਰਾਮ ਦੀ ਗੋਲੀ ਖਾਣੀ ਪੈ ਰਹੀ ਹੈ ।
ਅੱਧੇ ਤੋਂ ਵੱਧ ਬਿਮਾਰੀਆਂ ਦਾ ਕਾਰਨ ਜੀਵਨ ਸ਼ੈਲੀ ਵਿਚ ਵਿਗਾੜ ਹੈ । ਜੀਵਨ ਸ਼ੈਲੀ ਸੁਧਾਰਨ ਨਾਲ ਹਰ ਕੋਈ ਦਵਾਈਆਂ ਤੋਂ ਬਚ ਸਕਦਾ ਹੈ ਪਰ ਇਸ ਬਾਰੇ ਕੋਈ ਗੱਲ ਸੁਣ ਕੇ ਰਾਜ਼ੀ ਨਹੀਂ । ਜੇਕਰ ਕਿਸੇ ਬਿਮਾਰ ਨੂੰ ਕੋਈ ਕਸਰਤ­ ਸੈਰ ਜਾਂ ਯੋਗਾ ਦੀ ਸਲਾਹ ਦੇਵੇ ਤਾਂ ਉਹ ਅੱਗੋਂ ਕਹੇਗਾ ਕਿ ਸਵੇਰੇ ਜਲਦੀ ਉਠਿਆ ਨਹੀਂ ਜਾਂਦਾ ਜਾਂ ਸਮਾਂ ਨਹੀਂ ਹੈ । ਹਸਪਤਾਲ ਵਿਚ ਬਿਸਤਰੇ ‘ਤੇ ਲੰਮੇ ਪੈਣ ਲਈ ਸਮਾਂ ਹੈ ਪਰ ਕਸਰਤ­ ਸੈਰ ਜਾਂ ਯੋਗਾ ਲਈ ਸਮਾਂ ਨਹੀਂ । ਚਲੋ ਮੰਨਿਆ ਕਿ ਸਮਾਂ ਨਹੀਂ ਹੈ­ ਖਾਣ-ਪੀਣ ਤੋਂ ਪ੍ਰਹੇਜ਼ ਲਈ ਸਮਾਂ ਤਾਂ ਹੈ ਨਾ । ਖਾਣ-ਪੀਣ ਤੋਂ ਪ੍ਰਹੇਜ਼ ਕਰ ਲਵੋ । ਮੋਟਾਪੇ ਤੋਂ ਬਚ ਜਾਵੋਗੇ । ਮੋਟਾਪਾ ਕਈਆਂ ਬਿਮਾਰੀਆਂ ਦੀ ਜੜ੍ਹ ਹੈ ਤੇ ਕਈਆਂ ਬਿਮਾਰੀਆਂ ਤੋਂ ਬਚ ਜਾਵੋਗੇ । ਸ਼ੂਗਰ ਹੈ ਤਾਂ ਮਿੱਠਾ ਘੱਟ ਖਾਓ । ਇਹ ਸ਼ੌਕੀਨ ਦਵਾਈਆਂ ਵੀ ਖਾਣਗੇ ਤੇ ਰਸਗੁੱਲੇ­ ਗੁਲਾਬ ਜਾਮਨ ਵੀ । ਸ਼ੌਕੀਨ ਗੋਡਿਆਂ ਨੂੰ ਆਪਣਾ ਵਾਧੂ ਭਾਰ ਵੀ ਚੁਕਾ ਕੇ ਰੱਖਣਗੇ ਤੇ ਦਵਾਈਆਂ ਦੇ ਫੱਕੇ ਵੀ ਮਾਰਨਗੇ । ਜੇਕਰ ਸ਼ੌਕੀਨ ਆਪਣਾ ਭਾਰ ਘਟਾ ਲੈਣ ਤਾਂ ਗੋਢੇ ਆਪਣੇ-ਆਪ ਹੀ ਠੀਕ ਹੋ ਜਾਣਗੇ । ਦਵਾਈਆਂ ਖਾਣ ਦੀ ਲੋੜ ਹੀ ਨਹੀਂ ਪਵੇਗੀ । ਕਿਸੇ ਜ਼ਿਆਦਾ ਭਾਰ ਵਾਲੇ ਨੂੰ ਕੋਈ 10 ਕਿਲੋ ਭਾਰ ਚੁਕਾ ਦੇਵੋ ਤਾਂ ਉਹ ਕਹੇਗਾ ਕਿ ਮੇਰੇ ਕੋਲੋਂ ਨਹੀਂ ਚੁੱਕਿਆ ਜਾਂਦਾ­ ਮੈਂ ਥੱਕ ਗਿਆ ਹਾਂ ਪਰ ਆਪਣੇ ਸਰੀਰ ਦਾ ਭਾਵੇਂ 20 ਕਿਲੋ ਫਾਲਤੂ ਭਾਰ ਚੁੱਕੀ ਫਿਰੇ । ਸੋ, ਭੋਜਨ ਸੰਜਮ ਵਿਚ ਕਰੋ । ਇਹ ਆਪਣੇ-ਆਪ ਪਚੇਗਾ­ ਭੁੱਖ ਵੀ ਲੱਗੇਗੀ­ ਛਾਤੀ ਵਿਚ ਜਲਣ ਨਹੀਂ ਹੋਵੇਗੀ ਤੇ ਗੈਸ ਵੀ ਨਹੀਂ ਬਣੇਗੀ । ਦਵਾਈਆਂ ਨਹੀਂ ਖਾਣੀਆਂ ਪੈਣਗੀਆਂ । ਲੋਕ ਪਹਿਲਾਂ ਜ਼ਿਆਦਾ ਖਾ-ਪੀ ਲੈਣਗੇ ਫਿਰ ਲੰਮੇ ਗੈਸ ਜਾਂ ਬਦਹਜ਼ਮੀ ਦੇ ਡਕਾਰ ਮਾਰਣਗੇ । ਉਪਰੋਂ ਹਾਜ਼ਮੇ, ਜਲਣ ਜਾਂ ਗੈਸ ਦੀਆਂ ਦਵਾਈਆਂ ਖਾਣਗੇ । ਪਹਿਲਾਂ ਜ਼ਿਆਦਾ ਖਾਣਾ ਤੇ ਫਿਰ ਉਸ ਨੂੰ ਹਜ਼ਮ ਕਰਨ ਵਾਸਤੇ ਦਵਾਈਆਂ ਖਾਣੀਆਂ ਸਿਆਣਪ ਨਹੀਂ ਹੈ । ਚੰਗੀਆਂ ਸੋਚਾਂ ਸੋਚੋ, ਚੰਗਾ ਸਾਹਿਤ ਪੜ੍ਹੋ, ਪਰਮਾਤਮਾ ਦਾ ਨਾਮ ਲਵੋ । ਮੂਡ ਠੀਕ ਰਹੇਗਾ । ਤਣਾਉ ਜਾਂ ਉਦਾਸੀ ਨਹੀਂ ਹੋਵੇਗੀ । ਨੀਂਦ ਆਪਣੇ-ਆਪ ਆਵੇਗੀ ਤੇ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਪਵੇਗੀ ।
ਜ਼ਿਆਦਾਤਰ ਲੋਕਾਂ ਨੇ ਤਾਂ ਢਿੱਡ ਨੂੰ ਕੂੜਾਦਾਨ ਬਣਾਇਆ ਹੋਇਆ ਹੈ । ਮੈਂ ਅਕਸਰ ਸੋਚਦਾ ਕਿ ਜੇਕਰ ਪਰਮਾਤਮਾ ਨੇ ਮਨੁੱਖ ਕੋਲੋਂ ਸਰੀਰ ਦੇ ਪੈਸੇ ਲਏ ਹੁੰਦੇ ਤਾਂ ਮਨੁੱਖ ਇਸ ਨੂੰ ਕਦੇ ਵੀ ਕੂੜਾਦਾਨ ਨਾ ਬਣਾਉਂਦਾ । ਮਨੁੱਖ ਦਾ ਸੁਭਾਅ ਹੈ ਕਿ ਉਹ ਮੁਫ਼ਤ ਮਿਲੀ ਚੀਜ਼ ਦੀ ਕਦਰ ਨਹੀਂ ਕਰਦਾ । ਅਸੀਂ ਮੁੱਲ ਖਰੀਦੇ ਮਾਮੂਲੀ ਵਾਹਨ ਦੀ ਦੇਖਭਾਲ ਤਾਂ ਕਰਦੇ ਹਾਂ ਪਰ ਵਡਮੁੱਲੇ ਸਰੀਰ ਪ੍ਰਤੀ ਲਾਪ੍ਰਵਾਹ ਹਾਂ । ਇੰਜਣ ਖਰਾਬ ਹੋਣ ਜਾਂ ਹੋਰ ਨੁਕਸਾਨ ਤੋਂ ਡਰਦਿਆਂ ਉਸ ਵਿਚ ਮਾੜਾ ਪੈਟਰੋਲ ਨਹੀਂ ਪਵਾਉਂਦੇ ਪਰ ਆਪਣੇ ਅੰਦਰ ਨਿੱਤ ਸ਼ਰਾਬ­ ਗੁਟਕਾ­ ਸਿਗਰਟ ਤੇ ਪਾਣ ਆਦਿ ਵਰਗੇ ਕਈ ਜ਼ਹਿਰੀਲੇ ਪਦਾਰਥ ਪਾ ਰਹੇ ਹਾਂ । ਮੇਰੇ ਇਕ ਜਾਣਕਾਰ ਨੇ ਲਿਵਰ ਦਾ ਇਲਾਜ ਕਰਵਾਇਆ ਹੈ । ਉਸਦਾ 60 ਹਜ਼ਾਰ ਰੁਪਿਆ ਲੱਗਾ ਹੈ । ਜੇਕਰ ਸਰੀਰ ਦੇ ਸਾਰੇ ਅੰਗਾਂ ਦੀ ਕੀਮਤ ਲਗਾਈਏ ਤਾਂ ਕਿੰਨੀ ਹੋਵੇਗੀ। ਇਹ ਕੀਮਤ ਨਹੀਂ ਲੱਗ ਸਕਦੀ । ਕੁਦਰਤ ਵਲੋਂ ਬਖਸ਼ਿਸ਼ ਕੀਤੇ ਅੰਗਾਂ ਵਰਗੇ ਅੰਗ ਮੁੱਲ ਨਹੀਂ ਮਿਲਦੇ ।
ਇਹ ਦਵਾਈਆਂ ਖਾਣ ਦੇ ਸ਼ੌਕੀਨ ਆਪਣੀਆਂ ਗਲਤੀਆਂ ਕਾਰਨ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਤੇ ਆਪਣੀ ਮਿਹਨਤ ਦੀ ਕਮਾਈ ਦਾ ਵੱਡਾ ਹਿੱਸਾ ਡਾਕਟਰਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾ ਰਹੇ ਹਨ । ਸਰਕਾਰ ਨੂੰ ਇਨ੍ਹਾਂ ਸ਼ੌਕੀਨਾਂ ਨੂੰ ਟੈਕਸ ਤੋਂ ਛੋਟ ਦੇਣ ਦੀ ਬਜਾਏ ਇਨ੍ਹਾਂ ਕੋਲੋਂ ਟੈਕਸ ਲੈਣਾ ਚਾਹੀਦਾ ਸੀ ਤਾਂ ਕਿ ਇਹ ਸ਼ੌਕੀਨ ਟੈਕਸ ਤੋਂ ਡਰਦੇ ਘੱਟੋ-ਘੱਟ ਆਪਣੀ ਜੀਵਨ ਸ਼ੈਲੀ ਤਾਂ ਸੁਧਾਰਦੇ । ਹੁਣ ਇਸ ਸਹੂਲਤ ਨਾਲ ਇਹ ਸ਼ੌਕੀਨ ਬੇਹੱਦ ਖੁਸ਼ ਹੋਣਗੇ ਤੇ ਸਰਕਾਰ ਦਾ ਸ਼ੁਕਰ ਮਨਾਉਂਦੇ ਹੋਏ ਕਹਿ ਰਹੇ ਹੋਣਗੇ ਕਿ ਦਵਾਈਆਂ ਖਾਓ­ ਟੈਕਸ ਬਚਾਓ।
ਸੁਖਮਿੰਦਰ ਸਿੰਘ ਸਹਿੰਸਰਾ