ਜੇ ਕਰ ਆਪਣੇ ਹੱਥੀਂ ਯਾਰਾ – ਗ਼ਜ਼ਲ

ਜੇ ਕਰ ਆਪਣੇ ਹੱਥੀਂ ਯਾਰਾ, ਲਾਏ ਨਾ ਤੂੰ ਰੁੱਖ,
ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਢੀ ਛਾਂ ਦਾ ਸੁੱਖ ?

ਜਿਦ੍ਹੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ,
ਅੱਜ ਅੱਖਾਂ ਤਰਸਣ ਵੇਖਣ ਲਈ ਉਸ ਦਾ ਸੋਹਣਾ ਮੁੱਖ।

ਮਾਂ-ਬਾਪ ਪੜ੍ਹਾਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ,
ਖਬਰੇ ਬੁਢਾਪੇ ‘ਚ ਉਨ੍ਹਾਂ ਨੂੰ ਮਿਲ ਜਾਏ ਉਨ੍ਹਾਂ ਤੋਂ ਸੁੱਖ।

ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੈਆਂ ਦੁੱਖੜੇ ਸਹਿ ਕੇ,
ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ।

ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ ?
ਸੱਭ ਨੇ ਰਲ ਕੇ ਉਜਾੜੀ ਹੈ ਯਾਰੋ, ਜਿਸ ਮਾਂ ਦੀ ਕੁੱਖ।

ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ,
ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ।

ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ ‘ਚ ਮਿਲਾ ਦਿੰਦੇ,
ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554