ਜੁੱਤੀ  

ਲੇਖਕ – ਭਗਵਾਨ ਸਿੰਘ ਤੱਗੜ                                                                          ਹਾਸ-ਵਿਅੰਗ

ਜੁੱਤੀ ਦੇ ਨਾਂ ਤੋਂ  ਗਾਇਕਾ ਸੁਰਿੰਦਰ ਕੌਰ ਦਾ  ਗਾਇਆ ਹੋਇਆ ਇਕ ਗੀਤ ਯਾਦ ਆ ਗਿਆ, ਗੀਤ ਦੇ ਬੋਲ ਸਨ।

ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ ਰੱਬਾ ਵੇ ਮੈਨੂੰ ਤੁਰਨਾ ਪਿਆ,
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ ਉਨੀ੍ਹਂ ਰਾਹੀਂ ਮੈਨੂੰ ਮੁੜਣਾ ਪਿਆ।

ਵੈਸੇ ਫਿਲਮ 420 ਦਾ ਇਕ ਹੋਰ ਵੀ ਗੀਤ ਸੀ ਗੀਤ ਦੇ ਬੋਲ ਸਨ,

ਮੇਰਾ ਜੂਤਾ ਹੈ ਜਪਾਨੀ ਯੇ ਪਤਲੂਨ ਇੰਗਲਿਸ਼ਤਾਨੀ,
ਸਰ ਪੇ ਲਾਲ ਟੋਪੀ ਰੂਸੀ ਫਿਰ ਭੀ ਦਿਲ ਹੈ ਹਿੰਦੂਸਤਾਨੀ ।

ਜੁੱਤੀਆਂ ਪੈਣ ਲੱਗ ਜਾਣ ਤਾਂ  ਰੂਸੀ ਟੋਪੀ  ਨਾਲ ਸਿਰ ਨਹੀਂ ਬਚ ਸਕਦਾ ਫੇਰ ਤਾਂ ਭੱਜਣਾ ਪਂੈਦਾ ਹੈ।ਜੁੱਤੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਵੇਂ ਟਰੇਨਰ, ਤਿੱਲੇ ਵਾਲੀ ਜੁੱਤੀ, ਸੈਂਡਲ,ਉੱਚੀ ਅੱਡੀ  ਵਾਲੀ ਜੁੱਤੀ, ਕੋਹਲਾਪੁਰੀ ਜੁੱਤੀ, ਬਿਨਾ ਤਸਮੇ ਅਤੇ ਤਸਮੇਂ ਵਾਲੇ ਜਾਂ ਫੇਰ ਬੱਕਲ ਲੱਗੇ ਹੋਏ ਬੂਟ ਇਹ ਸਭ ਜੁੱਤੀਆਂ ਰਬੜ,ਰੈਕਸਨ ਪਲਾਸਟਿਕ ਅਤੇ ਚਮੜੇ ਦੀਆਂ  ਬਣੀਆਂ ਹੁੰਦੀਆ ਹਨ।  ਵੇਸੇ ਚਮੜੇ ਦੀ ਜੁੱਤੀ ਹੁੰਦੀ ਬੜੀ ਮਜਬੂਤ ਹੈ ਪਾਉਣ ਚ’ ਤਾਂ ਵਧਿਆ ਹੁੰਦੀ ਹੀ ਹੈ, ਪਰ ਜੇ  ਕਿਸੇ ਦੇ ਵੱਜ ਜਾਵੇ ਤਾਂ  ਉਹ ਤਾਂ ਪਾਣੀ ਮੰਗਣ ਜੋਗਾ ਨਹੀਂ ਰਹਿੰਦਾ । ਖੈਰ ਆਪਾਂ ਜੁੱਤੀਆਂ ਦੀਆਂ ਕਿਸਮਾਂ ਦਾ ਪਤਾ ਕਰਕੇ ਦੁਕਾਨ ਥੋਹੜੀ ਖੋਲ੍ਹਣੀ ਐਂ, ਆਉ ਆਪਾਂ ਜੁੱਤੀ ਦੀ ਗੱਲ ਕਰੀਏ ਜੁੱਤੀ ਦੇ ਜ਼ੋਰ ਤੇ ਬਹੁਤ ਸਾਰੇ ਕੰਮ ਕਰਾਏ ਜਾ ਸਕਦੇ ਹਨ ।

ਜੁੱਤੀ ਨਾਲ ਦੋ ਤਰ੍ਹਾਂ ਦੀ ਸੇਵਾ ਹੁੰਦੀ ਹੈ ਗੁਰਦਵਾਰੇ ਜਾਕੇ ਲੋਕ, ਲੋਕਾਂ ਦੇ ਜੋੜੇ ਝਾੜਕੇ  ਸੇਵਾ ਕਰਦੇ ਹਨ, ਅਤੇ ਜੇ ਕਿਸੇ ਨੇ ਕੋਈ ਗਲਤੀ  ਕੀਤੀ ਹੋਵੇ ਤਾਂ ਉਸਨੂੰ ਸੀਰੀ ਅਕਾਲਤਖ਼ਤ ਸਾਹਿਬ ਤੇ ਸੱਦਕੇ  ਤਣਖਾਹੀਆ ਕਰਾਰ ਕਰਕੇ ਸਜ਼ਾ ਵਜੋਂ ਜੋੜਿਆਂ ਦੀ ਸੇਵਾ ਦਿੱਤੀ ਜਾਂਦੀ ਹੈ  ਮਾਹਾਰਾਜਾ ਰਣਜੀਤ ਸਿਘ ਨੂੰ ਵੀ ਲਾਹੋਰ ਦੀ ਇਕ ਮੁਸਲਮਾਨ ਔਰਤ ਮੋਰਾਂ ਨਾਲ ਵਿਆਹ ਕਰਵਾਉਣ ਦੇ ਬਦਲੇ ਉਸ ਵਕਤ ਦੇ ਜੱਥੇਦਾਰ ਅਕਾਲੀ ਫੂਲਾ ਸਿਘ ਜੀ ਨੇ ਮਾਹਾਰਾਜੇ ਨੂੰ ਸੀਰੀ ਅਕਾਲਤਖ਼ਤ  ਸਾਹਿਬ ਤੇ ਸੱਦਕੇ ਤਣਖਾਈਆ ਕਰਾਰ ਕਰਕੇ ਪੰਜਾਹ ਕੋੜਿਆਂ ਦੀ ਸਜ਼ਾ ਸੁਨਾਈ ਸੀ ਪਰ ਜਦੋਂ ਮਾਹਾਰਾਜਾ ਸਜ਼ਾ ਭੁਗਤਨ ਨੂੰ ਤਿਆਰ ਹੋਇਆ ਤਾਂ  ਜੱਥੇਦਾਰ ਅਕਾਲੀ ਫੂਲਾ ਸਿਘ ਜੀ ਨੇ ਸਾਧ ਸੰਗਤ ਦੀ ਸਹਿਮਤੀ ਨਾਲ ਅੱਗੇ ਤੋਂ ਗਲਤੀ ਨਾ ਕਰਨ ਦਾ ਵਾਅਦਾ ਲੈਕੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾਂ ਸੀ ।  ਤੇ ਕਈ ਵਾਰੀ ਗੁਰਦਵਾਰੇ ਤੋਂ ਜੁਤੀ ਚੋਰੀ ਕਰਦਾ ਬੰਦਾ ਪਕੜਿਆ ਜਾਵੇ  ਤਾਂ ਫੇਰ ਉਹ ਤਾਂ ਕਰੇ ਆਵਦੀ ਮਾਂ ਨੂੰ ਯਾਦ, ਸੇਵਾਦਾਰ ਜੁੱਤੀਆਂ ਦੀ ਸੇਵਾ ਕਰਨ ਲੱਗੇ ਚੋਰੀ ਕਰਨ ਵਾਲੇ ਦਾ ਅੱਗਾ ਪਿੱਛਾ ਨਹੀਂ ਦੇਖਦੇ ਫੇਰ ਤਾਂ ਪੈਣਦੇ ਜਿੱਥੇ ਪੈਂਦੀ ਹੈ ਜੁੱਤੀ । ਇਹ ਸੇਵਾ ਭਾਵ ਦਾ ਕੰੰਮ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਤਰੇਤਾ ਯੁਗ ਵਿਚ ਜਦੋਂ ਸੀਰੀ ਰਾਮ ਚੰਦਰ ਜੀ ਬਨਵਾਸ ਨੂੰ ਚਲੇ ਗਏ ਸਨ ਤਾਂ ਛੋਟੇ ਵੀਰ ਭਰਤ ਨੇ ਉਨ੍ਹਾਂ ਦੀਆਂ ਖੜਾਵਾਂ ਰਾਜਗੱਦੀ ਤੇ ਰੱਖਕੇ ਸੇਵਕ ਦੇ ਰੂਪ ਵਿਚ ਰਾਜ-ਕਾਜ ਚਲਾਇਆ ਸੀ ।

ਜੁੱਤੀ ਕਈ ਕੰਮ ਕਰਦੀ ਹੈ ਚਲਦੀ ਵੀ ਹੈ ਤੇ ਚਲਾਈ ਵੀ ਜਾਂਦੀ ਹੈ ਤੇ ਨਵੀਂ ਬਣੀ ਕੋਠੀ ਦੇ ਮੁਹਰੇ ਵੀ ਲੋਕ ਨਜ਼ਰ ਤੋਂ ਬਚਣ ਵਾਸਤੇ ਜੁੱਤੀ ਲਟਕਾ ਦਿੰਦੇ ਹਨ ਤੇ ਇਕ ਪੁਰਾਣੀ ਕਹਾਵਤ ਜਿਹੜੀ ਜੁੱਤੀ ਨਾਲ ਹੀ ਜੁੜੀ ਹੋਈ ਹੈ  ਉਹ ਇਹ ਹੈ ਕਿ ਲੋਕਾਂ ਨੂੰ ਕਹਿੰਦੇ ਸੁਣੀਦਾ ਹੈ ਦੋ ਸਾਲ ਹੋ ਗਏ ਦਫਤਰਾਂ ਦੇ ਚੱਕਰ ਲਗਾ ਲਗਾ ਕੇ ਜੁੱਤੀਆਂ ਵੀ ਘਸ ਗਈਆਂ ਪਰ ਨੌਕਰੀ ਹਾਲੇ ਤੱਕ ਨਹੀਂ ਮਿਲੀ ।ਜੁੱਤੀ ਹੁਣ ਪੈਰਾਂ ਵਿਚ ਪਾਉਣ ਵਾਲੀ ਨਹੀਂ ਰਹੀ, ਸਿਰ ਦਾ ਤਾਜ ਬਣ ਗਈ ਹੈ। ਨਹੀਂ ਯਕੀਨ ਆਉਂਦਾ ਤਾਂ ਲਉ ਸੁਣੋ ਟਰੇਨ ਦਾ ਸਫਰ ਕਰਦਿਆਂ ਯਾਤਰੀ ਸਾਰਾ ਸਮਾਨ ਭਾਵੇਂ ਸੀਟ ਦੇ ਹੇਠ ਰੱਖ ਦੇਣ ਪਰ ਸੋਣ ਲੱਗੇ ਜੁੱਤੀ ਆਪਣੇ ਸਿਰ ਹੇਠ ਰੱਖਕੇ ਸੌਂਦੇ ਹਨ । ਜੁੱਤੀਆਂ ਪੈਸੇ ਬਣਾਉਣ ਦੇ ਵੀ ਕੰਮ ਆਉਦੀਆਂ ਹਨ। ਹੁਣ ਤੁਸੀਂ ਕਹੋਂਗੇ ਕਿ ਉਹ ਕਿਵੇਂ ਲਉ ਮੈਂ ਦੱਸਦਾ ਹਾਂ ਵਿਆਹ ਦੇ ਮੌਕੇ ਸਾਲੀਆਂ ਨਵੇਂ ਬਣੇ ਜੀਜੇ ਦੀ ਜੁੱਤੀ ਲਕੋ ਕੇ ਜੀਜੇ ਦੀ ਜੇਹਬ ਖਾਲੀ ਕਰਾਣ ਵਿਚ ਸਫ਼ਲ ਹੁੰਦੀਆਂ ਹਨ,  ਇਹ ਵੱਖਰੀ ਗੱਲ ਹੈ ਕਿ ਕਈ ਵਾਰੀ ਭੁਲੇਖੇ ਵਿਚ ਜੀਜੇ ਦੀ ਜੁੱਤੀ ਸਮਝ ਕੇ ਮੇਰੇ ਵਰਗੇ ਗਰੀਬ ਦੀਆਂ ਜੁੱਤੀਆਂ ਚੁੱਕੀਆਂ ਜਾਂਦੀਆਂ ਹਨ ਫੇਰ ਤਾਂ ਨੰਗੇ ਪੈਰੀਂ ਘਰ ਆਉਣਾ ਪੈਂਦਾ ਹੈ ।

ਲਉ ਕੱਲ ਦੀ ਗੱਲ ਸੁਣ ਲਉ ਸਾਡੀ ਧਰਮਪਤਨੀ ਬਜਾਰੋਂ ਆਈ ਤਾਂ ਹੱਥ  ਵਿਚ ਪਕੜੇ ਹੋਏ ਬਕਸੇ ਨੂੰ ਵੇਖ ਕੇ ਮੈਂ ਕਿਹਾ  “ਚੁਗਲ ਕੌਰੇ ਆਹ ਬਕਸੇ ਵਿਚ ਕੀ ਹੈ, ਲਗਦਾ ਹੈ ਅੱਜ ਕੋਈ ਖਾਣ ਵਾਲੀ ਚੀਜ ਲਿਆਈਂ ਹੈਂ।”  ਕਹਿਣ ਲਗੀ, “ਤੁਸੀਂ ਬਿਲਕੁਲ ਠੀਕ ਕਿਹਾ ਹੈ, ਬਕਸੇ ਵਿਚ ਜੁੱਤੀਆਂ ਹਨ ਖਾਣੀਐਂ ।” ਮੈਂ ਕਿਹਾ ਭਾਗਵਾਨੇ, ” ਮੈਂ ਅੱਜ ਕੁਝ ਨਹੀਂ ਖਾਣਾ ਮੇਰਾਂ ਅੱਜ ਵਰਤ ਰੱਖਿਆ ਹੋਇਆ ਹੈ।” ਇਕ ਦਿਨ ਮੇਰੀ ਧਰਮਪਤਨੀ ਮੈਨੂੰ ਕਹਿਣ ਲੱਗੀ ਸਰਦਾਰ ਦਲਿਦੱਰ ਸਿੰਘ ਜੀ,” ਜਿੰਨੇ ਬੰਦਿਆਂ ਨੇ ਲੀਡਰਾਂ ਤੇ ਜੁੱਤੀਆ ਵਗਾਹ ਕੇ ਮਾਰੀਆਂ ਹਨ ਸਾਰੇ ਹੀ ਮਸ਼ਹੂਰ ਹੋ ਗਏ ਕਈ ਤਾਂ ਲੀਡਰ ਵੀ ਬਣ ਗਏ ਇਰਾਕ ਵਿਚ ਬੁਸ਼ ਤੇ ਪੱਤਰਕਾਰ ਮੁਤਜਰ ਅਲ ਜੈਦੀ ਨੇ ਜੁੱਤੀ ਮਾਰੀ ਸੀ ,ਲੰਦਨ ਵਿਚ ਮੁਸ਼ਰਫ਼ ਤੇ ਜੁੱਤੀ ਪਈ ਸੀ, ਪਾਕਿਸਤਾਨ ਵਿਚ ਜ਼ਰਦਾਰੀ ਤੇ ਵੀ ਇਕ ਵਾਰੀ ਜੁੱਤੀ ਵਗਾ੍ਈ ਗਈ ਸੀ, ਪੱਤਰਕਾਰ ਜਰਨੈਲ ਸਿੰਘ ਨੇ  ਸਾਬਕਾ ਗ੍ਰਹਿ ਮੰਤਰੀ ਚਿਦਾਬੰਰਮ ਤੇ ਜੁਤੀ ਮਾਰੀ ਸੀ ਜੁੱਤੀ ਭਾਵੇਂ ਕਿਸੇ ਦੀ ਵੀ ਨਿਸ਼ਾਨੇ ਤੇ ਨਹੀਂ ਸੀ ਲੱਗੀ, ਪਰ ਜੁੱਤੀ ਮਾਰਨ ਵਾਲੇ ਮਸ਼ਹੂਰ ਜਰੂਰ ਹੋ ਗਏ ਸੀ। ਜਰਨੈਲ ਸਿੰਘ ਤਾਂ ਆਪ ਪਾਰਟੀ ਦਾ ਵਿਧਾਇਕ ਵੀ ਬਣ ਗਿਆ । ਵੈਸੇ ਜੁੱਤੀਆਂ ਭਾਵੇਂ ਜਿੰਨੀਆਂ ਮਰਜੀ ਮਾਰੀ ਜਾਵੋ ਦੇਸ਼ ਦਾ ਸੰਵਰਨਾ ਕੁਝ ਵੀ ਨਹੀਂ ਅਖੇ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉਥੇ ਦਾ ਉਥੇ  ਮੈਂ ਤਾਂ ਕਹਿਨੀ ਹੈਂ ਤੁਸੀਂ ਵੀ ਕਿਸੇ ਲੀਡਰ ਤੇ ਜੁੱਤੀ ਵਗਾਹ ਕੇ ਮਾਰੋ ਜੇ ਲੀਡਰ ਬਣ ਗਏ ਤਾਂ ਘਰ ਦੀ ਗਰੀਬੀ ਤਾਂ ਦੂਰ ਹੋ ਜਾਵੇਗੀ ।” ਮੈਂ ਕਿਹਾ ਚੁਗਲ ਕੋਰੇ, ” ਜੁੱਤੀ ਮਾਰਨ ਵਾਸਤੇ  ਹਿਮੱਤ ਚਾਹੀਦੀ ਹੈ, ਜੇ ਮੈਂ ਭਲਾ ਕਿਸੇ ਦੇ ਜੁੱਤੀ ਮਾਰ ਵੀ ਦਿੱਤੀ ਤੇ ਫੇਰ ਆ ਗਿਆ ਪੁਲਿਸ ਦੇ ਹੱਥ ਮੇਰੀ ਤਾਂ ਉਹ ਉਤਲੀ ਉਤਲੀ ਚਮੜੀ ਦੇਣਗੇ ਉਧੇੜ ਫੇਰ ਤਾਂ ਟਕੋਰ ਕਰਨ ਜੋਗਾ ਵੀ ਨਹੀਂ ਰਹਿਣਾ ਗਰੀਬੀ ਤਾਂ ਕੀ ਦੂਰ ਹੋਵੇਗੀ ਫੇਰ ਕਰਦੀ ਰਹੀਂ ਪੈਸੇ ਇੱਕਠੇਂ ਮੇਰੀ ਜਮਾਨਤ ਕਰਾਉਣ ਵਾਸਤੇ ।ਹਾਂ ਇਕ ਗੱਲ ਹੋ ਸਕਦੀ ਹੈ ਜੇ ਜੁੱਤੀਆਂ ਬਣਾਉਣ ਵਾਲੀਆਂ ਕੰਪਨੀਆਂ ਜਿਵੇਂ ਨਾਇਕ, ਬਾਟਾ, ਰੀਬੋਕ, ਆਦਿ  ਮੈਨੂੰ ਸਪੌਂਸਰ ਕਰਨ ਤਾਂ ਮੈਂ ਜੁਤੀਆਂ ਵਗਾਹ ਕੇ ਮਾਰਨ ਦੀ ਟਰੇਨਿਗ ਦੇਣ ਦਾ ਸਕੂਲ ਜ਼ਰੂਰ ਖੋਹਲ ਸਕਦਾ ਤਾਂ ਕਿ ਜੁੱਤੀਆਂ ਨਿਸ਼ਾਨੇ ਤੇ ਵੱਜਣ, ਨਾਲੇ ਕੰਪਨੀਆਂ ਦੀ ਮਸ਼ਹੂਰੀ ਵਾਧੂ ਦੀ ਹੋਵੇਗੀ ਚੁਗਲ ਕੌਰੇ ਦੇਖ ਫੇਰ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਨਾਲੇ ਇਕ ਵਾਰੀ ਕਿਸੇ ਲੀਡਰ ਦੇ ਸਿਰ ਚ’ ਜੁੱਤੀ ਵੱਜੀ ਹੋਵੇ ਤਾਂ ਇਕ ਵਾਰੀ ਤਾ ਬੌਂਦਲ ਕੇ ਡਿੱਗ ਪਉ ਅਤੇ ਹੋਸ਼ ਆਉਣ ਤੋਂ ਬਾਅਦ ਕੰਮ ਭਾਵੇਂ ਕਰੇ ਨਾ ਕਰੇ ਇਕ ਵਾਰੀ ਤਾਂ ਦੇਸ਼ ਦੀ ਭਲਾਈ ਦਾ ਕੰਮ ਕਰਨ ਵਾਸਤੇ ਜ਼ਰੂਰ ਸੋਚੂਗਾ।”  ਕਹਿਣ ਲੱਗੀ, ” ਰਹਿਣ ਦਿਉ ਜੀ ਸ਼ੇਖ ਚਿੱਲੀ ਵਾਲੀਆਂ ਗੱਲਾਂ ਕਰਨ ਨੂੰ ਤੁਸੀਂ ਉਨ੍ਹਾਂ ਕੰਪਨੀਆਂ ਵਾਲਿਆਂ ਦੇ ਮਾਸੀ ਦੇ ਪੁੱਤ ਲਗਦੇ ਹੋ ਜਿਹੜੇ ਤੁਹਾਨੂੰ ਸਕੂਲ ਖੋਲ੍ਹਣ ਵਾਸਤੇ ਪੈਸੇ  ਦੇ ਦੇਣਗੇ।  ਅਫਸਰਾਂ ਨੂੰ ਲੀਡਰਾਂ ਦੀਆਂ ਜੁੱਤੀਆਂ ਸਾਫ ਕਰਦੇ ਹੋਏ ਤੇ ਬੂਟਾਂ ਦੇ ਤਸਮੇ ਬਨ੍ਹਦੇ ਹੋਏ ਟੈਲੀਵਿਜ਼ਨ ਤੇ ਬਥੇਰੀ ਵਾਰੀ ਦੇਖੀਦਾ ਹੈ, ਤੁਹਾਨੂੰ ਕੀ ਹੋਇਐ ਤੁਸੀਂ ਕਿਉਂ ਨਹੀਂ ਕਿਸੇ ਲੀਡਰ ਦੀ ਜੁੱਤੀ ਸਾਫ਼ ਕਰਦੇ ।”  ਮੈਂ ਕਿਹਾ, ” ਇਹ ਤਾਂ ਚਾਪਲੂਸੀ ਹੋ ਗਈ ਮੈਂਥੋਂ ਨਹੀਂ ਲੀਡਰਾਂ ਦੀਆਂ ਜੁੱਤੀਆਂ ਚੱਟੀਆਂ ਜਾਂਦੀਆਂ ।” ਕਹਿਣ ਲੱਗੀ, ” ਅੱਜਕਲ ਚਾਪਲੂਸੀ ਦਾ ਜ਼ਮਾਨਾ ਹੈ ਤਰੱਕੀ ਉਹੀ ਕਰ ਸਕਦਾ ਹੈ ਜਿਹੜਾ ਅਫਸਰਾਂ ਅਤੇ ਲੀਡਰਾਂ ਦੀਆਂ ਜੁੱਤੀਆਂ ਚੱਟਦਾ ਹੈ  ਲੋਕ ਚਾਪਲੂਸੀ ਕਰ ਕਰ ਕਿਤੇ ਦੀ ਕਿਤੇ ਪਹੁੰਚ ਗਏ ਤੇ ਤੁਸੀਂ ਉਥੇ ਦੇ ਉਥੇ ਹੀ ਬੈਠੇ ਹੋ ਜਿੰਨੀ ਤੁਸੀਂ ਤਣਖਾਹ ਲਿਆਉਣੇ ਹੋਂ ਉਸ ਨਾਲ ਤਾਂ ਬੁੱਲ੍ਹ ਵੀ ਨਹੀਂ ਲਿੱਬੜਦੇ ਮਹੀਨੇ ਦੀ ਪੰਦਰਾਂ ਤਰੀਕ ਆਉਂਦੇ ਆਉਂਦੇ ਤਣਖਾਹ ਦਾ ਭੋਗ ਪੈ ਜਾਦਾ ਹੈ, ਰਾਸ਼ਨ ਵਾਲੇ ਲਾਲੇ ਦੀਆਂ ਕਦੋਂ ਤੱਕ ਮਿਨੰਤਾਂ ਕਰੀ ਜਾਵਾਂਗੇ।” ਮੈਂ ਕਿਹਾ, ” ਲੈ ਚੁਗਲ ਕੌਰੇ ਜੇ ਤੂੰ ਕਹਿਨੀ ਹੈਂ ਤਾਂ ਮੈਥੋਂ ਜੁਤੀਆਂ ਤਾਂ ਨਹੀਂ ਚੱਟੀਆਂ ਜਾਂਣੀਆਂ ਪਰ ਕਿਸੇ ਜਲਸੇ ਜਲੂਸ ਵਿਚ ਲੀਡਰ ਦੇ ਜੁੱਤੀ ਜ਼ਰੂਰ ਮਾਰ ਸਕਦਾ ਹਾਂ।” ਕਹਿੰਦੀ, ” ਜੁੱਤੀ ਵੀ ਬੰਦੇ ਹੀ ਮਾਰਦੇ ਹਨ ਕਰੋ ਹਿੱਮਤ ਲੀਡਰ ਦੇ ਜੁੱਤੀ ਮਾਰਕੇ ਮਸ਼ਹੂਰ ਤਾਂ ਤੁਸੀਂ ਹੋ ਹੀ  ਜਾਉਂਗੇ, ਚਲੋ ਲੀਡਰੀ ਨਾ ਸਹੀ ਕੋਈ ਚੰਗੀ ਨੌਕਰੀ ਤਾਂ ਕਿਤੇ ਗਈ ਨਹੀਂ।”  ਮੈਂ ਕਿਹਾ, ” ਚੁਗਲ ਕੌਰੇ  ਤੂੰ ਠੀਕ ਕਹਿਨੀ ਹੈਂ ਜੁੱਤੀ ਬਿਨਾ ਅੱਜਕਲ ਕੰਮ ਨਹੀਂ ਚਲਦਾ ਸਭ ਜੁੱਤੀ ਦੇ ਯਾਰ ਹਨ.

ਦਿੱਲੀ ਵਿਚ ਪੁਲਿਸ ਅੱਜਕਲ ਉਪਰੇਸ਼ਨ ਸ਼ਿਸ਼ਟਾਚਾਰ ਚਲਾ ਰਹੀ ਹੈ।” ਕਹਿਣ ਲੱਗੀ , “ਜੀ ਉਹ ਕਿਹੜਾ ਅਚਾਰ ਹੁੰਦਾ ਹੈ।” ਮੈਂ ਕਿਹਾਂ, ” ਪੁਲਿਸ ਦੀਆਂ ਬੁੜ੍ਹੀਆਂ ਅਤੇ ਬੰਦੇ ਸਾਦੀ ਵਰਦੀ ਵਿਚ ਭੀੜ ਭਾੜ ਵਾਲੀਆਂ ਥਾਂਵਾਂ ਤੇ ਘੁੱਮਦੇ ਫਿਰਦੇ ਹਨ ਜਿਹੜਾ  ਕਿਸੇ ਕੁੜੀ ਨੂੰ ਛੇੜਦਾ ਹੈ ਉਸਨੂੰ ਨੱਪ ਲੈਂਦੇ ਹਨ ਤੇ ਜੁੱਤੀ ਨਾਲ ਉਸਦੀ ਭੁਗਤ ਸਵਾਰਦੇ ਹਨ ਅੱਜਕਲ ਅਖ਼ਬਾਰ ਖ਼ਬਰਾਂ ਨਾਲ ਭਰੇ ਆਦੇ ਹਨ ਕੁੜੀ ਨੂੰ ਛੇੜਦੇ ਹੋਏ ਮਜਨੂੰ ਪਕੜਿਆਂ ਗਿਆ ਤੇ ਉਸਦੇ ਜੁੱਤੀਆਂ ਪਈਆਂ ।” ਕਹਿਣ ਲੱਗੀ, ਪੁਲਿਸ  ਵਾਲੇ ਭਾਵੇਂ ਜਿੰਨਾ ਮਰਜੀ ਅਚਾਰ ਪਾ ਲੈਣ  ਜਿੰਨਾ ਚਿਰ ਬੰਦਿਆਂ ਦੀ ਸੋਚ ਨਹੀਂ ਬਦਲਦੀ  ਉਨਾ ਚਿਰ ਸੁਧਾਰ ਨਹੀਂ ਹੋ ਸਕਦਾ ਤੇ ਮੈਨੂੰ ਨਹੀਂ ਲਗਦਾ ਬੰਦਿਆਂ ਦੀ ਸੋਚ ਬਦਲੇਗੀ  ਕੁੜੀਆਂ ਨੂੰ ਹੀ ਬਹਾਦਰ ਬਣਨਾ ਪਵੇਗਾ ਕੁੜੀਆਂ ਨੂੰ ਆਵਦੀ ਸੁਰੱਖਿਆ ਆਪ ਕਰਨੀ ਪਵੇਗੀ  ਜਿੰਨਾ ਚਿਰ ਕੁੜੀਆਂ ਕਰਾਟੇ ਆਦਿ ਦੀ ਸਿੱਖਿਆਂ ਲੇਕੇ ਛੇੜਖਾਨੀ ਕਰਨ ਵਾਲਿਆਂ ਦੀ ਜੁੱਤੀਆਂ ਨਾਲ ਸੇਵਾ ਨਹੀਂ ਕਰਦੀਆਂ ਉਨਾ ਚਿਰ ਇਹ  ਛੇੜ ਛਾੜ ਦਾ ਸਿਲਸਿਲ ਇਵੇਂ ਹੀ ਚੱਲੀ ਜਾਣਾ ਹੈ। ਮੈਨੂੰ ਇਕ ਹੋਰ ਗੱਲ ਦੀ ਸਮਝ ਨਹੀਂ ਆਉਂਦੀ ਬਈ ਰਾਂਝਾਂ,ਮਾਹੀਵਾਲ,ਫਰਹਾਦ ਅਤੇ ਰੋਮੀਅੋਂਂ ਇਨ੍ਹਾਂ ਚੋਂ ਕਿਸੇ ਨੂੰ ਕੁੱਟ ਨਹੀਂ ਪੈਂਦੀ ਵਿਚਾਰੇ ਮਜਨੂੰ ਦੇ  ਰੋਜ ਕੁੱਟ ਪੈਂਦੀ ਹੈ, ਮਜਨੂੰ  ਨੂੰ ਤਾਂ ਜੀ ਮਰੇ ਨੂੰ ਵੀ ਵਰ੍ਹੇ ਬੀਤ ਗਏ  ਵਿਚਾਰਾ ਲੈਲਾ ਲੈਲਾ ਕਰਦਾ ਮਰ ਗਿਆ ਕਿਤੇ ਫੇਰ ਤਾਂ ਨਹੀਂ ਜੀਂਦਾ  ਹੋ ਗਿਆ।”ਮੈਂ ਕਿਹਾ, ਤੂੰ ਠੀਕ ਕਹਿਨੀ ਹੈਂ ਉਸਨੂੰ ਵਿਚਾਰੇ ਨੂੰ ਮਰੇ ਨੂੰ ਕਈ ਵਰ੍ਹੇ ਬੀਤ ਗਏ ਹਨ ਪਰ  ਕੁਝ ਸੜਕ ਛਾਪ ਆਸ਼ਕਾਂ ਨਾਲ ਮਜਨੂੰ ਦਾ ਨਾਂ ਜੋੜਕੇ ਇਹ ਅਖਬਾਰਾਂ ਵਾਲੇ ਇਵੇਂ  ਵਿਚਾਰੇ ਮਜਨੂੰ ਨੂੰ ਬਦਨਾਮ ਕਰ ਰਹੇ ਹਨ ਮਜਨੂੰ ਵਰਗੇ ਸੱਚੇ ਆਸ਼ਕਾਂ ਨੂੰ ਚਾਹੀਦਾ ਹੈ ਅਖਬਾਰਾਂ ਦੇ ਦਫਤਰਾਂ ਵਿਚ ਜਾਕੇ ਮਜਨੂੰ ਦੇ ਖਿਲਾਫ਼ ਲਿਖਣ ਵਾਲਿਆਂ ਨੂੰ ਜੁੱਤੀ ਨਾਲ ਸਮਝਾਂਉਣ।

ਜੁੱਤੀ ਨੂੰ ਯਾਦ ਕਰਕੇ ਚੁਗਲ ਕੌਰ ਕਹਿਣ ਲੱਗੀ, ” ਆਪਣਾ ਵਾਅਦਾ ਯਾਦ ਹੈ ਨਾ ।” ਮੈਂ ਕਿਹਾ,” ਕਿਹੜਾ ਵਾਅਦਾ ।” ਕਹਿਣ ਲੱਗੀ,” ਤੁਹਾਡੀ ਯਾਦਾਸ਼ਤ ਨੂੰ ਪਤਾ ਨਹੀਂ ਕੀ ਹੁੰਦਾ ਜਾਂਦਾ ਹੈ ਬੜੀ ਜਲਦੀ ਗੱਲ ਨੂੰ ਭੁੱਲ ਜਾਂਨੇ ਹੋਂ  ਲੈ ਮੈਂ ਯਾਦ ਕਰਾਂਉਣੀ ਹਾਂ ਅੱਜ ਲੀਡਰ ਨੇ ਵੋਟਾਂ ਮੰਗਣ ਆਉਣੈਂ ਅੱਜ ਮੌਕਾ ਹੈ ਜੁੱਤੀ ਚਲਾਉਣ ਦਾ।” ਮੈਂ ਕਿਹਾ,” ਜੇ ਪਕੜਿਆ ਗਿਆ ਫੇਰ ਕੀ ਬਣੁੰ।” ਕਹਿਣ ਲੱਗੀ, ” ਜਿਹੋ ਜਿਹਾ ਨਾਂ ਹੈ ਉਹੋ ਜਿਹੇ ਤੁਸੀਂ ਹੋ, ਰਹੇ ਨਾ ਦੱਲਿਦਰ ਦੇ ਦੱਲਿਦਰ ਰਹਿਣ ਦਿਉ ਤੁਹਾਡੇ ਤੋਂ ਇਹ ਕੰਮ ਨਹੀ ਹੋਣਾ ਤੁਸੀਂ ਤਾਂ ਡਰਪੋਕ ਹੀ ਬੜੇ ਹੋ।”  ਧਰਮਪਤਨੀ ਦੀ ਚਿਤਾਵਨੀ ਦੇਣ ਤੋਂ ਬਾਅਦ ਮੈਂਨੂੰ ਵੀ ਜੋਸ਼ ਆ ਗਿਆ ਤੇ ਮੈਂ ਕਿਹਾ, ” ਚੁਗਲ ਕੋਰੇ ਮੈਨੂੰ ਇੰਨਾ ਡਰਪੋਕ ਨਾ ਸਮਝ ਲੈ ਮੈਂ ਵੀ ਅੱਜ ਤੈਨੂੰ ਲੀਡਰ ਦੇ ਜੁੱਤੀ ਮਾਰ ਕੇ ਵਖਾਉਂ।” ਘਰਵਾਲੀ ਦੀ ਚਿਤਾਵਨੀ ਸਵਿਕਾਰ ਕਰਦੇ ਹੋਏ  ਉਥੇ ਪਹੁੰਚ ਗਿਆ ਜਿੱਥੇ ਲੀਡਰ ਭਾਸ਼ਨ ਦੇ ਰਿਹਾ ਸੀ  ਚੁਗਲ ਕੌਰ ਇਹ ਕਹਿਕੇ ਮੇਰੇ  ਨਾਲ ਚੱਲ ਪਈ ਕਿ ਮੈਂ ਕਿਤੇ ਆਪਣਾ ਇਰਾਦਾ ਹੀ ਨਾਂ ਬਦਲ ਲਵਾਂ ਅਤੇ ਉਹ ਪਿੱਛੇ ਖੜੇ ਹੋਕੇ ਹੱਲਾ ਸ਼ੇਰੀ ਦਿੰਦੀ ਰਹੀ  ਮੈਂ ਡਰ ਵੀ ਰਿਹਾ ਸੀ ਤੇ ਮੈਂ ਪਸੀਨੋ ਪਸੀਨੀ ਹੋਇਆ ਖੜਾ ਸੀ ਹਾਲੇ ਸੋਚ ਹੀ ਰਿਹਾ ਸੀ ਕਿ ਜੁੱਤੀ ਮਾਰਾਂ ਜਾਂ ਨਾ ਮਾਂਰਾਂ, ਮੈਨੂੰ ਕਹਿਣ ਲੱਗੀ, ” ਮੈਨੂੰ ਪਤਾ ਸੀ ਤੁਸੀਂ ਜੁੱਤੀ ਨਹੀਂ ਮਾਰ ਸਕਣੀ ਲਿਆਉ ਮੈਨੂੰੰ ਪਕੜਾਉ ਤੇ ਉਸਨੇ ਮੇਰੇ ਹਥੋਂ ਜੁੱਤੀ ਖੋਹਕੇ ਜਿਉਂ ਹੀ ਲੀਡਰ ਦੇ ਮਾਰੀ  ਜੁੱਤੀ ਠਾਹ ਕਰਕੇ ਲੀਡਰ ਦੇ ਸਿਰ ਚ’ ਵੱਜੀ ਉਹ ਬੌਂਦਲ ਕੇ ਡਿੱਗ ਪਿਆ ਸਾਰੇ ਪਾਸੇ ਤੜਥੱਲੀ ਮੱਚ ਗਈ ਪੁਲਿਸ ਨੇ ਮੈਨੂੰੰ ਜੱਫਾ ਪਾ ਲਿਆ ਚੁਗਲ ਕੌਰ ਦਾ ਪਤਾ ਹੀ ਨਹੀਂ ਸੀ ਕਿਧਰ  ਪਤਰਾ ਵਾਚ ਗਈ ਸੀ। ਮਂੈਂ ਪੁਲਿਸ ਨੂੰ ਲੱਖ ਕਿਹਾ ਕਿ ਮੈਂ ਜੁੱਤੀ ਨਹੀਂ ਮਾਰੀ  ਕਹਿਣ ਲੱਗੇ, ” ਜੇ ਤੂੰ ਜੁੱਤੀ ਨਹੀਂ ਮਾਰੀ ਤਾਂ ਦਿਖਾ ਤੇਰੀ ਦੂਜੀ ਜੁੱਤੀ ਕਿੱਥੇ ਹੈ ਤੇ ਪੁਲਿਸ ਵਾਲਿਆ ਨੇ ਇਕ ਤਾਂ ਮੇਰੀਆਂ ਦੋਨੋ ਜੁੱਤੀਆਂ ਮਿਲਾ ਲਈਆਂ ਤੇ  ਦੂਜੇ  ਮਾਰ ਮਾਰ ਮੇਰੀ ਊਤਲੀ ਉਤਲੀ ਚਮੜੀ ਉਧੇੜ ਦਿੱਤੀ  ਪੁਲਿਸ ਸਟੇਸ਼ਨ ਤੇ ਮਿਲਣ ਆਈ ਚੁਗਲ ਕੌਰ ਨੂੰ ਮੈਂ ਕਿਹਾ, ” ਤੈਨੂੰ ਕਿਹਾ ਸੀ ਨਾ ਪੁਲਿਸ ਨੇ ਪਕੜ ਲੈਣਾ ਹੈ, ਨਾਲੇ ਇਹ ਦੱਸ ਜੁੱਤੀ ਮਾਰ ਕੇ ਕਿਧਰ ਨੂੰ ਭੱਜ ਗਈ ਸੀ।” ਕਹਿਣ ਲੱਗੀ, ” ਜੀ ਜੇ ਮੈਂ ਵੀ ਪਕੜੀ ਜਾਂਦੀ ਤਾਂ  ਪੁਲਿਸ ਵਾਲਿਆਂ ਨੇ ਮੈਂਨੂੰ ਵੀ ਛਿੱਲ ਦੇਣਾ ਸੀ  ਕਮ ਅਜ ਕਮ ਮੈਂ ਤਾਂ ਕੁੱਟ ਤੋਂ ਬਚ ਗਈ ਨਾਲੇ ਦੋਨੋ ਪਕੜੇ ਜਾਂਦੇ ਤਾਂ ਤੂਹਾਡੀ ਜਮਾਨਤ ਕੌਣ ਕਰਾਉਂਦਾ ।” ਮੈਂ ਕਿਹਾ,” ਜਮਾਨਤ ਦੀ  ਗੱਲ ਤਾਂ ਇਕ ਪਾਸੇ  ਮੈਨੂੰ ਤਾਂ ਪੁਲਿਸ ਵਾਲਿਆਂ ਨੇ ਤੁਰਨ ਜੋਗਾ ਨਹੀਂ ਛੱਡਿਆਂ ਮੇਰੀ ਤਾਂ ਨੌਕਰੀ ਦਾ ਵੀ ਭੋਗ ਪੈਂਦਾ  ਲਗਦਾ ਹੈ ਜਲਦੀ  ਕੋਈ ਜਮਾਨਤ ਦਾ ਇੰਤਜ਼ਾਮ  ਕਰ। ਘਰਵਾਲੀ ਵੱਲੋਂ ਲੀਡਰ ਦੇ ਜੁੱਤੀ ਮਾਰਨ ਦਾਂ ਇਹ ਨਤੀਜਾ ਨਿਕਲਿਆ ਕਿ ਅਸੀਂ ਜੇਹਲ ਚ ਬੈਠੇ  ਨਾਲੇ ਤਾਂ ਪੁਲਿਸ ਦੀਆਂ ਰੋਜਾਨਾ ਜੁੱਤੀਆਂ ਖਾਨੇ ਹਾਂ ਅਤੇ ਨਾਲੇ ਚੁਗਲ ਕੌਰ ਦੀ ਉੜੀਕ ਕਰਦੇ ਰਹਿਨੇ ਹਾਂ ਕਿ ਉਹ ਵਕੀਲ ਨੂੰ ਲੈਕੇ ਸਾਡੀ ਜਮਾਨਤ ਕਰਾਉਣ ਵਾਸਤੇ ਕਦੋਂ ਆਉਗੀ।