ਜਾਮੀਆ ’ਵਰਸਿਟੀ ਦੇ ਵਾਈਸ ਚਾਂਸਲਰ ਦਾ ਸਨਮਾਨ

ਨਵੀਂ ਦਿੱਲੀ- ਗੈਰਸਰਕਾਰੀ ਤੇ ਨਿਸ਼ਕਾਮ ਸੰਸਥਾ ‘ਕੈਪੀਟਲ ਫਾਊਂਡੇਸ਼ਨ ਸੁਸਾਇਟੀ’ ਵੱਲੋਂ ਨਵੀਂ ਦਿੱਲੀ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਾਈਸ ਚਾਂਲਸਰ ਪ੍ਰੋਫੈਸਰ ਤਲਤ ਅਹਿਮਦ ਨੂੰ ‘ਯੂਨੀਵਰਸਿਟੀ ਪ੍ਰਸ਼ਾਸਨ ਤੇ ਅਕਾਦਮਿਕ ਸ੍ਰੇਸ਼ਠਤਾ’ ਦੇ ਖੇਤਰ ਵਿੱਚ ਯੋਗਦਾਨ ਦੇਣ ਲਈ ‘ਕੈਪੀਟਲ ਫਾਊਂਡੇਸ਼ਨ ਨੈਸ਼ਨਲ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ। ਪ੍ਰੋ. ਅਹਿਮਦ ਨੂੰ ਇਹ ਸਨਮਾਨ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਤੋਂ ਪ੍ਰਾਪਤ ਕੀਤਾ। ਇਸ ਮੌਕੇ ਪ੍ਰੋ. ਅਹਿਮਦ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਕਸ਼ਮੀਰ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਜਾਮੀਆ ਯੂਨੀਵਰਸਿਟੀ ਅਤੇ ਦੇਸ਼ ਦੇ ਕੁਝ ਹੋਰ ਸੰਸਥਾਨਾਂ ਵਿੱਚ ਸਿੱਖਿਆ ਖਾਸਕਰ ਰਿਸਰਚ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੇ ਯਤਨਾਂ ਨੂੰ ਸਨਮਾਨਤ ਕੀਤਾ ਗਿਆ ਹੈ। ਪ੍ਰੋ. ਅਹਿਮਦ ਜਾਮੀਆ ਦੇ ਵਾਈਸ ਚਾਂਸਲਰ ਬਣਨ ਤੋਂ ਪਹਿਲਾਂ ਕਸ਼ਮੀਰ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹਿ ਚੁੱਕੇ ਹਨ।ਇਹ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਆਈਕੇ ਗੁਜਰਾਲ, ਭਾਰਤ ਦੇ ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਬਜੀ, ਦਿੱਲੀ ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਨਿਆਂਮੂਰਤੀ ਰਾਜਿੰਦਰ ਸੱਚਰ, ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਤੇ ਸਲਮਾਨ ਖੁਰਸ਼ੀਦ ਅਤੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਕੁਲਪਤੀ ਪ੍ਰੋ. ਦੀਪਕ ਪੇਂਟਲ ਸ਼ਾਮਲ ਹਨ।