ਜਦੋਂ ਰੱਬ ਨੇ ਛੱਪਰ ਫਾੜਿਆ

ਲੀਡਰਾਂ ਦਾ ਰੇਤਾ, ਬੱਜਰੀ, ਸ਼ਰਾਬ ਅਤੇ ਪੈਸੇ ਵਾਲੇ ਮਹਿਕਮਿਆਂ ‘ਤੇ ਕਬਜ਼ੇ ਕਰਕੇ, ਪਟਵਾਰੀਆਂ ਦਾ ਜੱਟਾਂ ਦੀ ਛਿੱਲ ਲਾਹ ਕੇ ਤੇ ਜੱਜਾਂ ਦਾ ਕਤਲ ਕੇਸਾਂ ‘ਚੋਂ ਬਰੀ ਕਰਵਾ ਕੇ ਪੈਸਿਆਂ ਦਾ ਮੀਂਹ ਵਰ੍ਹਦਾ ਹੈ । ਪਤਾ ਨਹੀਂ ਰੱਬ ਨੂੰ ਕਿਵੇਂ ਗ਼ਲਤੀ ਲੱਗ ਗਈ ਉਸ ਨੇ ਸਾਨੂੰ ਨੰਗ-ਮਲੰਗਾਂ ਨੂੰ ਅਚਾਨਕ ਹੀ ਛੱਪਰ ਫਾੜ ਦਿੱਤਾ ਤੇ ਮਿੰਟਾਂ-ਸਕਿੰਟਾਂ ਵਿਚ ਹੀ ਪਹਿਲਾਂ ਦੁੱਕੀਆਂ, ਤਿੱਕੀਆਂ, ਚਵਾਨੀਆਂ, ਅਠਿਆਨੀਆਂ, ਚਾਂਦੀ ਦੇ ਰੁਪਈਆਂ ਤੇ ਫਿਰ ਪੱਕੀ ਫ਼ਸਲ ‘ਤੇ ਪੈਂਦੇ ਗੜਿਆਂ ਵਾਂਗ ਸੌ-ਸੌ ਦੇ ਨੋਟਾਂ ਦੀ ਬਰਸਾਤ ਹੋਣ ਲੱਗ ਪਈ । ਅਸੀਂ ਹਾਬੜ ਕੇ ਆਪਣੀਆਂ ਜੇਬ੍ਹਾਂ ਤੇ ਪਜਾਮਾ ਲਾਹ ਕੇ ਉਸ ਦੀਆਂ ਦੋਵੇਂ ਲੱਤਾਂ ਰੁਪਈਆਂ ਨਾਲ ਫੁੱਲ ਕਰ ਲਈਆਂ ।
ਘਰ ਆ ਕੇ ਬਾਪੂ ਨੂੰ ਦੱਸਿਆ ਕਿ ਹੁਣ ਤੈਨੂੰ ਦਿਹਾੜੀਆਂ ਕਰਨ ਤੇ ਬੇਬੇ ਨੂੰ ਲੋਕਾਂ ਦੀਆਂ ਕੋਠੀਆਂ ਵਿਚ ਪੋਚਾ ਨਹੀਂ ਲਗਾਉਣਾ ਪਵੇਗਾ ਤੇ ਮੈਨੂੰ ਤੁਸੀਂ ਫੀਸ ਨਾ ਦੇਣ ਕਰਕੇ ਸਕੂਲ ਤੋਂ ਹਟਾ ਲਿਆ ਸੀ, ਪਰ ਮੈਂ ਹੁਣ ਹੋਰ ਪੜ੍ਹਾਂਗਾ ਨਾ ਹੀ ਡੀਪੂ ਹੋਲਡਰ ਤੋਂ ਸੁੱਸਰੀ ਖਾਧੀ ਕਣਕ ਤੇ ਡੂੜ ਸੌ ਬੁਢੇਪਾ ਪੈਨਸ਼ਨ ਲੈਣ ਲਈ ਲੇਲੜੀਆਂ ਕੱਢਣੀਆਂ ਪੈਣਗੀਆਂ । ਜਦ ਮੈਂ ਬਾਪੂ ਨੂੰ ਅਸਮਾਨੀ ਪੈਸਾ ਮਿਲਣ ਬਾਬਤ ਦੱਸਿਆ ਤਾਂ ਉਸ ਨੇ ਬਾਬਿਆਂ ਦੇ ਦੁੱਧ ਦੇਣ ਲਈ ਬੇਬੇ ਨੂੰ ਵੀ ਮੋੜ ਲਿਆਂਦਾ ਕਿ ਬਸੰਤ ਕੁਰੇ ਛੱਡ ਹੁਣ ਬਲਾਤਕਾਰੀ ਤੇ ਲੁਟੇਰੇ ਬਾਬਿਆਂ ਦਾ ਖਹਿੜਾ ਹੁਣ ਤੇਰਾ ਨਿਕੰਮਾ ਪੁੱਤ ਆਪਾਂ ਨੂੰ ਐਸ਼ ਕਰਾਊ ।
ਮੇਰੇ ਘਰ ਦੀ ਗਰੀਬੀ ਸਮਝੋ ਜਾਂ ਮੇਰਾ ਨਿਕੰਮਾਪੁਣਾ ਮੇਰੀ ਉਮਰ ਪੈਂਤੀ ਸਾਲ ਦੀ ਹੋ ਗਈ ਸੀ ਪਰ ਮੈਨੂੰ ਅਜੇ ਤੱਕ ਕੋਈ ਅੱਖਾਂ ਦਾ ਅੰਨ੍ਹਾ ਵੇਖਣ ਪਾਖਣ ਭਾਵ ਰਿਸ਼ਤਾ ਕਰਨ ਲਈ ਨਹੀਂ ਸੀ ਆਇਆ । ਮੈਥੋਂ ਦਸ ਸਾਲ ਛੋਟੇ ਮਹਿਰਿਆਂ ਦੇ ਬੰਤੇ ਦੇ ਜਵਾਕ ਸਕੂਲ ਪੜ੍ਹ ਰਹੇ ਸਨ ।
ਅਚਾਨਕ ਸਮੇਂ ਨੇ ਪਲਟਾ ਖਾਧਾ ਤੇ ਸਕਿੰਟਾਂ ਵਿਚ ਇਕ ਗੱਡੀ ਸਾਡੇ ਦਰਵਾਜ਼ੇ ਦੇ ਬਾਹਰ  ਆ ਖੜ੍ਹੀ । ਮੈਂ ਵੀਹੀ ਵਾਲੇ ਟੁੱਟੇ ਤਖਤਿਆਂ ਵਿਚ ਦੀ ਦੇਖਿਆ ਤੇ ਸੁਣਿਆ ਔਣ ਵਾਲੇ ਤਿੰਨ ਬੰਦੇ ਗੱਲਾਂ ਕਰ ਰਹੇ ਸਨ ਕਿ ਇਹੀ ਘਰ ਹੈ ਅਸਮਾਨੀ ਪੈਸਾ ਮਿਲਣ ਵਾਲੇ ਮੁੰਡੇ ਦਾ । ਇਕ ਆਖ ਰਿਹਾ ਸੀ ਯਾਰ ਗੱਲ ਸਮਝੋਂ ਪਰੇ ਹੈ ਕਿ ਅੱਜ ਦਾ ਬੱਦਲ ਲੋਕਾਂ ਦੀਆਂ ਜੇਬ੍ਹਾਂ ‘ਤੇ ਡਾਕੇ ਮਾਰ ਕੇ ਸਰਕਾਰੀ ਪੈਸੇ ਦੀ ਲੁੱਟ ਕਰਕੇ ਚੁੰਬਕ ਪੱਥਰ ਦੀ ਤਰ੍ਹਾਂ ਪੈਸਾ ਖਿੱਚ ਰਿਹਾ ਹੈ ਪਰ ਇਸ ਮੁੰਡੇ ਨੂੰ ਕਿਹੜਾ ਸਤਿਯੁਗ ਬੱਦਲ ਨੋਟਾਂ ਦੀ ਵਰਖਾ ਕਰਨ ਵਾਲਾ ਮਿਲ ਗਿਆ, ਚਲੋ ਆਪਾਂ ਕੀ ਲੈਣਾ ਹੈ, ਆਪਣੀ ਕੁੜੀ ਮੌਜਾਂ ਕਰੂ ।
ਉਹ ਤਿੰਨੇ ਬੰਦੇ ਸਾਡੇ ਘਰ ਆ ਕੇ ਵਾਣ ਦੇ ਟੁੱਟੇ ਮੰਜੇ ‘ਤੇ ਬੈਠ ਗਏ ਤੇ ਮੇਰੀ ਪੁੱਛਗਿੱਛ ਕਰਨ ਲੱਗ ਪਏ । ਇਕ ਨੇ ਮੇਰੀ ਉਮਰ ਪੁੱਛੀ ਤਾਂ ਮੈਂ ਕਿਹਾ ਕਿ ਮੈਂ ਗੁਰਦਿਆਲੇ ਕੇ ਖੱਡੂ ਹਾਣ ਦਾ ਹਾਂ । ਦੂਜਾ ਕਹਿੰਦਾ ਕਾਕਾ ਜੀ ਕਿੰਨਾ ਪੜ੍ਹੇ-ਲਿਖੇ ਹੋ। ਮੈਂ ਕਿਹਾ ਮੈਂ ਲਿਖਣ-ਪੂੰਝਣ ਤਾਂ ਜਾਣਦਾ ਨਹੀਂ ਪਰ ਸਾਡੇ ਗੁਆਂਢ ਇਕ ਮਾਸਟਰ ਹੈ ਜਿਹੜਾ ਇਕੱਲਾ ਹੀ ਢਾਈ ਸੌ ਜਵਾਕਾਂ ਦੀ ਟਿਊਸ਼ਨ ਰੱਖੀ ਬੈਠਾ ਹੈ । ਉਹ ਆਪ ਤਾਂ ਖੇਤ ਪੱਠੇ ਲੈਣ ਚਲਾ ਜਾਂਦਾ ਹੈ ਤੇ ਉਸ ਦੀ ਅਨਪੜ੍ਹ ਪਤਨੀ ਡੰਡਾ ਲੈ ਕੇ ਜਵਾਕਾਂ ਕੋਲ ਕੁਰਸੀ ‘ਤੇ ਬੈਠ ਜਾਂਦੀ ਹੈ । ਜਵਾਕ ਟਿਊਸ਼ਨ ਪੜ੍ਹਨ ਆਉਂਦੇ ਹਨ ਤੇ ਘੰਟਾ ਆਪਸ ਵਿਚ ਲੱਤ-ਮੁੱਕੀ ਚੂੰਢ-ਚਮੱਕੀ ਕਰਕੇ ਕਿਤਾਬਾਂ ਵਾਲਾ ਝੋਲਾ ਖੋਲ੍ਹੇ ਬਿਨਾਂ ਹੀ ਘਰਾਂ ਨੂੰ ਦੌੜ ਜਾਂਦੇ ਹਨ । ਮੈਂ ਉਸ ਮਾਸਟਰ ਕੋਲ ਟਿਊਸ਼ਨ ਰੱਖ ਕੇ ਅਸਮਾਨੀ ਪੈਸਾ ਗਿਣਨ ਜੋਗਾ ਹੋ ਜਾਵਾਂਗਾ । ਤੀਜਾ ਕਹਿੰਦਾ ਕਾਕਾ ਜੀ ਤੁਸੀਂ ਕਿੰਨੇ ਭਰਾ ਹੋ । ਮੈਂ ਕਿਹਾ ਤੁਸੀਂ ਭਰਾਵਾਂ ਤੋਂ ਟਿੰਡੀਆਂ ਲੈਣੀਆਂ, ਐਂ ਮੇਰੇ ਨਾਲ ਸਿੱਧੀ ਗੱਲ ਕਰੋ ।
ਉਨ੍ਹਾਂ ਨੇ ਚਾਹ ਪੀ ਕੇ ਮੇਰੇ ਹੱਥ ‘ਤੇ ਚਾਂਦੀ ਦਾ ਰੁਪਈਆ ਰੱਖਿਆ ਤੇ ਕਿਹਾ ਕਾਕਾ ਅੱਜ ਤੋਂ ਤੂੰ ਸਾਡਾ ਪ੍ਰਾਹੁਣਾ ਬਣ ਗਿਆਂ ਤੇ ਤੇਰਾ ਵਿਆਹ ਚੰਦ ਚਾਨਣੀ ਦੀਵਾਲੀ ਦਾ ਪੱਕਾ ਹੋ ਗਿਆ ਤੇ ਬਰਾਤ ਲੈ ਕੇ ਪਹੁੰਚ ਜਾਣਾ ਏਨਾ ਆਖ ਕੇ ਉਹ ‘ਇੰਕ ਰਿਮੂਵਰ’ ਲੱਗਣ ਵਾਂਗ ਸਾਡੇ ਘਰੋਂ ਗਾਇਬ ਹੋ ਗਏ ।
ਜਦ ਉਹ ਚਲੇ ਗਏ ਤਾਂ ਬਾਪੂ ਕਹਿੰਦਾ ਉਏ ਬੇਵਕੂਫਾ ਆਪਾਂ ਤਾਂ ਤੇਰੇ ਸਹੁਰਿਆਂ ਦੇ ਪਿੰਡ ਦਾ ਨਾਂਅ ਹੀ ਨਹੀਂ ਪੁੱਛਿਆ ਤੇ ਨਾ ਹੀ ਤਰੀਕ । ਕਿਤੇ ਨੱਥੂ ਕੇ ਟੀਟੂ ਵਾਂਗ ਕੈਨੇਡਾ ਦਾ ਰਿਸ਼ਤਾ ਕਰਾਉਣ ਲੱਗੇ ਤੀਹ ਲੱਖ ਦੀ ਠੱਗੀ ਵੱਜਣ ਵਾਂਗ ਆਪਾਂ ਨਾ ਲੁੱਟੇ ਜਾਈਏ । ਮੈਂ ਕਿਹਾ ਕਿ ਬਾਪੂ ਜੀ ਉਨ੍ਹਾਂ ਦੇ ਤੇੜ ਚਾਦਰੇ ਬੰਨ੍ਹੇ ਹੋਏ ਸੀ । ਉਹ ਜ਼ਰੂਰ ਹੀ ਬਠਿੰਡੇ ਜ਼ਿਲ੍ਹੇ ਦੇ ਹੋਣਗੇ । ਆਪਾਂ ਗੱਡੀਆਂ ਦਾ ਬੰਦੋਬਸਤ ਕਰਕੇ ਬਰਾਤ ਦੀ ਤਿਆਰੀ ਕਰੀਏ । ਕੋਲੰਬਸ ਨੇ ਅਮਰੀਕਾ ਲੱਭ ਲਿਆ ਸੀ ਆਪਾਂ ਤੋਂ ਪਿੰਡ ਨਾ ਲੱਭਿਆ ਜਾਊ, ਵਾਹ ਓਏ ਬਾਪੂ ਸਿਆਂ ਕਰਤੀ ਗੱਲ । ਅਸੀਂ ਦੋ ਗੱਡੀਆਂ ਕਿਰਾਏ ‘ਤੇ ਕਰ ਲਈਆਂ । ਇਕ ਵਿਚ ਬਰਾਤ ਤੇ ਦੂਜੀ ਵਿਚ ਮੈਂ ਤੇ ਬਾਪੂ । ਮਾਂ ਨੇ ਮੇਰੇ ਸਿਹਰਾ ਬੰਨ੍ਹਣ ਦੀ ਥਾਂ ਮੈਨੂੰ ਗੁਆਂਢਣ ਰਸੀਲੀ ਬੇਗਮ ਤੋਂ ਇਕ ਬੁਰਕਾ ਲਿਆ ਕੇ ਦੇ ਦਿੱਤਾ ਕਹਿੰਦੀ ਮੁੰਡੇ ਨੂੰ ਨਜ਼ਰ ਫਜਰ ਨਾ ਲੱਗ ‘ਜੇ । ਅਸੀਂ ਦੋ ਗੱਡੀਆਂ ‘ਤੇ ਰਵਾਨਾ ਹੋ ਗਏ । ਪਰ ਪਤਾ ਨਹੀਂ ਕੀ ਹੋਇਆ ਅਚਾਨਕ ਸਾਡੀਆਂ ਗੱਡੀਆਂ ਪੁਰਾਣੇ ਲੱਕੜ ਦੇ ਪਹੀਆਂ ਵਾਲੇ ਦੋ ਬਲਦਾਂ ਵਾਲੇ ਗੱਡੇ ਵਿਚ ਬਦਲ ਗਈਆਂ । ਬਲਦ ਗੱਡੇ ਨੂੰ ਹਵਾ ਵਿਚ ਉਡਾ ਕੇ ਲਈ ਜਾ ਰਹੇ ਸਨ । ਅਚਾਨਕ ਬਾਪੂ ਦੀ ਨਿਗ੍ਹਾ ਥੱਲੇ ਧਰਤੀ ‘ਤੇ ਇਕ ਪਿੰਡ ‘ਤੇ ਪੈ ਗਈ ਜਿਥੇ ਸਾਡੇ ਨਾਲ ਦੇ ਬਰਾਤੀ ਇਕ ਘਰ ਦੇ ਵਿਹੜੇ ਵਿਚ ਵਿਸ਼ੇ ਹੋਏ ਮੰਜਿਆਂ ‘ਤੇ ਬੈਠੇ ਦਾਰੂ ਪੀ ਰਹੇ ਸਨ ਤੇ ਮੁਰਗ-ਮੁਸੱਲਮ ਛਕ ਰਹੇ ਸਨ ।
ਬਾਪੂ ਨੇ ਬਲਦਾਂ ਨੂੰ ਪੁਚਕਾਰ ਕੇ ਉਸ ਵਿਆਹ ਵਾਲੇ ਘਰ ਦੇ ਕੋਠੇ ‘ਤੇ ਉਤਾਰ ਲਿਆ । ਅਸੀਂ ਗੱਡੇ ‘ਚੋਂ ਉਤਰੇ ਤਾਂ ਕੀ ਹੋਇਆ ਕਿ ਸਾਡੇ ਪਹਿਨੇ ਕੱਪੜੇ ਕਿਧਰੇ ਉੱਡ-ਪੁੱਡ ਗਏ । ਮੈਂ ਤੇ ਬਾਪੂ ਨੇ ਕੋਠੇ ‘ਤੇ ਪਈਆਂ ਰਜਾਈਆਂ ਤੇੜ ਬੰਨ੍ਹ ਲਈਆਂ ਤੇ ਕੋਠੇ ਤੋਂ ਥੱਲੇ ਪਏ ਮੰਜਿਆਂ ‘ਤੇ ਛਾਲ ਮਾਰ ਦਿੱਤੀ । ਕੁੜੀਆਂ ਗੀਤ ਗਾ ਰਹੀਆਂ ਸਨ, ‘ਲਾੜਾ ਅਰਸ਼ੋਂ ਉਤਰਿਆ ਲਈ ਰਜਾਈ ਬੰਨ੍ਹ, ਪਿਉ ਪੁੱਤ ਐਨਾ ਲੇਟ ਕਿਉਂ ਕੱਲ੍ਹ ਦੀ ਆਈ ਜੰਨ ।’
ਅਸੀਂ ਲੇਟ ਹੋਣ ਦੀ ਮੁਆਫ਼ੀ ਮੰਗੀ ਤੇ ਫਟਾ-ਫਟ ਅਨੰਦ ਕਾਰਜ ਸ਼ੁਰੂ ਹੋ ਗਿਆ । ਮਿੰਟਾਂ ਵਿਚ ਅਨੰਦ ਕਰਵਾ ਕੇ ਅਸੀਂ ਆਪਣੀ ਅਰਧਾਂਗਨੀ ਨੂੰ ਲੈ ਕੇ ਕੋਠੇ ‘ਤੇ ਖੜ੍ਹੇ ਗੱਡੇ ਨੂੰ ਸਟਾਰਟ ਕਰਕੇ ਹਵਾ ਨਾਲ ਗੱਲਾਂ ਕਰਨ ਲੱਗੇ । ਇਕ ਅਣਘੜਤ ਜਿਹੇ ਬੰਦੇ ਨੇ ਸਾਡੇ ਦੋ-ਦੋ ਧੌਲਾਂ ਮਾਰ ਕੇ ਸਾਥੋਂ ਗੱਡਾ ਖੋਹ ਲਿਆ ਅਖੇ ਇਹ ਗੱਡਾ ਮੇਰਾ ਹੈ, ਤੁਸੀਂ ਚੋਰੀ ਕਰ ਲਿਆ ਸੀ । ਮੈਂ ਇਕ ਵਾਰੀ ਤਾਂ ਉਸ ਬੰਦੇ ਨੂੰ ਇਨਾਮ ਦੇਣ ਲਈ ਸੋਚ ਗਿਆ ਕਿ ਸਾਡੇ ਮੁਲਕ ਵਿਚ ਹਰ ਰੋਜ਼ ਮੋਟਰਸਾਈਕਲਾਂ, ਕਾਰਾਂ ਤੇ ਜੱਟਾਂ ਦੀਆਂ ਮੋਟਰਾਂ ਤੇ ਟਰਾਂਸਫਾਰਮਰ ਚੋਰੀ ਹੁੰਦੇ ਹਨ ਪਰ ਪੁਲਿਸ ਅੱਜ ਤੱਕ ਕਿਸੇ ਚੋਰ ਨੂੰ ਨਹੀਂ ਫੜ ਸਕੀ, ਜੇ ਕੋਈ ਚੋਰ ਫੜਿਆ ਵੀ ਜਾਂਦਾ ਹੈ ਤਾਂ ਸਾਡੇ ਨੇਤਾ ਲੋਕ ਮਿੰਟਾਂ ਵਿਚ ਛੁਡਾ ਲਿਆਉਂਦੇ ਹਨ । ਪਰ ਸ਼ਾਬਾਸ਼ੇ ਇਸ ਬੰਦੇ ਦੇ ਜਿਸ ਨੇ ਆਪਣਾ ਚੋਰੀ ਹੋਇਆ ਗੱਡਾ ਖੁਦ ਹੀ ਲੱਭ ਲਿਆ । ਹੁਣ ਮੈਂ ਪੈਦਲ ਹੀ ਆਪਣੀ ਬੀਵੀ ਨੂੰ ਉਸ ਦੀ ਚੁੰਨੀ ਦਾ ਪੱਲਾ ਫੜ ਕੇ ਆਪਣੇ ਘਰ ਵੱਲ ਤੁਰਿਆ ਜਾ ਰਿਹਾ ਸੀ ਤੇ ਬਾਪੂ ਪਿੱਛੇ-ਪਿੱਛੇ ਪੈਸਿਆਂ ਦੀ ਛੋਟ ਕਰਦਾ ਆ ਰਿਹਾ ਸੀ । ਮੈਨੂੰ ਲੱਗਿਆ ਸੀ । ਮੈਨੂੰ ਲੱਗਿਆ ਜਿਵੇਂ ਮੇਰੀ ਦੁਲਹਨ ਧਰਤੀ ‘ਤੇ ਲੱਤਾਂ ਅੜਾ ਕੇ ਖੜ੍ਹ ਗਈ ਹੋਵੇ ਤੇ ਮੈਂ ਉਸ ਦੀ ਚੁੰਨੀ ਦਾ ਪੱਲਾ ਜ਼ੋਰ ਨਾਲ ਖਿੱਚ ਰਿਹਾ ਹੋਵਾਂ । ਮੈਂ ਜਦ ਪਿੰਡ ਦੀ ਫਿਰਨੀ ‘ਤੇ ਬੈਠੇ ਤਾਸ਼ ਖੇਡਦੇ ਬਜ਼ੁਰਗਾਂ ਕੋਲ ਦੀ ਲੰਘਿਆ ਤਾਂ ਇਕ ਬਜ਼ੁਰਗ ਮੇਰੇ ਬਾਪੂ ਨੂੰ ਕਹਿਣ ਲੱਗਾ, ‘ਓਏ ਬਚਨ ਸਿਆਂ ਇਸ ਕਮਲੀ ਨੇ ਇਉਂ ਨਹੀਂ ਤੁਰਨਾ ਇਸ ਨੂੰ ਡੰਡਾ ਮਾਰ ਜਾਂ ਇਸ ਨੂੰ ਬਰਸੀਮ ਦੇ ਹਰੇ ਪੱਠੇ ਲਿਆ ਕੇ ਚਾਰ ।’ ਮੈਂ ਭਮੰਤਰ ਕੇ ਪਿੱਛੇ ਵੱਲ ਵੇਖਿਆ ਤਾਂ ਕੀ ਦੇਖਦਾ ਹਾਂ ਕਿ ਮੈਂ ਇਕ ਬੁੱਢੀ ਬੱਕਰੀ ਦਾ ਰੱਸਾ ਹੱਥ ‘ਚ ਫੜਿਆ ਹੋਇਆ ਸੀ ਤੇ ਉਹ ਚਾਰੇ ਲੱਤਾਂ ਜ਼ਮੀਨ ਵਿਚ ਗੱਡੀ ਖੜ੍ਹੀ ਮਿਆਂ-ਮਿਆਂ ਕਰ ਰਹੀ ਸੀ । ਮੈਂ ਉੱਚੀ ਆਵਾਜ਼ ਵਿਚ ਕਿਹਾ, ‘ਓਏ ਲੋਕੋ ਕਿਧਰ ਗਈ ਮੇਰੀ ਫੈਮਲੀ ਤਾਂ ਮੇਰੀ ਮਾਂ ਦੀ ਆਵਾਜ਼ ਆਈ, ਲੈ ਫੜ ਪਹਿਲਾਂ ਚਾਹ ਪੀ, ਦਿਨ ਚੜ੍ਹ ਗਿਆ ਤੇਰੀ ਫੈਮਲੀ ਅਜੇ ਕਿਸੇ ਮਾਂ ਨੇ ਜੰਮੀ ਹੀ ਨਹੀਂ । ਬੇਟਾ ਮੈਂ ਤਾਂ ਅਜੇ ਨੱਥੂ ਪਟਵਾਰੀ ਦੇ ਪੋਚਾ ਲਾਉਣ ਜਾਣਾ ਹੈ, ਤੇਰਾ ਬਾਪੂ ਮੱਘਰ ਕੂੰਡੇਭੰਨ ਦੇ ਦਿਹਾੜੀ ਕਰਨ ਚਲਾ ਗਿਆ ਹੈ ।’ ਮੈਂ ਅੱਜ ਦੇ ਜ਼ਮਾਨੇ ਵਿਚ ਸੁਪਨੇ ਦੀ ਦੁਨੀਆ ਵਿਚ ਗਰੀਬ ਲੋਕਾਂ ਨੂੰ ਲੱਖਪਤੀ ਹੁੰਦੇ ਹੋਏ ਤੇ ਲੁਟੇਰਿਆਂ ਨੂੰ ਨੰਗ ਹੁੰਦੇ ਵੇਖਿਆ ਹੈ ।