ਚੰਨ ਜੰਡਿਆਲਵੀ ਦੇ ਦੋ ਗੀਤ

ਮੈਂ ਰੰਗਲੀ ਰੂਹ ਪੰਜਾਬ ਦੀ, ਧਰਤੀ ਹਾਂ ਦੇਸ਼ ਦੁਆਬੇ ਦੀ।
ਮੇਰਾ ਕਿਣਕਾ ਧੂੜੀ ਕਾਂਸ਼ੀ ਦੀ, ਮੇਰਾ ਕਿਣਕਾ ਧੂੜੀ ਕਾਅਬੇ ਦੀ।
ਮੇਰਾ ਸਤਲੁਜ ਸੋਨਾ ਸ਼ੁਧ ਕੁੜੇ, ਜਿਨ ਬਖਸ਼ਿਆ ਅੰਮ੍ਰਿਤ ਬਾਟੇ ਦਾ।
ਮੇਰੀ ਬਿਆਸਾ ਤੇ ਭੰਡਾਰਾ ਏ, ਜਿਥੇ ਨਾਂ ਨਈਂ੍ਹ ਨਾਮ ਦੇ ਘਾਟੇ ਦਾ।
ਪਈ ਬਰਕਤ ਝੋਲੀਆਂ ਭਰਦੀ ਏ, ਬੜੀ ਰਹਿਮਤ ਨਾਨਕ ਬਾਬੇ ਦੀ।
ਮੇਰਾ ਕਿਣਕਾ ਧੂੜੀ ਕਾਂਸ਼ੀ ਦੀ, ਮੇਰਾ ਕਿਣਕਾ ਧੂੜੀ ਕਾਅਬੇ ਦੀ

ਇਕ ਵੱਖੀ ਮਾਲਵਾ ਵੱਸੇ ਰੱਸੇ, ਇਕ ਵੱਖੀ ਮਾਝਾ ਮਹਿਕੇ ਨੀਂ।
ਏਥੇ ਰੁੱਤਾਂ ਝੂੰਮਰ ਪੌਂਦੀਆਂ ਨੇ, ਸਾਵਣ ਵੀ ਬਹਿਕੇ ਟਹਿਕੇ ਨੀਂ।
ਕੋਈ ਖੜਾ ਉਡੀਕੇ ਭੱਤੇ ਨੂੰ, ਕੋਈ ਖਾਂਦਾ ਛਾਬੇ ਢਾਬੇ ਦੀ।
ਮੇਰਾ ਕਿਣਕਾ ਧੂੜੀ ਕਾਂਸ਼ੀ ਦੀ, ਮੇਰਾ ਕਿਣਕਾ ਧੂੜੀ ਕਾਅਬੇ ਦੀ

ਮੈਂ ਜਨਣੀ ਯੋਧਿਆਂ ਸੂਰਿਆਂ ਦੀ, ਮੈਨੂੰ ਮਾਣ ਮੇਰੀ ਮਰਯਾਦਾ ਤੇ।
ਮੈਂ ਸ਼ੁਕਰ ਮਨਾਵਾਂ ਥੋੜ੍ਹੀ ਵਿੱਚ, ਨਾ ਬਿਫਰੀ ਕਦੇ ਜ਼ਿਆਦਾ ਤੇ।
ਪੁੱਤ ਗਦਰੀ ਬੱਬਰ ਭਗਤ ਮੇਰੇ, ਸਕੀ ਮਾਸੀ ਊਧਮ ਸਰਾਭੇ ਦੀ।
ਮੇਰਾ ਕਿਣਕਾ ਧੂੜੀ ਕਾਂਸ਼ੀ ਦੀ, ਮੇਰਾ ਕਿਣਕਾ ਧੂੜੀ ਕਾਅਬੇ ਦੀ

ਮੈਨੂੰ ਰਾਗ ਸੁਣਾਉਂਦੀਆਂ ਰਾਗਣੀਆਂ, ਹਰਵੱਲਭ ਜਿਹੇ ਮੇਰੇ ਮੇਲੇ ਨੀਂ।
ਏਥੇ ਸੋਦਰੁ ਸੁਣਦੀ ਸ਼ਾਮ ਪਏ, ਤੇ ਆਸਾਂ ਅੰਮ੍ਰਿਤ ਵੇਲੇ ਨੀਂ।
ਮੇਰੇ ਵਾਰਿਸ ਚੰਨ ਜੰਡਿਆਲਵੀ ਜਿਹੇ, ਨਹੀਂ ਸ਼ੋਹਰਤ ਸ਼ੋਰ ਸ਼ਰਾਬੇ ਦੀ।
ਮੇਰਾ ਕਿਣਕਾ ਧੂੜੀ ਕਾਂਸ਼ੀ ਦੀ, ਮੇਰਾ ਕਿਣਕਾ ਧੂੜੀ ਕਾਅਬੇ ਦੀ
ਮੈਂ ਰੰਗਲੀ ਰੂਹ ਪੰਜਾਬੀ ਦੀ, ਹਾਂ ਧਰਤੀ ਦੇਸ਼ ਦੁਆਬੇ ਦੀ

————————–

ਆ ਜਾ ਆ ਜਾ

ਆ ਜਾ ਆ ਜਾ ਤਾਜ ਮਹਿਲ (ਦੇ) ਦੁਆਲੇ, ਆਪਾਂ ਵੀ ਲਾਈਏ ਫੁੱਲਝੜੀਆਂ।
ਮੋਹ ਮੁਹੱਬਤਾਂ ਤੇ ਮਜ਼੍ਹਬਾਂ ਵਿਚਾਲੇ, ਢਾਹ ਦਈਏ ਦੀਵਾਰਾਂ ਖੜੀਆਂ।

ਮਜ਼੍ਹਬ ਨਹੀਂ ਦੱਸਦਾ ਕਿਸੇ ਨਾਲ ਵੈਰ ਰੱਖਣਾ।
ਤੂੰ ਕੇਹਨਾਂ ਗੱਲਾਂ ਪਿੱਛੇ ਲੱਗਾ ਹੋਇਆ ਮੱਖਣਾ।
ਕੋਈ ਕਰਨ ਕਿਸਮਤਾਂ ਵਾਲੇ, ਇਹ ਮੁਲਾਕਾਤ ਦੋ ਘੜੀਆਂ।
ਮੋਹ ਮੁਹੱਬਤਾਂ ਤੇ ਮਜ਼੍ਹਬਾਂ ਵਿਚਾਲੇ, ਢਾਹ ਦਈਏ ਦੀਵਾਰਾਂ ਖੜੀਆਂ।

ਸੱਜਣਾਂ ਦੇ ਸੰਗ ਜਿਹੜੇ ਘੜੀ ਪਲ ਲੰਘਦੇ।
ਸੱਜਣਾਂ ਨੂੰ ਸੱਜਣਾਂ ਦੇ ਰੰਗ ਵਿੱਚ ਰੰਗਦੇ।
ਜੀਭ ਚੰਦਰੀ ਨੂੰ ਲੱਗ ਜਾਣ ਤਾਲੇ, ਨੈਣਾਂ ਨੇ ਨਿਮਾਜ਼ਾਂ ਪੜ੍ਹੀਆਂ।
ਮੋਹ ਮੁਹੱਬਤਾਂ ਤੇ ਮਜ਼੍ਹਬਾਂ ਵਿਚਾਲੇ, ਢਾਹ ਦਈਏ ਦੀਵਾਰਾਂ ਖੜੀਆਂ।

ਯਾਰ ਮਿਲੇ ਯਾਰ ਨੂੰ, ਦੀਦਾਰ ਹੁੰਦਾ ਰੱਬ ਦਾ।
ਬਿਰਹਾ ਵਿਛੋੜਾ ਨਿੱਤ, ਮੇਲ ਤਾਂ ਸਬੱਬ ਦਾ।
ਯਾਰਾਂ ਕਰਕੇ ਜ਼ਬਾਨੋਂ ਕੌਲ ਪਾਲੇ, ਰਹਿ ਗਈਆਂ ਝਨਾਵਾਂ ਚੜ੍ਹੀਆਂ।
ਮੋਹ ਮੁਹੱਬਤਾਂ ਤੇ ਮਜ਼੍ਹਬਾਂ ਵਿਚਾਲੇ, ਢਾਹ ਦਈਏ ਦੀਵਾਰਾਂ ਖੜੀਆਂ।

ਰੋਟੀ ਕਪੜਾ ਤੇ ਪੈਸਾ ਭੁੱਖ ਸੰਸਾਰ ਦੀ।
ਚੰਨ ਜੰਡਿਆਲਵੀ ਨੂੰ ਭੁੱਖ ਸੱਚੇ ਪਿਆਰ ਦੀ।
ਸਾਡੇ ਸੱਜਣਾਂ ਨੇ ਸੁਖ਼ਨ ਸੰਭਾਲੇ, (ਤੇ) ਗ਼ੈਰਾਂ ਦੀਆਂ ਹਿੱਕਾਂ ਸੜੀਆਂ।
ਮੋਹ ਮੁਹੱਬਤਾਂ ਤੇ ਮਜ਼੍ਹਬਾਂ ਵਿਚਾਲੇ, ਢਾਹ ਦਈਏ ਦੀਵਾਰਾਂ ਖੜੀਆਂ।
ਕੋਰਸ -ਆ ਜਾ ਆਜਾ ਆਪਾਂ ਵੀ ਲਾਈਏ ਫੁਲਝੜੀਆਂ