ਚਾਰ ਗ਼ਜ਼ਲਾਂ

                       ਜਦ ਤੋਂ ਬਣੇ ਨੇ  

ਜਦ ਤੋਂ ਬਣੇ ਨੇ ਲੋਕਾਂ ਵਿੱਚ ਧੜੇ,
ਯਾਰੋ, ਦਿਲੋਂ ਲੀਡਰ ਨੇ ਖੁਸ਼ ਬੜੇ।

ਫਲ ਛਾਂਟ ਕੇ ਧਨਵਾਨ ਲੈ ਗਿਆ,
ਨਿਰਧਨ ਲਈ ਰਹਿ ਗਏ ਗਲੇ, ਸੜੇ।

ਜਦ ਕੁੜੀਆਂ ਦੀ ਗਿਣਤੀ ਹੀ ਘੱਟ ਹੈ,
ਮੁੰਡੇ ਤਾਂ ਫਿਰ ਰਹਿਣੇ ਹੀ ਨੇ ਛੜੇ।

ਇਕ ਦਿਨ ਛਡਾ ਕੇ ਖਹਿੜਾ ਫਰਿਜ਼ਾਂ ਤੋਂ,
ਲੋਕਾਂ ਨੇ ਚਾਹਣੇ ਮਿੱਟੀ ਦੇ ਘੜੇ।

ਬਾਬੂਆਂ ਨੂੰ ਖੁਸ਼ ਕਰਨਾ ਪੈਂਦਾ ਹੈ,
ਜੇ ਕਰ ਕਢਾਣੇ ਹੋਣ ਕੰਮ ਅੜੇ।

ਹੋ ਜਾਣਗੇ ਫਿਰ ਉਹ ਹਰੇ, ਭਰੇ,
ਪੱਤੇ ਜਿਨ੍ਹਾਂ ਰੁੱਖਾਂ ਦੇ ਨੇ ਝੜੇ।

ਆਣਾ ਨਹੀਂ ਹੈ ਮੁੜ ਕੇ ‘ਮਾਨ’ਨੇ,
ਭਾਵੇਂ ਰਹੋ ਇੱਥੇ ਤੁਸੀਂ ਖੜੇ।

***
ਪੀ ਕੇ ਹੱਦੋਂ ਵਧ                                                                                                                      ਪੀ ਕੇ ਹੱਦੋਂ ਵਧ ਸ਼ਰਾਬ ,
ਸਿਹਤ ਨਾ ਤੂੰ ਕਰ ਖਰਾਬ ।

ਜਿਸ ਤੋਂ ਮਿਲਣੀ ਤੈਨੂੰ ਸਿੱਖਿਆ ,
ਤੂੰ ਪੜ੍ਹੇਂ ਨਾ ਉਹ ਕਿਤਾਬ ।

ਹੋਰਾਂ ਨੂੰ ਤੂੰ ਦੇ ਕੇ ਖ਼ਾਰ ,
ਭਾਲੇਂ ਉਹਨਾਂ ਤੋਂ ਗੁਲਾਬ ।

ਜੇ ਕਿਸੇ ਨੇ ਮੰਗੇ ਪੈਸੇ ,
ਦਿੱਤਾ ਉਸ ਨੂੰ ਤੂੰ ਜਵਾਬ ।

ਮਾਪਿਆਂ ਨੂੰ ਦੇ ਕੇ ਦੁੱਖ ,
ਸੁੱਖ ਨਾ ਭਾਲੋ ਜਨਾਬ ।

ਆਵੇ ਨਾ ਮਾਂ-ਪਿਉ ਨੂੰ ਨੀਂਦ ,
ਪੁੱਤ ਨਿਕਲੇ ਜਦ ਖਰਾਬ ।

ਨਸ਼ਿਆਂ ਦੇ ਸੌਦਾਗਰਾਂ ਨੂੰ ,
ਆਉ ਕਰੀਏ ਬੇਨਕਾਬ ।

***
ਅੱਜ ਕਲ੍ਹ
ਪਹਿਲੇ ਵਰਗੀ ਹੁਣ ਨਹੀਂ ਗੱਲ ਬਾਤ ਅੱਜ ਕਲ੍ਹ ,
ਘਰ ‘ਚ ਆਵੇ ਨਾ ਕੋਈ ਬਾਰਾਤ ਅੱਜ ਕਲ੍ਹ ।
ਘੁੰਮ ਕੇ ਦਿਨ ਸਾਰਾ ਥੱਕ ਜਾਂਦੇ ਨੇ ਸਾਰੇ ,
ਰਾਤ ਨੂੰ ਪਾਏ ਨਾ ਕੋਈ ਬਾਤ ਅੱਜ ਕਲ੍ਹ ।

ਲੋੜ ਹੁੰਦੀ ਹੈ ਜਦੋਂ ਫਸਲਾਂ ਨੂੰ ਇਸ ਦੀ ,
ਹੁੰਦੀ ਨਾ ਯਾਰੋ ਉਦੋਂ ਬਰਸਾਤ ਅੱਜ ਕਲ੍ਹ ।

ਕੱਲਾ ਕੋਈ ਘਰ ਤੋਂ ਬਾਹਰ ਨ੍ਹੀ ਜਾ ਸਕਦਾ ,
ਮਾੜੇ ਹੋ ਗਏ ਨੇ ਏਨੇ ਹਾਲਾਤ ਅੱਜ ਕਲ੍ਹ ।

ਆਸ ਅੱਜ ਕਲ੍ਹ ਰੱਖੋ ਨਾ ਯਾਰਾਂ ਤੋਂ ਬਹੁਤੀ ,
ਕਿਉਂ ਕਿ ਇਹ ਸੁਣਦੇ ਨਾ ਚੱਜਦੀ ਬਾਤ ਅੱਜ ਕਲ੍ਹ ।

ਚਾਰੇ ਪਾਸੇ ਨ੍ਹੇਰਾ ਹੈ ਤੇ ਕੁਝ ਦਿਸੇ ਨਾ ,
ਖ਼ਬਰੇ ਕਾਲੀ ਕਿਉਂ ਹੈ ਹਰ ਇਕ ਰਾਤ ਅੱਜ ਕਲ੍ਹ ?

ਕੁਝ ਤਾਂ ਮਾੜਾ ‘ਮਾਨ’ ਨਾ’ ਲੱਗਦਾ ਹੈ ਹੋਇਆ ,
ਉਹ ਕਰੇ ਨਾ ਚੱਜ ਨਾ’ ਗੱਲ ਬਾਤ ਅੱਜ ਕਲ੍ਹ ।

***
ਇਸ ਦੇਸ਼ ‘ਚ
ਇਸ ਦੇਸ਼ ‘ਚ ਐਸ਼ਾਂ ਕਰਦੇ ਨੇ  ਧਨਵਾਨ ਅਜੇ,
ਉਹ ਮਜ਼ਦੂਰਾਂ ਦਾ ਕਰਦੇ ਨੇ  ਅਪਮਾਨ ਅਜੇ।

ਉਹ ਸਭ ਕੁਝ ਧਨਵਾਨਾਂ ਨੂੰ ਦੇਈ ਜਾਂਦਾ ਹੈ,
ਮਜ਼ਦੂਰਾਂ ਨਾ’ ਰੁੱਸਿਆ ਲੱਗਦੈ ਭਗਵਾਨ ਅਜੇ।

ਫਸਲਾਂ ਦਾ ਪੂਰਾ ਮੁੱਲ ਉਨ੍ਹਾਂ ਨੂੰ ਮਿਲਦਾ ਨ੍ਹੀ ,
ਤਾਂ ਹੀ ਖੁਦਕੁਸ਼ੀਆਂ ਕਰਦੇ ਨੇ  ਕਿਰਸਾਨ ਅਜੇ।

ਲੱਗਦਾ ਹੈ ਉਸ ਨੇ ਫਸਲਾਂ ਦਾ ਕੁਝ ਨ੍ਹੀ ਛੱਡਣਾ,
ਪਰਸੋਂ ਦਾ ਚੱਲੀ ਜਾਂਦਾ ਹੈ ਤੂਫਾਨ ਅਜੇ।

ਇੱਥੇ ਬੰਦੇ ਤਾਂ ਘੁੰਮਦੇ ਫਿਰਦੇ ਨੇ ਬਥੇਰੇ,
ਪਰ ਮਿਲਣੇ ਮੁਸ਼ਕਿਲ ਨੇ ਯਾਰੋ, ਇਨਸਾਨ ਅਜੇ।

ਭੁੱਖੇ ਕਾਮੇ ਬੈਠੇ ਨੇ ਵਿਚਾਰੇ ਢਿੱਡ ਫੜਕੇ,
ਮਹਿੰਗਾ ਹੋਈ ਜਾਂਦੈ ਖਾਣ ਦਾ ਸਾਮਾਨ ਅਜੇ।

ਮੰਨ ਲਿਆ ਉਹ ਲਿਖ ਲੈਂਦਾ ਗ਼ਜ਼ਲਾਂ ਬਹਿਰਾਂ ਵਿੱਚ,
ਐਪਰ ਚੰਗਾ ਸ਼ਾਇਰ ਨ੍ਹੀ ਬਣਿਆ ‘ਮਾਨ’ਅਜੇ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554