ਕੰਮ ਵਿਗਾੜਿਆ ਬਸਮੇ ਨੇ

ਜੈਲਾ ਤੇ ਕੈਲਾ ਦੋਵੇਂ ਭਰਾ ਪਿੰਡ ਵਿਚ ਛੜੇ ਮਸ਼ਹੂਰ ਹੋ ਗਏ।। ਦੋਵਾਂ ਨੇ ਸਾਰੀ ਜ਼ਿੰਦਗੀ ਕੋਈ ਐਬ ਨਹੀਂ ਸੀ ਕੀਤਾ। ਵਿਚਾਰੇ ਚਤੁਰ ਵਿਚੋਲਿਆਂ ਦੀ ਬਦੌਲਤ ਛੜੇ ਰਹਿ ਗਏ, ਪੈਂਤੀ ਤੇ ਚਾਲ੍ਹੀ ਸਾਲ ਦੀ ਉਮਰ ਵਿਚ ਪਹੁੰਚ ਕੇ ਵਿਆਹ ਦੀ ਆਸ ਹੀ ਮੁਕਾ ਚੁੱਕੇ ਸਨ।। ਬਾਪੂ ਤਾਂ ਵਿਚਾਰਿਆਂ ਦਾ ਛੋਟੀ ਉਮਰੇ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਮਾਂ ਨੇ ਬੜੀਆਂ ਤੰਗੀਆਂ-ਤੁਰਸ਼ੀਆਂ ਕੱਟ-ਕੱਟ ਪਾਲੇ ਸਨ।। ਜਦੋਂ ਦੋਵੇਂ ਵੀਹ ਤੇ ਪੱਚੀ ਸਾਲ ਦੇ ਹੋਏ ਤਾਂ ਮਾਂ ਨੇ ਲੋਕਾਂ ਦੇ ਬੜੇ ਹਾੜੇ ਕੱਢੇ, ਤਰਲੇ ਪਾਏ ਕਿਤੋਂ ਕੋਈ ਘਰ ਸਾਂਭਣ ਵਾਲੀਆਂ ਨੂੰਹਾਂ ਆ ਜਾਣ ਪਰ ਕਿਤੇ ਵੀ ਜੋੜ ਨਾ ਮਿਲਿਆ। ਸ਼ਾਇਦ ਰੱਬ ਉਨ੍ਹਾਂ ਦੇ ਕਰਮਾਂ ਵਿਚ ਪਰਿਵਾਰ ਦੇ ਸੁੱਖ ਲਿਖਣੇ ਹੀ ਭੁੱਲ ਗਿਆ ਸੀ।। ਪੁੱਤਾਂ ਦੇ ਵਿਆਹਾਂ ਦਾ ਝੋਰਾ ਮਾਂ ਨੂੰ ਸਿਊਂਕ ਵਾਂਗੂੰ ਲੱਗ ਗਿਆ।। ਅੰਤ ਰੱਬ ਨੂੰ ਪਿਆਰੀ ਹੋ ਗਈ। ਵਿਚਾਰਿਆਂ ਨੂੰ ਹੋਰ ਵੀ ਬਿਪਤਾ ਖੜ੍ਹੀ ਹੋ ਗਈ।। ਬਿਪਤਾ ਵਿਚ ਫਸੇ ਬੰਦੇ ਨੂੰ ਘਟੀਆ ਤੋਂ ਘਟੀਆ ਬੰਦੇ ‘ਤੇ ਵੀ ਵਿਸ਼ਵਾਸ ਕਰਨਾ ਪੈਂਦਾ ਹੈ।।
ਫਿਰ ਠੱਗ ਵਿਚੋਲਿਆਂ ਨੇ ਉਨ੍ਹਾਂ ਦੀ ਖੂਬ ਚੱਕਰੀ ਘੁਮਾਈ।। ਕੋਈ ਆਪ ਖਾਣ ਦਾ ਮਾਰਾ ਆਖੇ ਕੁੜੀ ਵਾਲੇ ਵੀਹ ਹਜ਼ਾਰ ਰੁਪਈਆ ਮੰਗਦੇ ਐ। ਕੋਈ ਕੁੜੀ ਦਾ ਬਾਪੂ ਬਿਮਾਰ ਦੱਸ ਕੇ ਪੈਸੇ ਲੈ ਜਾਂਦਾ ਤੇ ਪੱਤਰੇ ਵਾਚ ਜਾਂਦਾ।। ਇਨ੍ਹਾਂ ਚੱਕਰਾਂ ਵਿਚ ਡੇਢ ਕਿੱਲਾ ਜ਼ਮੀਨ ਵੀ ਵਿਕ ਗਈ। ਕਿਤੇ ਗੱਲ ਰਾਸ ਨਾ ਆਈ।। ਅਖੀਰ ਪਿੰਡ ਦਾ ਇਕ ਸਿਆਣੀ ਉਮਰ ਦਾ ਬੰਦਾ ਰਿਸ਼ਤਾ ਕਰਵਾਉਣ ਲਈ ਤਿਆਰ ਹੋ ਗਿਆ।। ਜੈਲੇ-ਕੈਲੇ ਨੂੰ ਸਾਰੀ ਗੱਲ ਸਮਝਾ ਦਿੱਤੀ। ਭਾਈ! ਮੈਂ ਕੁੜੀ ਵਾਲਿਆਂ ਨੂੰ ਥੋਡੀ ਉਮਰ ਵੀਹ ਤੇ ਪੱਚੀ ਸਾਲ ਦੱਸੀ ਐ, ਤੁਸੀਂ ਆਪਣੇ ਸਿਰ ‘ਤੇ ਬਸਮਾ ਲਾ ਲਿਓ, ਕਿਤੇ ਮੇਰੀ ਬੇਇਜ਼ਤੀ ਨਾ ਕਰਾ ਦਿਓ।। ਦੋ ਕੁੜੀਆਂ ਨੇ ਅਗਲਿਆਂ ਦੇ, ਦੋਵਾਂ ਦਾ ਰਿਸ਼ਤਾ ਕਰ ਦੇਣਗੇ। ਸਾਰੇ ਪਿੰਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ।। ਲੋਕ ਵਿਚੋਲੇ ਨੂੰ ਸੌ-ਸੌ ਅਸੀਸਾਂ ਦੇ ਰਹੇ ਸਨ, ਜਿਸ ਨੇ ਜੈਲੇ ਤੇ ਕੈਲੇ ਦਾ ਪੁੰਨ ਖੱਟ ਲਿਆ ਸੀ।। ਕੁੜੀ ਵਾਲੇ ਵੇਖਣ ਆ ਗਏ।। ਬਸਮਾ ਸਿਰ ‘ਤੇ ਲਾ ਕੇ ਜੈਲਾ-ਕੈਲਾ ਜਦ ਉਨ੍ਹਾਂ ਦੇ ਨਜ਼ਰੀਂ ਚੜ੍ਹੇ ਤਾਂ ਜਚ ਗਏ। ਕੰਮ ਫਿਟ ਹੋ ਗਿਆ।। ਕਹਿੰਦੇ ਵੀਹ ਕੁ ਦਿਨਾਂ ਤੱਕ ਮੰਗਣਾ ਕਰਜਾਂਗੇ, ਨਾਲ ਵਿਆਹ ਦੇਜਾਂਗੇ।। ਜੈਲਾ ਤੇ ਕੈਲਾ ਖੁਸ਼ੀ ਵਿਚ ਖੀਵੇ ਹੋ ਗਏ, ਕੁੜੀਆਂ ਦਾ ਚਾਚਾ ਥੋੜ੍ਹੀ ਅੜਚਣ ਲਾ ਰਿਹਾ ਸੀ, ਮੁੰਡਿਆਂ ਦੀ ਉਮਰ ਵੱਡੀ ਲਗਦੀ ਐ।।ਵੀਹ ਕੁ ਦਿਨਾਂ ਬਾਅਦ ਮੰਗਣੇ ਦਾ ਦਿਨ ਆ ਗਿਆ। ਜੈਲੇ ਤੇ ਕੈਲੇ ਨੇ ਰਾਤ ਨੂੰ ਸਿਰਾਂ ‘ਤੇ ਬਸਮਾ ਲਾਇਆ। ਸਿਰ ਧੌਣ ਲੱਗੇ ਥੋੜ੍ਹੀ ਕਮੀ ਰਹਿ ਗਈ।। ਥੋੜ੍ਹਾ ਬਸਮਾ ਵਾਲਾਂ ਵਿਚ ਰਹਿ ਗਿਆ।। ਗਰਮੀ ਦੇ ਦਿਨ ਸਨ, ਮੰਗਣਾ ਹੋ ਗਿਆ। ਕੁੜੀਆਂ ਦੀ ਮਾਂ ਜਦ ਸਿਰ ਪਲੋਸਣ ਲੱਗੀ ਤਾਂ ਬਸਮਾ ਉਸ ਦੇ ਹੱਥਾਂ ਨੂੰ ਲੱਗ ਗਿਆ।। ਮਾਈ ਤਾਂ ਲੱਗ ਪਈ ਵਿਚੋਲੇ ਨੂੰ ਗਾਲਾਂ ਕੱਢਣ, ਕੁੜੀਆਂ ਦਾ ਚਾਚਾ ਆਖੇ ਮੈਂ ਤਾਂ ਪਹਿਲਾਂ ਈ ਆਖਿਆ ਸੀ ਕਿ ਮੁੰਡਿਆਂ ਦੀ ਉਮਰ ਵੱਡੀ ਐ, ਰੌਲਾ ਪੈ ਗਿਆ।। ਗੱਲ ਵਧ ਗਈ। ਰਿਸ਼ਤਾ ਟੁੱਟ ਗਿਆ। ਕੁੜੀ ਵਾਲੇ ਉੱਠ ਕੇ ਚਲੇ ਗਏ।। ਵਿਚੋਲਾ ਜੈਲੇ-ਕੈਲੇ ਨੂੰ ਬੁਰਾ-ਭਲਾ ਬੋਲਦਾ ਆਪਣੇ ਘਰ ਚਲਾ ਗਿਆ।। ਜੈਲਾ ਤੇ ਕੈਲਾ ਭੁੱਬੀਂ ਰੋਣ ਲੱਗ ਪਏ। ਪਿੰਡ ‘ਚ ਰਿਸ਼ਤਾ ਟੁੱਟਣ ਦੀ ਗੱਲ ਅੱਗ ਵਾਂਗੂੰ ਫੈਲ ਗਈ।। ਲੋਕੀਂ ਆਪਸ ਵਿਚ ਗੱਲਾਂ ਕਰ ਰਹੇ ਸਨ। ਰਿਸ਼ਤਾ ਤਾਂ ਪੱਕਾ ਹੋ ਗਿਆ ਸੀ, ਬਸਮੇ ਨੇ ਕੰਮ ਵਿਗਾੜ ਦਿੱਤਾ।। ਬੱਚਿਆਂ ਨੇ ਤੁਕ ਬਣਾ ਲਈ:
ਜੈਲਾ ਕੈਲਾ ਘੋੜੀ ਚੜ੍ਹ ਜਾਂਦੇ,
ਕੰਮ ਵਿਗਾੜਿਆ ਬਸਮੇ ਨੇ।
ਜਦ ਕੋਈ ਬੱਚਾ ਇਹ ਆਖ ਕੇ ਭੱਜ ਜਾਂਦਾ ਤਾਂ ਖਿਝ ਕੇ ਜੈਲਾ ਤੇ ਕੈਲਾ ਗਾਲ੍ਹਾਂ ਕੱਢਣ ਲੱਗ ਜਾਂਦੇ।।